ਬਠਿੰਡਾ ’ਚੋਂ ਕਈ ਕਿਸਾਨ ਆਗੂ ਗ੍ਰਿਫਤਾਰ
ਮਨੋਜ ਸ਼ਰਮਾ
ਬਠਿੰਡਾ, 5 ਮਈ
ਪੰਜਾਬ ਸਰਕਾਰ ਦੇ ਹੁਕਮਾਂ ਦੇ ਅਧੀਨ ਅੱਜ ਬਠਿੰਡਾ ਜ਼ਿਲ੍ਹੇ ’ਚ ਭਾਰਤੀ ਕਿਸਾਨ ਯੂਨੀਅਨ (ਏਕਤਾ ਸਿੱਧੂ) ਨਾਲ ਸੰਬੰਧਤ ਕਿਸਾਨ ਆਗੂਆਂ ਦੇ ਘਰਾਂ ’ਤੇ ਪੁਲੀਸ ਵੱਲੋਂ ਵੱਡੀ ਗਿਣਤੀ ’ਚ ਫੋਰਸ ਲੈ ਕੇ ਛਾਪੇ ਮਾਰੇ ਗਏ। ਦੱਸਣਯੋਗ ਹੈ ਕਿ ਬੀਕੇਯੂ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਵੱਲੋਂ 6 ਮਈ ਨੂੰ ਸ਼ੰਭੂ ਥਾਣੇ ਅੱਗੇ ਧਰਨੇ ’ਤੇ ਬੈਠਣ ਦਾ ਐਲਾਨ ਕੀਤਾ ਹੋਇਆ ਸੀ। ਕਿਸਾਨ ਆਗੂ, ਕਾਕਾ ਸਿੰਘ ਕੋਟੜਾ (ਜ਼ਿਲ੍ਹਾ ਜਨਰਲ ਸਕੱਤਰ, ਪੰਜਾਬ) ਨੂੰ ਗ੍ਰਿਫਤਾਰ ਕਰਕੇ ਕਿਸੇ ਅਣਜਾਣ ਥਾਂ ’ਤੇ ਲਿਜਾਇਆ ਗਿਆ ਹੈ। ਇਸ ਤਰ੍ਹਾਂ ਹੀ ਰੇਸ਼ਮ ਸਿੰਘ ਯਾਤਰੀ (ਜ਼ਿਲ੍ਹਾ ਸਕੱਤਰ, ਬਠਿੰਡਾ) ਦੇ ਘਰ ’ਤੇ ਵੀ ਰਾਤ 3 ਵਜੇ ਪੁਲੀਸ ਵੱਲੋਂ ਛਾਪਾ ਮਾਰਿਆ ਗਿਆ ਪਰ ਯਾਤਰੀ ਉਨ੍ਹਾਂ ਦੇ ਹੱਥ ਨਹੀਂ ਆਏ। ਇਸ ਤੋਂ ਇਲਾਵਾ ਬਲਦੇਵ ਸਿੰਘ ਸਦੋਹਾ (ਜ਼ਿਲਾ ਪ੍ਰਧਾਨ) ਅਤੇ ਮਖਤਿਆਰ ਸਿੰਘ ਰਾਜਗੜ੍ਹ ਕੁੱਬੇ ਨੂੰ ਗ੍ਰਿਫਤਾਰ ਕਰਕੇ ਥਾਣੇ ’ਚ ਰੱਖ ਲਿਆ ਗਿਆ ਹੈ। ਭਾਰਤੀ ਕਿਸਾਨ ਯੂਨੀਅਨ (ਏਕਤਾ ਸਿੱਧੂ) ਵੱਲੋਂ ਇਸ ਕਾਰਵਾਈ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਹੈ। ਆਗੂਆਂ ਦਾ ਕਹਿਣਾ ਹੈ ਕਿ ਇਹ ਕਾਰਵਾਈ ਲੋਕਤੰਤਰ ਅਤੇ ਕਿਸਾਨੀ ਆਵਾਜ਼ ਨੂੰ ਕੁਚਲਣ ਦੀ ਕੋਸ਼ਿਸ਼ ਹੈ।