ਕੋਟਭਾਈ ਰਜਵਾਹਾ ਟੁੱਟਣ ਕਾਰਨ ਵਿਰਕ ਕਲਾਂ ਦੀ 30 ਏਕੜ ਜ਼ਮੀਨ ’ਚ ਪਾਣੀ ਭਰਿਆ
ਮਨੋਜ ਸ਼ਰਮਾ
ਬਠਿੰਡਾ, 5 ਮਈ
ਬਠਿੰਡਾ ਜ਼ਿਲ੍ਹੇ ਦੇ ਪਿੰਡ ਵਿਰਕ ਕਲਾਂ ਨੇੜੇ ਬੀਤੀ ਰਾਤ ਚੱਲੀਆਂ ਤੂਫ਼ਾਨੀ ਹਵਾਵਾਂ, ਮੀਂਹ ਤੇ ਝੱਖੜ ਕਾਰਨ ਰਜਵਾਹੇ ਵਿੱਚ ਪਾੜ ਗਿਆ, ਜਿਸ ਕਾਰਨ ਲਗਪੱਗ 30 ਏਕੜ ਜ਼ਮੀਨ ਵਿੱਚ ਪਾਣੀ ਭਰ ਗਿਆ। ਇਸ ਘਟਨਾ ਨਾਲ ਕਿਸਾਨਾਂ ਦੀਆਂ ਸਬਜ਼ੀਆਂ ਤੇ ਖੇਤਾਂ ਵਿੱਚ ਪਈ ਤੂੜੀ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ। ਪ੍ਰਾਪਤ ਮਿਲੀ ਜਾਣਕਾਰੀ ਅਨੁਸਾਰ, ਰਜਵਾਹੇ ਵਿੱਚ ਬੁਰਜੀ ਨੰਬਰ 100 ਲਿਫਟ ਸਾਈਡ ਤੋਂ ਕੁਟੀਆ ਬਾਬਾ ਵੰਸਿਧਰ ਨੇੜੇ ਦਰੱਖਤਾਂ ਦੇ ਟਾਹਣੇ ਫਸ ਜਾਣ ਕਾਰਨ ਲਗਭਗ 40 ਫੁੱਟ ਦੇ ਕ਼ਰੀਬ ਕਿਸਾਨ ਸ਼ੰਭੂ ਦਿਆਲ ਸ਼ਰਮਾ ਅਤੇ ਸਖਦੇਵ ਰਾਮ ਦੀ ਜ਼ਮੀਨ ਦੇ ਮੱਥੇ ’ਚ ਪਿਆ ਦੱਸਿਆ ਜਾ ਰਿਹਾ। ਕਿਸਾਨ ਸ਼ੰਭੂ ਦਿਆਲ ਸ਼ਰਮਾ ਅਤੇ ਰੋਹਿਤ ਵਿਰਕ ਨੇ ਦੱਸਿਆ ਕਿ ਕਿ ਸਵੇਰ 4 ਵਜੇ ਇਹ ਪਾੜ ਪਿਆ। ਇਸ ਬਾਰੇ ਕਿਸਾਨਾਂ ਵੱਲੋਂ ਰਜਵਾਹਾ ਟੁੱਟਣ ਦੀ ਸੂਚਨਾ 6 ਵਜੇ ਦੇ ਕ਼ਰੀਬ ਨਹਿਰ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੀ। ਪਰ ਇਸ ਦੇ ਬਾਵਜੂਦ ਕਰਮਚਾਰੀ 10.30 ਵਜੇ ਤੱਕ ਮੌਕੇ ’ਤੇ ਪੁੱਜੇ। ਕਿਸਾਨ ਰੋਹਿਤ ਵਿਰਕ ਮੁਤਾਬਕ ਉਸ ਨੇ ਆਪਣੇ ਅੱਧਾ ਏਕੜ ਰਕਬੇ ਵਿੱਚ ਕੱਦੂ, ਪੇਠਾ ਅਤੇ ਪਿਆਜ਼ਾ ਲਾਏ ਹੋਏ ਸਨ, ਜੋ ਪਾਣੀ ਵਿਚ ਡੁੱਬਣ ਕਾਰਨ ਬੁਰੀ ਤਰ੍ਹਾਂ ਨੁਕਸਾਨੇ ਗਈ ਹਨ। ਇਸ ਤੋਂ ਇਲਾਵਾ, ਖੇਤਾਂ ਵਿੱਚ ਤੂੜੀ ਦੇ ਰਕਬੇ ਸਮੇਤ ਅਮਰੂਦਾਂ ਦੇ ਬਾਗ ਵਿੱਚ ਪਾਣੀ ਭਰਨ ਅਤੇ ਪਸ਼ੂਆਂ ਲਈ ਬੀਜਿਆ ਚਾਰਾ ਵੀ ਨੁਕਸਾਨਿਆ ਗਿਆ। ਕਿਸਾਨਾਂ ਨੇ ਨਹਿਰ ਵਿਭਾਗ ਦੀ ਲਾਪਰਵਾਹੀ ’ਤੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।
ਇਸ ਮਾਮਲੇ ਵਿੱਚ ਨਹਿਰ ਵਿਭਾਗ ਦੇ ਐਕਸੀਅਨ ਸੁਖਜੀਤ ਸਿੰਘ ਰੰਧਾਵਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਰਜਵਾਹੇ ਵਿੱਚ ਪਾਣੀ ਘਟਾ ਦਿੱਤਾ ਗਿਆ ਹੈ ਅਤੇ ਪਾੜ ਨੂੰ ਪੂਰਨ ਦਾ ਕੰਮ ਜਾਰੀ ਹੈ।