ਆਟਾ-ਦਾਲ ਸਕੀਮ ਦੇ ਲਾਭ ਤੋਂ ਵਾਂਝਾ ਕਰਨ ਖ਼ਿਲਾਫ਼ ਰੋਸ
ਪੱਤਰ ਪ੍ਰੇਰਕ
ਤਰਨ ਤਾਰਨ, 11 ਜੂਨ
ਇਲਾਕੇ ਦੇ ਪਿੰਡ ਮੀਆਂਪੁਰ ਵਿੱਚ ਮਨਰੇਗਾ ਵਰਕਰਾਂ ਦੀ ਅੱਜ ਮੀਟਿੰਗ ਵਿੱਚ ਆਟਾ ਦਲ ਸਕੀਮ ਦੇ ਲਾਭਪਾਤਰੀਆਂ ਦੀ ਸੂਚੀ ਵਿੱਚੋਂ ਉਨ੍ਹਾਂ ਦੇ ਨਾਂ ਕੱਟ ਦੇਣ ਖਿਲਾਫ਼ ਤਿੱਖੇ ਰੋਸ ਦਾ ਪ੍ਰਗਟਾਵਾ ਕਰਦਿਆਂ ਸਰਕਾਰ ਨੂੰ ਗਰੀਬ ਵਰਗਾਂ ਦੇ ਲੋਕਾਂ ਦੇ ਹਿੱਤਾਂ ਨਾਲ ਖਿਲਵਾੜ ਕਰਨ ਤੋਂ ਬਾਜ਼ ਆਉਣ ਦੀ ਸਲਾਹ ਦਿੱਤੀ ਗਈ। ਮੀਟਿੰਗ ਵਿੱਚ ਇਕੱਤਰ ਹੋਏ ਲੋਕਾਂ ਨੂੰ ਜਮਹੂਰੀ ਕਿਸਾਨ ਸਭਾ ਦੇ ਸੂਬਾ ਆਗੂ ਪਰਗਟ ਸਿੰਘ ਜਾਮਾਰਾਏ ਤੋਂ ਇਲਾਵਾ ਹੋਰਨਾਂ ਜਨਤਕ ਜਥੇਬੰਦੀਆਂ ਦੇ ਆਗੂ ਬਲਦੇਵ ਸਿੰਘ ਪੰਡੋਰੀ, ਅਮਰਜੀਤ ਸਿੰਘ ਕੋਟਲੀ, ਨਰਿੰਦਰ ਸਿੰਘ ਫੌਜੀ ਸਮੇਤ ਹੋਰਨਾਂ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਲੋਕਾਂ ਨੂੰ ‘ਬਦਲਾਅ’ ਦੇ ਸੁਪਨੇ ਦਿਖਾ ਕੇ ਸੱਤਾ ਵਿੱਚ ਆਈ ਸਰਕਾਰ ਵਲੋਂ ਚਾਰ ਮਹੀਨਿਆਂ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਦੋ ਵਾਰ ਵਾਧਾ ਕਰਕੇ ਕਿਸਾਨ-ਮਜ਼ਦੂਰ ਅਤੇ ਆਮ ਲੋਕਾਂ ਦੇ ਸਿਰ ‘ਤੇ ਭਾਰੀ ਆਰਥਿਕ ਬੋਝ ਪਾਇਆ ਜਾ ਰਿਹਾ ਹੈ| ਗਰੀਬ ਵਰਗਾਂ ਦੇ ਲੋਕਾਂ ਨੂੰ ਪਹਿਲਾਂ ਤੋਂ ਸੰਘਰਸ਼ ਕਰਕੇ ਪ੍ਰਾਪਤ ਕੀਤੀਆਂ ਸਹੂਲਤਾਂ ਤੋਂ ਵਾਂਝਿਆਂ ਕੀਤਾ ਜਾ ਰਿਹਾ ਹੈ| ਪਿੰਡਾਂ ਦੇ ਲੋਕਾਂ ਨੂੰ ਮਨਰੇਗਾ ਸਕੀਮ ਦੇ ਰੁਜ਼ਗਾਰ ਤੋਂ ਜਿਥੇ ਹਟਾਇਆ ਜਾ ਰਿਹਾ ਹੈ ਉਥੇ ਪਹਿਲਾਂ ਤੋਂ ਕਰਵਾਏ ਕੰਮ ਦੇ ਪੈਸੇ ਦੇਣ ਤੋਂ ਆਨਾ-ਕਾਨੀ ਕੀਤੀ ਜਾ ਰਹੀ ਹੈ।