ਕਾਰਲ ਮਾਰਕਸ ਦੇ ਜਨਮ ਦਿਨ ’ਤੇ ਮਨਰੇਗਾ ਮਜ਼ਦੂਰਾਂ ਵੱਲੋਂ ਧਰਨਾ
ਪੱਤਰ ਪ੍ਰੇਰਕ
ਤਰਨ ਤਾਰਨ, 5 ਮਈ
ਦੁਨੀਆਂ ਨੂੰ ਲੁੱਟ ਰਹਿਤ ਸਮਾਜ ਦੀ ਸਿਰਜਣਾ ਕਰਨ ਦਾ ਵਿਲੱਖਣ ਸਿਧਾਂਤ ਦੇਣ ਵਾਲੇ ਕਾਰਲ ਮਾਰਕਸ ਦੇ ਜਨਮ ਦਿਨ ’ਤੇ ਮਨਰੇਗਾ ਵਰਕਰਜ਼ ਯੂਨੀਅਨ ਤੇ ਦਿਹਾਤੀ ਮਜ਼ਦੂਰ ਸਭਾ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਾਹਮਣੇ ਧਰਨਾ ਦਿੱਤਾ ਗਿਆ। ਧਰਨਾਕਾਰੀਆਂ ਦੀ ਅਗਵਾਈ ਮਜ਼ਦੂਰ ਆਗੂ ਮੀਨਾ ਕੌਰ ਸਰਪੰਚ ਚੀਮਾ ਖੁਰਦ ਸ਼ੁੱਕਰਚੱਕ ਅਤੇ ਜਸਬੀਰ ਸਿੰਘ ਵੈਰੋਵਾਲ ਨੇ ਕੀਤੀ।
ਇਕੱਠ ਨੂੰ ਮਜ਼ਦੂਰ ਆਗੂ ਗੁਰਨਾਮ ਸਿੰਘ ਦਾਉਦ, ਚਮਨ ਲਾਲ ਦਰਾਜਕੇ, ਬਲਦੇਵ ਸਿੰਘ ਪੰਡੋਰੀ, ਨਰਿੰਦਰ ਸਿੰਘ ਰਟੋਲ ਸਮੇਤ ਹੋਰਨਾਂ ਨੇ ਸੰਬੋਧਨ ਕਰਦਿਆਂ ਦੇਸ਼ ਅੰਦਰ ਘੱਟ ਗਿਣਤੀਆਂ ’ਤੇ ਹਮਲੇ ਕੀਤੇ ਜਾਣ ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਆਗੂਆਂ ਦੇਸ਼ ਅੰਦਰ ਧਰਮ ਨਿਰਪੱਖ ਅਤੇ ਸੰਘੀ ਢਾਂਚੇ ਨੂੰ ਕਰੂਪ ਕਰਨ ਦੀਆਂ ਚਾਲਾਂ ਤੋਂ ਲੋਕਾਂ ਨੂੰ ਸੁਚੇਤ ਕੀਤਾ। ਬੁਲਾਰਿਆਂ ਮਨਰੇਗਾ ਦੇ ਫੰਡਾਂ ਵਿੱਚ ਕੀਤੀ ਜਾ ਰਹੀ ਕਟੌਤੀ ਰੋਕੇ ਜਾਣ, ਮਨਰੇਗਾ ਵਰਕਰਾਂ ਦੇ ਮਿਹਨਤਾਨੇ ਵਿੱਚ ਵਾਧਾ ਕੀਤੇ ਜਾਣ ਅਤੇ ਦਿਹਾੜੀ ਦਾ ਸਮਾਂ ਅੱਠ ਘੰਟੇ ਤਕ ਤੱਕ ਹੀ ਰਹਿਣ ’ਤੇ ਜ਼ੋਰ ਦਿੱਤਾ| ਇਸ ਮੌਕੇ ਜਸਵੰਤ ਸਿੰਘ, ਮਾਸਟਰ ਬਲਦੇਵ ਸਿੰਘ ਕੱਲਾ, ਧਰਮ ਸਿੰਘ ਤੇ ਰੇਸ਼ਮ ਸਿੰਘ ਨੇ ਵੀ ਸੰਬੋਧਨ ਕੀਤਾ।