ਘਰ ਵਿੱਚ ਅੱਗ ਲੱਗੀ, ਲੱਖਾਂ ਦਾ ਸਾਮਾਨ ਸੁਆਹ
ਪੱਤਰ ਪ੍ਰੇਰਕ
ਪਠਾਨਕੋਟ, 3 ਜੂਨ
ਇੱਥੇ ਪੁਸ਼ਪ ਸਿਨੇਮਾ ਦੇ ਪਿੱਛੇ ਸਥਿਤ ਘਰ ਵਿੱਚ ਦੁਪਹਿਰੇ ਅੱਗ ਲੱਗ ਗਈ ਜਿਸ ਨਾਲ ਕਮਰੇ ਵਿੱਚ ਰੱਖਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਪਰਿਵਾਰ ਵਾਲਿਆਂ ਨੇ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ। ਇਸ ’ਤੇ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ’ਤੇ ਪੁੱਜੀ ਅਤੇ ਫਾਇਰ ਮੁਲਾਜ਼ਮਾਂ ਨੇ ਅੱਧੇ ਘੰਟੇ ਦੀ ਕੜੀ ਮੁਸ਼ੱਕਤ ਬਾਅਦ ਅੱਗ ’ਤੇ ਕਾਬੂ ਪਾ ਲਿਆ। ਇਸ ਦੇ ਚਲਦੇ ਵੱਡਾ ਹਾਦਸਾ ਹੋਣੋਂ ਟਲ ਗਿਆ। ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਮਾਲੀ ਨੁਕਸਾਨ ਹੋਇਆ ਹੈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ।
ਪੀੜਤ ਭੂਸ਼ਣ ਵਰਮਾ ਨੇ ਦੱਸਿਆ ਕਿ ਉਹ ਆਪਣੇ ਕਮਰੇ ਅੰਦਰ ਸੁੱਤੇ ਪਈ ਸਨ ਕਿ ਉਨ੍ਹਾਂ ਨੂੰ ਕੁਝ ਸੜਨ ਦੀ ਬਦਬੂ ਆਈ ਅਤੇ ਜਦ ਉਨ੍ਹਾਂ ਬਾਹਰ ਜਾ ਕੇ ਦੇਖਿਆ ਤਾਂ ਪਿੱਛੇ ਵਾਲੇ ਕਮਰੇ ਵਿੱਚੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ। ਉਨ੍ਹਾਂ ਬਾਲਟੀਆਂ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਵਧ ਚੁੱਕੀ ਸੀ। ਇਸ ’ਤੇ ਉਸ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਫੋਨ ’ਤੇ ਸੂਚਿਤ ਕੀਤਾ ਅਤੇ ਫਾਇਰ ਬ੍ਰਿਗੇਡ ਦੀ ਗੱਡੀ ਨੇ ਅੱਗ ’ਤੇ ਕਾਬੂ ਪਾਇਆ। ਉਸ ਨੇ ਅੱਗੇ ਦੱਸਿਆ ਕਿ ਉਹ ਪ੍ਰਿੰਟਿੰਗ ਦਾ ਕੰਮ ਕਰਦਾ ਹੈ। ਜਿਸ ਦੇ ਚਲਦੇ ਕਮਰੇ ਅੰਦਰ ਰੱਖੇ ਮਹਿੰਗੇ ਕੈਲੰਡਰ, ਫਰਨੀਚਰ ਅਤੇ ਹੋਰ ਲੱਕੜੀ ਦਾ ਸਾਮਾਨ ਵੀ ਸੜ ਕੇ ਸੁਆਹ ਹੋ ਗਿਆ। ਇਸ ਵਿੱਚ ਉਸ ਦਾ ਲੱਖਾਂ ਰੁਪਇਆਂ ਦਾ ਨੁਕਸਾਨ ਹੋ ਗਿਆ ਹੈ। ਫਾਇਰ ਬ੍ਰਿਗੇਡ ਮੁਲਾਜ਼ਮ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਜਿਉਂ ਹੀ ਸੂਚਨਾ ਮਿਲੀ ਤਾਂ ਉਹ ਆਪਣੇ ਦਲ ਬਲ ਨਾਲ ਮੌਕੇ ਤੇ ਪੁੱਜੇ ਅਤੇ ਹੁਣ ਅੱਗ ’ਤੇ ਕਾਬੂ ਪਾਇਆ।