ਖੇਤੀਬਾੜੀ ਟੀਮਾਂ ਨੇ ਕੀਤਾ ਲੀਚੀ ਦੇ ਬਾਗਾਂ ਦਾ ਦੌਰਾ
ਪੱਤਰ ਪ੍ਰੇਰਕ
ਪਠਾਨਕੋਟ, 5 ਮਈ
ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਖੇਤੀ ਵਿਗਿਆਨ ਕੇਂਦਰ ਘੋਹ ਪਠਾਨਕੋਟ ਦੇ ਵਿਗਿਆਨੀ ਡਾ. ਨਵਪ੍ਰੇਮ ਸਿੰਘ ਅਤੇ ਸਹਾਇਕ ਪ੍ਰੋਫੈਸਰ (ਫਲ ਵਿਗਿਆਨ) ਡਾ. ਮਨੂ ਤਿਆਗੀ ਵੱਲੋਂ ਪਠਾਨਕੋਟ ਜ਼ਿਲ੍ਹੇ ਵਿੱਚ ਲੀਚੀ ਦੇ ਬਾਗਾਂ ਦਾ ਦੌਰਾ ਕੀਤਾ ਗਿਆ ਅਤੇ ਕਿਸਾਨਾਂ ਨੂੰ ਲੀਚੀ ਦੇ ਬਾਗਾਂ ਦੀ ਦੇਖਭਾਲ ਦੀ ਜਾਣਕਾਰੀ ਦਿੱਤੀ ਗਈ।
ਡਾ. ਨਵਪ੍ਰੇਮ ਸਿੰਘ ਨੇ ਕਿਸਾਨਾਂ ਨੂੰ ਲੀਚੀ ਦੇ ਬਾਗਾਂ ਵਿੱਚ ਬਰਸੀਮ ਦੀ ਖੇਤੀ ਨਾ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਬਰਸੀਮ ਦੀ ਜਗ੍ਹਾ ਤੇ ਹੋਰ ਕੋਈ ਫਸਲ ਜਿਵੇਂ ਦਾਲਾਂ, ਸਬਜ਼ੀਆਂ, ਆੜੂ ਆਦਿ ਲਗਾ ਸਕਦੇ ਹੋ। ਇਨ੍ਹਾਂ ਹੋਰ ਫਸਲਾਂ ਦੇ ਲਗਾਉਣ ਨਾਲ ਚੰਗੀ ਆਮਦਨੀ ਵੀ ਹੋਵੇਗੀ ਅਤੇ ਨਦੀਮ ਵੀ ਕੰਟਰੋਲ ਵਿੱਚ ਰਹਿੰਦਾ ਹੈ। ਜਦ ਲੀਚੀ ਦਾ ਬਾਗ ਜ਼ਿਆਦਾ ਆਮਦਨ ਦੇਣ ਲੱਗ ਪਵੇ ਤਾਂ ਉਸ ਵੇਲੇ ਬੀਜੀ ਗਈ ਹੋਰ ਫਸਲ ਨੂੰ ਕੱਢ ਦੇਣਾ ਚਾਹੀਦਾ ਹੈ। ਉਨ੍ਹਾਂ ਕਿਸਾਨਾਂ ਨੂੰ ਲੀਚੀ ਦੇ ਬਾਗਾਂ ਲਈ ਸਿੰਜਾਈ ਦੀ ਮਹੱਤਤਾ ਬਾਰੇ ਵੀ ਦੱਸਿਆ ਤੇ ਫਲ ਲੱਗੇ ਦਰਖਤਾਂ ਨੂੰ ਮਈ ਦੇ ਦੂਸਰੇ ਹਫਤੇ ਤੋਂ ਜੂਨ ਦੇ ਆਖਰੀ ਹਫਤੇ ਤੱਕ ਪਾਣੀ ਦੇਣ ਦੀ ਸਲਾਹ ਦਿੱਤੀ। ਡਾ. ਮਨੂ ਤਿਆਗੀ ਨੇ ਕਿਸਾਨਾਂ ਨੂੰ ਦੱਸਿਆ ਕਿ ਲੀਚੀ ਦੇ ਬਾਗ ਨੂੰ ਤੇਜ਼ ਹਵਾਵਾਂ ਤੋਂ ਬਚਾਉਣਾ ਵੀ ਬਹੁਤ ਜ਼ਰੂਰੀ ਹੈ ਅਤੇ ਇਸ ਲਈ ਕਿਸਾਨਾਂ ਨੂੰ ਲੀਚੀ ਦੇ ਬਾਗ ਦੇ ਆਸ-ਪਾਸ ਉੱਚੇ-ਉੱਚੇ ਦਰੱਖਤ ਜਿਵੇਂ ਸਫੈਦਾ, ਦੇਸੀ ਅੰਬ, ਜਾਮੁਨ, ਸ਼ਹਿਤੂਤ ਆਦਿ ਲਗਾਉਣੇ ਚਾਹੀਦੇ ਹਨ।