Punjab News ਘੱਲੂਘਾਰਾ ਦਿਵਸ: ਦਲ ਖਾਲਸਾ ਦੇ ਸੱਦੇ ’ਤੇ ਸਾਕਾ ਨੀਲਾ ਤਾਰਾ ਦੀ ਵਰ੍ਹੇਗੰਢ ਮੌਕੇ ਅੰਮ੍ਰਿਤਸਰ ਮੁਕੰਮਲ ਬੰਦ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 6 ਜੂਨ
ਜੂਨ 1984 ਸਾਕਾ ਨੀਲਾ ਤਾਰਾ ਫੌਜੀ ਹਮਲੇ ਦੀ 41 ਵਰ੍ਹੇਗੰਢ ਮੌਕੇ ਰੋਸ ਵਜੋਂ ਅੱਜ ਦਲ ਖਾਲਸਾ ਜਥੇਬੰਦੀ ਵੱਲੋਂ ਅੰਮ੍ਰਿਤਸਰ ਬੰਦ ਦੇ ਦਿੱਤੇ ਗਏ ਸੱਦੇ ਤਹਿਤ ਸ਼ਹਿਰ ਵਿੱਚ ਮੁਕੰਮਲ ਬੰਦ ਰਿਹਾ।
ਸ੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਦੀਆਂ ਦੁਕਾਨਾਂ ਤੇ ਹੋਰ ਕਾਰੋਬਾਰ, ਸ਼ਹਿਰ ਵਿੱਚ ਵੱਖ-ਵੱਖ ਬਜ਼ਾਰਾਂ ਵਿੱਚ ਦੁਕਾਨਾਂ ਆਦਿ ਬੰਦ ਰਹੀਆਂ ਹਨ। ਇਸ ਦੌਰਾਨ ਸੜਕਾਂ ’ਤੇ ਆਵਾਜਾਈ ਨਿਰੰਤਰ ਚਲਦੀ ਰਹੀ ਹੈ, ਮੈਡੀਕਲ ਸਹੂਲਤਾਂ ਅਤੇ ਹੋਰ ਸਹੂਲਤਾਂ ਵਾਲੇ ਅਦਾਰੇ ਵੀ ਖੁੱਲ੍ਹੇ ਰਹੇ ਹਨ।
ਦਲ ਖਾਲਸਾ ਜਥੇਬੰਦੀ ਵੱਲੋਂ ਆਪਣੀਆਂ ਹੋਰ ਹਮਖ਼ਿਆਲੀ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਬੀਤੀ ਸ਼ਾਮ ਸ਼ਹਿਰ ਵਿੱਚ ਘੱਲੂਘਾਰਾ ਮਾਰਚ ਕੱਢਿਆ ਗਿਆ ਸੀ। ਇਸ ਦੌਰਾਨ ਅੱਜ ਵੀ ਜਥੇਬੰਦੀ ਦੇ ਮੈਂਬਰ ਸਵੇਰੇ ਸ੍ਰੀ ਦਰਬਾਰ ਸਾਹਿਬ ਵਿਖੇ ਇਕੱਠੇ ਹੋਏ ਸਨ ਤੇ ਘੱਲੂਘਾਰਾ ਦਿਵਸ ਸਮਾਗਮ ਵਿੱਚ ਸ਼ਮੂਲੀਅਤ ਕੀਤੀ।

ਬਾਅਦ ਵਿੱਚ ਉਹ ਜਥੇਬੰਦੀ ਦੇ ਆਗੂ ਕੰਵਰਪਾਲ ਸਿੰਘ ਅਤੇ ਪਰਮਜੀਤ ਸਿੰਘ ਮੰਡ ਦੀ ਅਗਵਾਈ ਹੇਠ ਵੱਖ ਵੱਖ ਬਜ਼ਾਰਾਂ ਵਿੱਚੋਂ ਪੈਦਲ ਮਾਰਚ ਕਰਦੇ ਹੋਏ ਹਾਲ ਗੇਟ ਤੱਕ ਪੁੱਜੇ, ਜਿੱਥੇ ਉਹਨਾਂ ਨੇ ਮੀਡੀਆ ਨੂੰ ਸੰਬੋਧਨ ਵੀ ਕੀਤਾ।
ਇਸ ਦੌਰਾਨ ਬੱਸ ਅੱਡੇ ਤੋਂ ਬੱਸਾਂ ਦੀ ਆਵਾਜਾਈ ਵੀ ਨਿਰੰਤਰ ਅਤੇ ਨਿਰਵਿਘਨ ਜਾਰੀ ਰਹੀ।