ਕਾਰ ਸੇਵਾ ਸੰਪਰਦਾ ਸਰਹਾਲੀ ਵੱਲੋਂ ਸਪੋਰਟਸ ਅਕੈਡਮੀ ਸ਼ੁਰੂ
ਪੱਤਰ ਪ੍ਰੇਰਕ
ਤਰਨ ਤਾਰਨ, 5 ਮਈ
ਕਾਰ ਸੇਵਾ ਸੰਪਰਦਾ ਸੰਤ ਬਾਬਾ ਤਾਰਾ ਸਿੰਘ ਸਰਹਾਲੀ ਸਾਹਿਬ ਵੱਲੋਂ ਸੰਪਰਦਾ ਦੇ ਹੈੱਡ ਕੁਆਰਟਰ (ਨਵਾਂ ਪੜਾਅ) ਨੇੜੇ ਸੰਪਰਦਾ ਦੇ ਮੋਢੀ ਬਾਬਾ ਤਾਰਾ ਸਿੰਘ ਦੀ ਯਾਦ ਵਿੱਚ ਸਪੋਰਟਸ ਅਕੈਡਮੀ ਸ਼ੁਰੂ ਕੀਤੀ ਗਈ ਹੈ| ਸੰਪਰਦਾ ਦੇ ਮੁਖੀ ਬਾਬਾ ਸੁੱਖਾ ਸਿੰਘ ਦੀ ਅਗਵਾਈ ਵਿੱਚ ਅਕੈਡਮੀ ਦੀ ਅੱਜ ਸ਼ੁਰੂਆਤ ਕਰਨ ਮੌਕੇ ਸੁਖਮਨੀ ਸਾਹਿਬ ਦੇ ਜਾਪ ਕਰਵਾਏ ਗਏ| 7 ਏਕੜ ਵਿੱਚ ਸਥਾਪਿਤ ਕੀਤੀ ਇਸ ਅਕੈਡਮੀ ਵਿੱਚ ਦਾਖਲ ਹੋਣ ਲਈ ਤਰਨ ਤਾਰਨ, ਅੰਮ੍ਰਿਤਸਰ ਅਤੇ ਮੋਗਾ ਤੋਂ ਖਿਡਾਰੀਆਂ ਦੇ ਟਰਾਇਲ ਲਏ ਗਏ, ਜਿਨ੍ਹਾਂ ਵਿੱਚੋਂ ਅੰਡਰ-14 ਅਤੇ ਅੰਡਰ-17 ਦੇ 40 ਖਿਡਾਰੀਆਂ ਦੀ ਚੋਣ ਕੀਤੀ ਗਈ ਹੈ| ਸੰਪਰਦਾ ਦੇ ਪ੍ਰਬੰਧਾਂ ਅਧੀਨ ਚਲਦੇ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਆਨਰੇਰੀ ਸਕੱਤਰ ਹਰਜਿੰਦਰ ਸਿੰਘ ਬਿੱਲਿਆਂਵਾਲਾ ਨੇ ਦੱਸਿਆ ਕਿ ਅਕੈਡਮੀ ਤੋਂ ਸਿਖਲਾਈ ਲੈਣ ਵਾਲੇ ਖਿਡਾਰੀਆਂ ਲਈ ਪੜ੍ਹਾਈ, ਰਿਹਾਇਸ਼ ਅਤੇ ਖਾਣਾ ਆਦਿ ਦਾ ਸਾਰਾ ਬੰਦੋਬਸਤ ਅਕੈਡਮੀ ਵੱਲੋਂ ਕੀਤਾ ਜਾਵੇਗਾ| ਪ੍ਰਬੰਧਕ ਕਮੇਟੀ ਦੇ ਮੈਂਬਰ ਜਸਵਿੰਦਰ ਸਿੰਘ ਮੋਹਨਪੁਰਾ ਅਤੇ ਪ੍ਰਿੰਸੀਪਲ ਡਾ. ਜਸਬੀਰ ਸਿੰਘ ਗਿੱਲ ਨੇ ਅਕੈਡਮੀ ਦੀ ਸ਼ੁਰੂੂਆਤ ਕਰਨ ਮੌਕੇ ਗੁਰਮਿਤ ਪ੍ਰਚਾਰ ਲਈ ਵਿਦੇਸ਼ ਫੇਰੀ ’ਤੇ ਗਏ ਅਤੇ ਬਾਬਾ ਸੁੱਖਾ ਸਿੰਘ ਦਾ ਸੰਦੇਸ਼ ਸੰਗਤ ਨਾਲ ਸਾਂਝਾ ਕੀਤਾ|