ਸਵਾਰੀਆਂ ਨੂੰ ਬੱਸ ਅੱਡੇ ਤੋਂ ਬਾਹਰ ਉਤਾਰਨ ਦਾ ਵਿਰੋਧ
ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 5 ਜੁਲਾਈ
ਸਹਾਰਾ ਮੁਸਲਿਮ ਵੈੱਲਫੇਅਰ ਸੁਸਾਇਟੀ ਮਾਲੇਰਕੋਟਲਾ ਦੇ ਵਫ਼ਦ ਨੇ ਟਰਾਂਸਪੋਰਟ ਮੰਤਰੀ ਦੇ ਨਾਂ ਮੰਗ ਪੱਤਰ ਵਿਧਾਇਕ ਡਾ. ਜ਼ਮੀਲ ਉਰ ਰਹਿਮਾਨ ਨੂੰ ਸੌਂਪਿਆ। ਵਫ਼ਦ ਨੇ ਮੰਗ ਕੀਤੀ ਕਿ ਆਥਣ ਵੇਲੇ ਵਾਇਆ ਮਾਲੇਰਕੋਟਲਾ ਹੋ ਕੇ ਹੋਰਨਾਂ ਸ਼ਹਿਰਾਂ ਨੂੰ ਜਾਣ ਵਾਲੀਆਂ ਬੱਸਾਂ ਬੱਸ ਅੱਡੇ ਵਿੱਚ ਹੋ ਕੇ ਜਾਣ। ਅਕਸਰ ਹੀ ਲੰਬੇ ਰੂਟ ਦੀਆਂ ਬੱਸਾਂ ਨੂੰ ਚਾਲਕ ਹਨੇਰਾ ਹੋਣ ’ਤੇ ਬੱਸ ਅੱਡੇ ਲਿਜਾਣ ਦੀ ਬਜਾਇ ਬਾਈਪਾਸ ’ਤੇ ਹੀ ਸਵਾਰੀਆਂ ਉਤਾਰ ਕੇ ਚਲੇ ਜਾਂਦੇ ਹਨ। ਮੁਸਾਫ਼ਰ ਵੱਲੋਂ ਬੱਸ ਅੱਡੇ ਜਾਣ ਲਈ ਕਹਿਣ ’ਤੇ ਉਨ੍ਹਾਂ ਨਾਲ ਮਾੜਾ ਵਿਹਾਰ ਕੀਤਾ ਜਾਂਦਾ ਹੈ। ਹਨੇਰੇ ਵਿੱਚ ਖ਼ਾਸ ਕਰ ਕੇ ਔਰਤਾਂ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਵਫ਼ਦ ਨੇ ਵਿਧਾਇਕ ਨੂੰ ਬੇਨਤੀ ਕੀਤੀ ਕਿ ਉਹ ਮੁਸਾਫ਼ਰਾਂ ਦੀ ਸਮੱਸਿਆ ਦੇ ਹੱਲ ਲਈ ਟਰਾਂਸਪੋਰਟ ਮੰਤਰੀ ਨਾਲ ਮੀਟਿੰਗ ਕਰਨ। ਵਿਧਾਇਕ ਨੇ ਵਫ਼ਦ ਨੂੰ ਮਸਲੇ ਦੀ ਜਲਦੀ ਹੱਲ ਦਾ ਭਰੋਸਾ ਦਿਵਾਇਆ। ਵਫ਼ਦ ਵਿੱਚ ਹਾਜੀ ਅਬਦੁਲ ਗੱਫਾਰ, ਮੁਹੰਮਦ ਗੁਲਜ਼ਾਰ, ਮੁਹੰਮਦ ਹਨੀਫ਼ ਜੇਪੀ, ਮੁਹੰਮਦ ਅਨੀਸ ਕੁਰੈਸ਼ੀ, ਮੁਹੰਮਦ ਪਰਵੇਜ਼, ਮਹਿਮੂਦ ਰਾਜੂ ਆਦਿ ਸ਼ਾਮਲ ਸਨ।