ਘੜੀ-ਮੁੜੀ ਲੱਗਦੇ ਫਾਟਕ ਨੇ ਰਾਹਗੀਰ ਸੁੱਕਣੇ ਪਾਏ
ਬੀਰਬਲ ਰਿਸ਼ੀ
ਧੂਰੀ, 2 ਜੂਨ
ਇੱਥੇ ਜੰਕਸ਼ਨ ਹੋਣ ਕਾਰਨ ਰੇਲਾਂ ਦੀ ਆਵਾਜਾਈ ਦੇ ਮੱਦੇਨਜ਼ਰ ਸ਼ਹਿਰ ਅੰਦਰਲੇ ਫਾਟਕ ਅਕਸਰ ਬੰਦ ਰਹਿਣ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਦਾ ਧੂਰੀ ਸ਼ਹਿਰ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ। ਸਮੇਂ-ਸਮੇਂ ਸਿਰ ਸਿਆਸੀ ਆਗੂਆਂ ਵੱਲੋਂ ਵੋਟਾਂ ਸਮੇਂ ਇਸ ਸਮੱਸਿਆ ਦੇ ਹੱਲ ਲਈ ਅੰਡਰਬ੍ਰਿਜ ਤੇ ਓਵਰਬ੍ਰਿਜ ਬਣਾਉਣ ਦੇ ਵੱਖੋ-ਵੱਖ ਦਾਅਵੇ ਤੇ ਵਾਅਦੇ ਕੀਤੇ ਜਾਂਦੇ ਹਨ ਪਰ ਇਹ ਅਮਲ ਵਿੱਚ ਨਹੀਂ ਆਏ।
ਜਾਣਕਾਰੀ ਅਨੁਸਾਰ ਸ਼ਹਿਰ ਦੇ ਮੁੱਖ ਫਾਟਕ 62-ਏ ਦੇ ਮੁਸਾਫ਼ਿਰ ਗੱਡੀਆਂ, ਮਾਲ ਗੱਡੀਆਂ ਅਤੇ ਵਾਰ-ਵਾਰ ਰੇਲ ਇੰਜਣ ਸ਼ੰਟਿੰਗ ਹੋਣ ਕਾਰਨ ਅਕਸਰ ਫਾਟਕ ਬੰਦ ਰਹਿੰਦਾ ਹੈ। ਇਸ ਕਾਰਨ ਸ਼ਹਿਰ ਅੰਦਰ ਆਉਣ ਤੇ ਬਾਹਰ ਜਾਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਫਾਟਕ ਬੰਦ ਹੋਣ ਕਾਰਨ ਗਰਮੀ ਵਿੱਚ ਤਪਦੀਆਂ ਦੁਪਹਿਰਾਂ ਅਤੇ ਮੀਂਹ, ਹਨੇਰੀ ਆਦਿ ਦੌਰਾਨ ਲੋਕਾਂ ਨੂੰ ਲੰਬਾ ਸਮਾਂ ਪ੍ਰੇਸ਼ਾਨ ਹੋਣਾ ਪੈਂਦਾ ਹੈ। ਧੂਰੀ ਵਿੱਚ ਸੰਗਰੂਰ-ਮਾਲੇਰਕੋਟਲਾ ਮੁੱਖ ਸੜਕ ’ਤੇ ਬਣੇ ਓਵਰਬ੍ਰਿਜ ’ਤੇ ਭੀੜ-ਭੜੱਕੇ ਵਿੱਚ ਜਾਣ ਦੀ ਥਾਂ ਸਕੂਟਰ, ਮੋਟਰਸਾਈਕਲ, ਸਾਈਕਲ ਸਵਾਰ ਅਤੇ ਛੋਟੀਆਂ ਗੱਡੀਆਂ ਵਾਲੇ ਬਾਜ਼ਾਰ ਦੇ ਰਸਤੇ ’ਤੋਂ ਹੀ ਲੰਘਣਾ ਪਸੰਦ ਕਰਦੇ ਹਨ।
ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਦਾ ਸ਼ਹਿਰ ਹੋਣ ਕਾਰਨ ਧੂਰੀ ਦੇ ਕੱਕੜਵਾਲ ਚੌਕ, ਸੰਗਰੂਰ-ਲੁਧਿਆਣਾ ਸੜਕ ’ਤੇ ਕੋਈ ਧਰਨਾ ਲੱਗ ਜਾਣ ’ਤੇ ਬਾਜ਼ਾਰ ’ਚੋ ਹੋ ਕੇ ਲੰਘਦੀ ਆਵਾਜਾਈ ਦੌਰਾਨ ਕਾਰਾਂ, ਜੀਪਾਂ ਤੇ ਭਾਰੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਦੀਆਂ ਹਨ। ਕਾਂਗਰਸ ਦੇ ਵਿਜੈਇੰਦਰ ਸਿੰਗਲਾ ਦੇ ਸੰਸਦ ਮੈਂਬਰ ਹੋਣ ਸਮੇਂ ਦੌਰਾਨ ਭਾਵੇਂ ਇੱਥੇ ਓਵਰਬ੍ਰਿਜ ਬਣਾਏ ਜਾਣ ਦਾ ਨੀਂਹ ਪੱਥਰ ਵੀ ਕੇਂਦਰੀ ਮੰਤਰੀ ਮਲਿਕ ਅਰਜੁਨ ਖੜਗੇ ਵੱਲੋਂ ਰੱਖਿਆ ਗਿਆ ਪਰ ਉਸ ਸਮੇਂ ਦੁਕਾਨਦਾਰਾਂ ਦੇ ਸੰਭਾਵੀ ਉਜਾੜੇ ਦੇ ਵਿਰੋਧ ਕਾਰਨ ਇਹ ਮਾਮਲਾ ਸਿਰੇ ਨਹੀਂ ਲੱਗ ਸਕਿਆ।
ਹਲਕਾ ਧੂਰੀ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਨੇ ਹਾਲ ਹੀ ਦੌਰਾਨ ਦਾਅਵਾ ਕੀਤਾ ਸੀ ਕਿ ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਮਾਰਚ 2021 ਵਿੱਚ 10.38 ਲੱਖ ਦੀ ਰਕਮ ਨਾਲ ਅੰਡਰਬ੍ਰਿਜ ਪਾਸ ਕਰਵਾਇਆ ਪਰ ਹੁਣ ਹੁਕਮਰਾਨ ਪਾਰਟੀ ਸਿਰਫ਼ ਇਸ ਕਰ ਕੇ ਅੰਡਰਬ੍ਰਿਜ ਬਣਾਉਣ ਤੋਂ ਹੱਥ ਖਿੱਚ ਰਹੀ ਹੈ ਕਿਉਂਕਿ ਜੇ ਇਹ ਪ੍ਰਾਜੈਕਟ ਸਿਰੇ ਚੜ੍ਹਿਆ ਤਾਂ ਕਿਤੇ ਸਾਬਕਾ ਵਿਧਾਇਕ ਨੂੰ ਇਸ ਦਾ ਸਿਆਸੀ ਫ਼ਾਇਦਾ ਨਾ ਹੋ ਜਾਵੇ।
ਅਗਲੇ ਮਹੀਨੇ ਲੱਗੇਗਾ ਓਵਰਬ੍ਰਿਜ ਦਾ ਟੈਂਡਰ: ਢਿੱਲੋਂ
ਮੁੱਖ ਮੰਤਰੀ ਕੈਂਪ ਦਫ਼ਤਰ ਧੂਰੀ ਦੇ ਇੰਚਾਰਜ ਦਲਵੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਓਵਰਬ੍ਰਿਜ ਬਣਾਉਣ ਲਈ ਪਹਿਲਾਂ ਰੇਲਵੇ ਦੀ ਮਨਜ਼ੂਰੀ ਨਹੀਂ ਸੀ ਮਿਲੀ। ਹੁਣ ਇਸ ਓਵਰਬ੍ਰਿਜ ਲਈ ਜੰਗਲਾਤ ਦੀ ਵਰਤੀ ਜਾਣ ਜ਼ਮੀਨ ਬਦਲੇ ਐੱਨਓਸੀ ਲੈਣ ਲਈ ਵਿਭਾਗ ਨੂੰ ਡੇਢ ਹੈਕਟੇਅਰ ਜ਼ਮੀਨ ਲੈ ਕੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਜੁਲਾਈ ਮਹੀਨੇ ਦੇ ਪਹਿਲੇ ਹਫ਼ਤੇ ਹੀ ਧੂਰੀ ਦੇ ਓਵਰਬ੍ਰਿਜ ਦਾ ਟੈਂਡਰ ਲਗਾਏ ਜਾਣ ਦੀ ਤਜਵੀਜ਼ ਹੈ। ਉਨ੍ਹਾਂ ਦੱਸਿਆ ਕਿ ਇਹ ਓਵਰਬ੍ਰਿਜ ਬਾਜ਼ਾਰ ਦੀ ਥਾਂ ਸ਼ਹਿਰ ’ਚੋ ਲੰਘਦੇ ਛੱਤੇ ਹੋਏ ਰਜਵਾਹੇ ’ਤੇ ਉੱਪਰ ਬਣਾਇਆ ਜਾਣਾ ਹੈ।