ਸਵਾ ਦੋ ਸੌ ਸਾਲ ਪੁਰਾਣੀ ਇਮਾਰਤ ’ਚ ਪੜ੍ਹਨ ਲਈ ਮਜਬੂਰ ਮਾਲੇਰਕੋਟਲਾ ਦੀਆਂ ਧੀਆਂ
ਪਰਮਜੀਤ ਸਿੰਘ ਕੁਠਾਲਾ
ਮਾਲੇਰਕੋਟਲਾ, 2 ਜੂਨ
ਆਜ਼ਾਦੀ ਦੇ 78 ਵਰ੍ਹਿਆਂ ਬਾਅਦ ਵੀ ਮਾਲੇਰਕੋਟਲਾ ਦੇ ਇੱਕੋ-ਇਕ ਸਰਕਾਰੀ ਕੰਨਿਆ ਸਕੂਲ ਦੀਆਂ ਲੜਕੀਆਂ ਬਾਰ੍ਹਵੀਂ ਤੱਕ ਦੀ ਪੜ੍ਹਾਈ ਲਈ 239 ਵਰ੍ਹੇ ਪੁਰਾਣੀ ‘ਨਵਾਬ ਅਤਾਉਲਾ ਖਾਨ ਹਵੇਲੀ’ ਵਿੱਚ ਪੜ੍ਹਨ ਲਈ ਮਜਬੂਰ ਹਨ। ਇਸ ਇਮਾਰਤ ਦੇ 34 ਵਿੱਚੋਂ ਚਾਰ ਕਮਰੇ ਅਸੁਰੱਖਿਅਤ ਹੋਣ ਦੇ ਬਾਵਜੂਦ ਇੱਥੇ ਕਰੀਬ 1300 ਵਿਦਿਆਰਥਣਾਂ (ਸਵੇਰੇ-ਸਾਮ) ਦੋ ਸ਼ਿਫ਼ਟਾਂ ਵਿਚ ਪੜ੍ਹਨ ਆਉਂਦੀਆਂ ਹਨ।
ਮੌਜੂਦਾ ਸਕੂਲ ਦੇ ਨੇੜੇ ਹੀ ਬਣ ਚੁੱਕੀ ਕੰਨਿਆ ਸਕੂਲ ਦੀ ਪੰਜ ਮੰਜ਼ਿਲਾ ਇਮਾਰਤ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸਿੱਖਿਆ ਕ੍ਰਾਂਤੀ ਮੁਹਿੰਮ ਦੌਰਾਨ ਵੀ ਵਿਦਿਆਰਥਣਾਂ ਨੂੰ ਨਸੀਬ ਨਹੀਂ ਹੋ ਸਕੀ। ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਪਰਨੀਤ ਕੌਰ ਮੁਤਾਬਿਕ ਉਨ੍ਹਾਂ ਵੱਲੋਂ ਨਵੀਂ ਇਮਾਰਤ ਮੁਕੰਮਲ ਕਰ ਕੇ ਸਿੱਖਿਆ ਵਿਭਾਗ ਹਵਾਲੇ ਕਰਨ ਲਈ ਬਾਕਾਇਦਾ ਪੱਤਰ ਭੇਜ ਦਿੱਤਾ ਹੈ। ਹੁਣ ਇਮਾਰਤ ਦਾ ਚਾਰਜ ਲੈਣ ਦਾ ਫ਼ੈਸਲਾ ਸਬੰਧਤ ਵਿਭਾਗ ਨੇ ਹੀ ਕਰਨਾ ਹੈ। ਡੀਈਓ ਮਾਲੇਰਕੋਟਲਾ ਤਰਵਿੰਦਰ ਕੌਰ ਨੇ ਪੀਡਬਲਯੂਡੀ ਵੱਲੋਂ ਸਕੂਲ ਦੀ ਮੁਕੰਮਲ ਹੋ ਚੁੱਕੀ ਨਵੀਂ ਇਮਾਰਤ ਦਾ ਚਾਰਜ ਲੈਣ ਬਾਰੇ ਪੱਤਰ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਗਰਮੀ ਦੀਆਂ ਛੁੱਟੀਆਂ ਖ਼ਤਮ ਹੁੰਦਿਆਂ ਹੀ ਨਵੀਂ ਇਮਾਰਤ ਦੇ ਉਦਘਾਟਨੀ ਸਮਾਗਮ ਬਾਰੇ ਉੱਚ ਅਧਿਕਾਰੀਆਂ ਵੱਲੋਂ ਫ਼ੈਸਲਾ ਲੈ ਲਿਆ ਜਾਵੇਗਾ।
ਕਾਂਗਰਸ ਸਰਕਾਰ ਵੇਲੇ ਸ਼ੁਰੂ ਹੋਈ ਸੀ ਸਕੂਲ ਦੀ ਨਵੀਂ ਉਸਾਰੀ
ਇਸੇ ਸਕੂਲ ਦੀ ਵਿਦਿਆਰਥਣ ਰਹੀ ਬੀਬੀ ਰਜ਼ੀਆ ਸੁਲਤਾਨਾ ਨੇ ਪਿੱਛਲੀ ਕਾਂਗਰਸ ਸਰਕਾਰ ’ਚ ਪੀਡਬਲਯੂਡੀ ਮੰਤਰੀ ਹੁੰਦਿਆਂ ਸਥਾਨਕ ਪੁਰਾਣੀ ਕਚਹਿਰੀ ਵਾਲੀ ਪੀਡਬਲਯੂਡੀ ਦੀ ਸੱਤ ਬਿੱਘੇ ਜਗ੍ਹਾ ਉੱਪਰ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਦੀ ਪੰਜ ਮੰਜ਼ਿਲਾ ਇਮਾਰਤ ਲਈ ਪੰਜ ਕਰੋੜ ਰੁਪਏ ਦੀ ਰਕਮ ਮਨਜ਼ੂਰ ਕਰ ਕੇ ਸਾਲ 2021 ’ਚ ਸਕੂਲ ਦੀ ਉਸਾਰੀ ਸ਼ੁਰੂ ਕਰਵਾਈ ਸੀ। ਉਸ ਵੇਲੇ ਇੱਕ ਸਾਲ ਅੰਦਰ ਇਮਾਰਤ ਮੁਕੰਮਲ ਹੋ ਜਾਣ ਦਾ ਟੀਚਾ ਮਿਥਿਆ ਗਿਆ ਸੀ ਪਰ ‘ਆਪ’ ਦੀ ਸਰਕਾਰ ਬਣਦਿਆਂ ਹੀ ਉਸਾਰੀ ਪ੍ਰਕਿਰਿਆ ’ਚ ਅਜਿਹੀ ਖੜ੍ਹੋਤ ਆਈ ਕਿ ਚਾਰ ਵਰ੍ਹਿਆਂ ਬਾਅਦ ਵੀ ਵਿਦਿਆਰਥਣਾਂ ਨੂੰ ਨਵੇਂ ਸਕੂਲ ਦੀ ਇਮਾਰਤ ਨਸੀਬ ਨਹੀਂ ਹੋ ਸਕੀ। ਸਬੰਧਤ ਠੇਕੇਦਾਰ ਨੇ ਉਸਾਰੀ ਵਿੱਚ ਦੇਰੀ ਬਾਰੇ ਦੱਸਿਆ ਸੀ ਕਿ ਇਸ ਬਹੁਮੰਜ਼ਿਲਾ ਪ੍ਰਾਜੈਕਟ ਵਿੱਚ ਲੋੜੀਂਦੇ ਰੈਂਪ ਦੀ ਉਸਾਰੀ ਦੀ ਵਿੱਤੀ ਪ੍ਰਵਾਨਗੀ ’ਚ ਦੇਰੀ ਕਰ ਕੇ ਉਸਾਰੀ ਪ੍ਰਭਾਵਿਤ ਹੋਈ ਹੈ।
ਨਵਾਬ ਅਤਾਉਲਾ ਖਾਨ ਨੇ 1796 ’ਚ ਬਣਵਾਈ ਸੀ ਹਵੇਲੀ
ਮਾਲੇਰਕੋਟਲਾ ਦੇ ਨਵਾਬ ਅਤਾਉਲਾ ਖਾਨ ਨੇ ਆਪਣੇ ਸ਼ਾਹੀ ਦਰਬਾਰ ਅਤੇ ਪਰਿਵਾਰਕ ਰਿਹਾਇਸ਼ ਲਈ ਸੰਨ 1796 ’ਚ ਮੌਜੂਦਾ ਸਰਕਾਰੀ ਕੰਨਿਆ ਸਕੂਲ ਵਾਲਾ ਖੂਬਸੂਰਤ ਮਹਿਲ ਤਾਮੀਰ ਕਰਵਾਇਆ ਸੀ। ਸਿਰਦਾਰ ਚੂਹੜ ਸਿੰਘ ਭਦੌੜੀਆ, ਬੇਦੀ ਸਾਹਿਬ ਸਿੰਘ ਊਨਾ ਅਤੇ ਮਹਾਰਾਜਾ ਰਣਜੀਤ ਸਿੰਘ ਸਣੇ ਗੁਆਂਢੀ ਸਿੱਖ ਸ਼ਾਸਕਾਂ ਦੇ ਵਾਰ ਵਾਰ ਹਮਲਿਆਂ ਦੇ ਬਾਵਜੂਦ ਪਟਿਆਲਾ, ਜੀਂਦ, ਰਾਏਕੋਟ ਦੇ ਰਾਜਿਆਂ ਅਤੇ ਅੰਗਰੇਜ਼ਾਂ ਦੀ ਮਦਦ ਨਾਲ ਰਿਆਸਤ ਨੂੰ ਸੁਰੱਖਿਅਤ ਰੱਖਣ ਵਿੱਚ ਕਾਮਯਾਬ ਰਹੇ ਨਵਾਬ ਅਤਾਉਲਾ ਖਾਨ ਨੇ ਜਿੱਥੇ ਇਸੇ ਮਹਿਲ ਵਿੱਚ ਅੰਗਰੇਜ਼ ਜਰਨੈਲਾਂ ਕਰਨਲ ਬੁਰੂ, ਮੇਜਰ ਰੌਸ ਅਤੇ ਲਾਰਡ ਲੇਕ ਵਰਗੇ ਮਹਿਮਾਨਾਂ ਦੀ ਮੇਜ਼ਬਾਨੀ ਕੀਤੀ, ਉੱਥੇ 14 ਅਕਤੂਬਰ 1808 ਨੂੰ ਸਮਝੌਤੇ ਪਿੱਛੋਂ ਮਹਾਰਾਜਾ ਰਣਜੀਤ ਸਿੰਘ ਵੀ ਇਸੇ ਮਹਿਲ ਵਿੱਚ ਨਵਾਬ ਦੇ ਮਹਿਮਾਨ ਬਣੇ ਸਨ।