ਲੁਧਿਆਣਾ ਨਗਰ ਨਿਗਮ ਘੁਟਾਲੇ ’ਤੇ ਸਿਆਸੀ ਜੰਗ ਭਖੀ
ਗਗਨਦੀਪ ਅਰੋੜਾ
ਲੁਧਿਆਣਾ, 7 ਜਨਵਰੀ
ਸੂਬੇ ਦੀ ਸਭ ਤੋਂ ਵੱਡੀ ਨਗਰ ਨਿਗਮ ਵਿੱਚ ਨਿਗਮ ਮੁਲਾਜ਼ਮਾਂ ਵੱਲੋਂ ਜਾਅਲੀ ਬਿੱਲਾਂ ਦੇ ਆਧਾਰ ’ਤੇ ਪੌਣੇ 2 ਕਰੋੜ ਰੁਪਏ ਦਾ ਘੁਟਾਲਾ ਕਰਨ ਦੇ ਮਾਮਲੇ ਵਿੱਚ ਸਿਆਸਤ ਭਖਣੀ ਸ਼ੁਰੂ ਹੋ ਗਈ ਹੈ। ਇਸ ਸਬੰਧੀ ‘ਆਪ’ ਆਗੂਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਪੂਰੀ ਜਾਂਚ ਕਰਵਾਈ ਜਾਵੇਗੀ, ਜਦਕਿ ਕਾਂਗਰਸੀ ਆਗੂ ਕਹਿ ਰਹੇ ਹਨ ਕਿ ਇਹ ਸਭ ਕੁੱਝ ‘ਆਪ’ ਸਰਕਾਰ ਵੇਲੇ ਹੀ ਹੋਇਆ ਹੈ। ਵਿਰੋਧੀ ਧਿਰਾਂ ਹੁਣ ਇਸ ਮਾਮਲੇ ਵਿੱਚ ਸਰਕਾਰ ਨੂੰ ਘੇਰਨ ਦੀ ਤਿਆਰੀ ਕਰ ਰਹੀਆਂ ਹਨ।
ਇਸ ਮਾਮਲੇ ਵਿੱਚ ਹਲਕਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਇਹ ਘੁਟਾਲਾ ਫੜ੍ਹ ਕੇ ਬਹੁਤ ਹੀ ਵੱਧਿਆ ਕੰਮ ਕੀਤਾ ਹੈ ਤੇ ਛੇਤੀ ਹੀ ਇਸ ਘੁਟਾਲੇ ਵਿੱਚ ਸ਼ਾਮਲ ਸਾਰੇ ਵੱਡੇ ਮਗਰਮੱਛ ਵੀ ਕਾਬੂ ਕਰ ਲਏ ਜਾਣਗੇ। ਉਨ੍ਹਾਂ ਕਿਹਾ ਕਿ ਉਹ ਖੁਦ ਸੋਮਵਾਰ ਨੂੰ ਨਿਗਮ ਕਮਿਸ਼ਨਰ ਨਾਲ ਮੀਟਿੰਗ ਕਰਕੇ ਘੁਟਾਲੇ ਬਾਰੇ ਪੂਰੀ ਜਾਣਕਾਰੀ ਲੈਣਗੇ ਤੇ ਪ੍ਰੈੱਸ ਕਾਨਫਰੰਸ ਕਰ ਕੇ ਮੁਲਜ਼ਮਾਂ ਦੇ ਨਾਵਾਂ ਦੇ ਖੁਲਾਸੇ ਕਰਨਗੇ। ਦੂਜੇ ਪਾਸੇ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਤੇ ਸਾਬਕਾ ਕੌਂਸਲਰ ਮਮਤਾ ਆਸ਼ੂ ਨੇ ਕਿਹਾ ਹੈ ਕਿ ਦੋ ਸਾਲ ਪਹਿਲਾਂ ਉਨ੍ਹਾਂ ਫਰਜ਼ੀ ਨਿਗਮ ਮੁਲਾਜ਼ਮਾਂ ਨੂੰ ਬੋਗਸ ਖਾਤਿਆਂ ਦੇ ਮੁੱਦੇ ਤੋਂ ਜਾਣੂ ਕਰਵਾਉਂਦਿਆ ਇਹ ਮੁੱਦਾ ਚੁੱਕਿਆ ਸੀ, ਪਰ ਉਸ ਸਮੇਂ ਵਿਧਾਇਕ ਗੁਰਪ੍ਰੀਤ ਗੋਗੀ ਉਨ੍ਹਾਂ ਨਾਲ ਹਾਊਸ ਦੀ ਮੀਟਿੰਗ ’ਚ ਉਲਝ ਗਏ ਸਨ। ਮਮਤਾ ਆਸ਼ੂ ਨੇ ਕਿਹਾ ਕਿ ਅੱਜ ਸੱਚ ਸਾਹਮਣੇ ਆ ਗਿਆ ਹੈ। ਗੋਗੀ ਆਖ ਰਹੇ ਹਨ ਕਿ ਭ੍ਰਿਸ਼ਟਾਚਾਰ ਦੇ ਮਗਰਮੱਛਾਂ ਨੂੰ ਫੜ੍ਹਿਆ ਜਾਵੇਗਾ, ਪਰ ਸਭ ਤੋਂ ਵੱਡੇ ਮਗਰਮੱਛ ਤਾਂ ਉਹ ਖ਼ੁਦ ਹਨ। ਮਮਤਾ ਨੇ ਕਿਹਾ ਕਿ ਜੇਕਰ ਉਸ ਵੇਲੇ ਗੋਗੀ ਨੇ ਉਨ੍ਹਾਂ ਦਾ ਸਾਥ ਦਿੱਤਾ ਹੁੰਦਾ ਤਾਂ ਦੋ ਸਾਲ ਪਹਿਲਾਂ ਹੀ ਇਸ ਘੁਟਾਲੇ ਦਾ ਪਰਦਾਫਾਸ਼ ਹੋ ਜਾਣਾ ਸੀ।
ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਸਿਟੀ ਬੱਸਾਂ ਦੇ ਚੋਰੀ ਹੋਣ ਦਾ ਮਾਮਲਾ ਚੁੱਕਿਆ ਸੀ। ਅੱਜ ਗੋਗੀ ਉਸੇ ਸਿਟੀ ਬੱਸ ਨੂੰ ਕਲੀਨਿਕ ਆਨ ਵੀਲ੍ਹ ਬਣਾ ਕੇ ਲੋਕਾਂ ਵਿੱਚ ਜਾ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਗੋਗੀ ਨੇ ਜਿੰਨੀਆਂ ਸੜਕਾਂ ਬਣਵਾਈਆਂ ਹਨ, ਉਹ ਸਾਰੀਆਂ ਟੁੱਟ ਰਹੀਆਂ ਹਨ। ਇਥੋਂ ਤੱਕ ਕਿ ਗੋਗੀ ਦੇ ਆਪਣੇ ਘਰ ਦੇ ਬਾਹਰ ਬਣਵਾਈ ਗਈ ਸੜਕ ਵੀ 10 ਦਿਨਾਂ ’ਚ ਟੁੱਟ ਗਈ ਹੈ। ਇਸ ਲਈ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਗੋਗੀ ਸਭ ਤੋਂ ਵੱਡੇ ਮਗਰਮੱਛ ਹਨ।
ਮਮਤਾ ਆਸ਼ੂ ਨੇ ਕਿਹਾ ਕਿ ਇਹ ਘੁਟਾਲਾ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਦੀ ਬਦੌਲਤ ਸਾਹਮਣੇ ਆਇਆ ਗਿਆ ਹੈ ਨਹੀਂ ਤਾਂ ਹਾਲੇ ਇਸ ਘੁਟਾਲੇ ਨੂੰ ਸਾਹਮਣੇ ਆਉਣ ’ਚ ਪਤਾ ਨਹੀਂ ਹੋਰ ਕਿੰਨਾ ਸਮਾਂ ਲੱਗ ਜਾਣਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਹਾਲੇ ਵੀ ਸਿਰਫ਼ 10 ਫ਼ੀਸਦ ਮਾਮਲਾ ਹੀ ਸਾਹਮਣੇ ਆਇਆ ਹੈ ਤੇ ਅਸਲ ਮੁਲਜ਼ਮਾਂ ਨੂੰ ਵੱਧ ਉਮਰ ਦੇ ਆਖ ਕੇ ਬਾਹਰ ਕੱਢ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨਿਗਮ ਵਿੱਚ 20-25 ਸਾਲਾਂ ਤੋਂ ਕੱਚੇ ਰਹਿੰਦਿਆਂ ਨੌਕਰੀਆਂ ਕਰਨ ਵਾਲਿਆਂ ਨੂੰ ਅਣਗੌਲਿਆਂ ਕਰਕੇ ਹੋਰਨਾਂ ਨੂੰ ਰੁਜ਼ਗਾਰ ਦਿੱਤਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਨਗਰ ਨਿਗਮ ਦਾ ਇਹ ਘੁਟਾਲਾ ਪਿਛਲੇ ਦਿਨੀਂ ਸਾਹਮਣੇ ਆਇਆ ਹੈ, ਜਿਸ ਵਿੱਚ ਨਗਰ ਨਿਗਮ ਦੇ 7 ਮੁਲਾਜ਼ਮਾਂ ਨੇ 44 ਲੋਕਾਂ ਦੇ ਖਾਤਿਆਂ ਵਿੱਚ ਗ਼ਲਤ ਢੰਗ ਨਾਲ 1.75 ਕਰੋੜ ਰੁਪਏ ਟਰਾਂਸਫਰ ਕਰ ਕੇ ਹੇਰਾਫੇਰੀ ਕੀਤੀ ਹੈ। ਮਾਮਲਾ ਸਾਹਮਣੇ ਆਉਣ ’ਤੇ ਨਿਗਮ ਕਮਿਸ਼ਨਰ ਨੇ 7 ਨਿਗਮ ਮੁਲਾਜ਼ਮਾਂ ਤੇ 44 ਖਾਤਾ ਧਾਰਕਾਂ ਖ਼ਿਲਾਫ਼ ਐਫਆਈਆਰ ਦਰਜ ਕਰਵਾਈ ਦਿੱਤੀ ਸੀ।