ਜਾਅਲੀ ਟਿਕਟਾਂ ’ਤੇ ਇਨਾਮ ਲੈਣ ਦੀ ਕੋਸ਼ਿਸ਼ ਕਰਦਾ ਕਾਬੂ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 11 ਅਪਰੈਲ
ਥਾਣਾ ਡਿਵੀਜ਼ਨ ਨੰਬਰ ਇਕ ਦੇ ਇਲਾਕੇ ਵਿੱਚ ਸਥਿਤ ਮਿਨਰਵਾ ਮਾਰਕੀਟ ਦੇ ਇੱਕ ਲਾਟਰੀ ਦੁਕਾਨਦਾਰ ਵੱਲੋਂ ਇੱਕ ਵਿਅਕਤੀ ਨੂੰ ਕਾਬੂ ਕਰਕੇ ਪੁਲੀਸ ਪਾਰਟੀ ਹਵਾਲੇ ਕੀਤਾ ਗਿਆ ਹੈ ਜੋਂ ਜਾਅਲੀ ਲਾਟਰੀ ਟਿਕਟਾਂ ’ਤੇ ਇਨਾਮ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ।
ਪੰਜਾਬ ਸਟੇਟ ਲਾਟਰੀ ਦੇ ਹੋਲਸੇਲ ਵਿਕ੍ਰੇਤਾ ਸ਼ਾਮ ਸੁੰਦਰ ਭਨੋਟ ਵਾਸੀ ਆਦਰਸ਼ ਨਗਰ ਸਤਨਾਮਪੁਰਾ ਕਪੂਰਥਲਾ ਦੀ ਮਿਨਰਵਾ ਮਾਰਕੀਟ ਘੰਟਾ ਘਰ ਦੀ ਦੁਕਾਨ ਤੋਂ ਪਿਛਲੇ ਕਾਫੀ ਸਮੇਂ ਤੋਂ ਕੋਈ ਵਿਅਕਤੀ ਹਰ ਲਾਟਰੀ ਦੀਆਂ ਜਾਅਲੀ ਟਿਕਟਾਂ ਬਣਾ ਕੇ ਇਨਾਮ ਹਾਸਲ ਕਰਕੇ ਲਾਟਰੀ ਧੰਦੇ ਨੂੰ ਨੁਕਸਾਨ ਪਹੁੰਚਾ ਰਿਹਾ ਸੀ। ਇੱਕ ਵਿਅਕਤੀ ਦੁਕਾਨ ’ਤੇ ਨਾਗਾਲੈਂਡ ਸਟੇਟ ਲਾਟਰੀ ਦਾ ਇਨਾਮ ਕਲੇਮ ਕਰਨ ਲਈ ਆਇਆ। ਦੁਕਾਨਦਾਰ ਵੱਲੋਂ ਟਿਕਟਾਂ ਦੀ ਪੜਤਾਲ ਕਰਨ ’ਤੇ ਪਤਾ ਲੱਗਾ ਕਿ ਉੱਕਤ ਟਿਕਟਾਂ ਦਾ ਅਸਲ ਖਰੀਦਦਾਰ ਪਹਿਲਾਂ ਹੀ ਇਨਾਮ ਦਾ ਕਲੇਮ ਕਰ ਚੁੱਕਾ ਹੈ। ਥਾਣੇਦਾਰ ਸੁਲੱਖਣ ਸਿੰਘ ਨੇ ਦੱਸਿਆ ਹੈ ਕਿ ਉਸ ਪਾਸੋਂ 10 ਜਾਅਲੀ ਟਿਕਟਾਂ ਬਰਾਮਦ ਕੀਤੀਆਂ ਗਈਆਂ ਹਨ। ਉਸ ਦੀ ਸ਼ਨਾਖਤ ਫ਼ਜਲੇ ਵਾਸੀ ਜ਼ਿਲ੍ਹਾ ਗਾਜੀਆਬਾਦ ਵਜੋਂ ਕੀਤੀ ਗਈ ਹੈ।