ਮਾਸਟਰ ਤਾਰਾ ਸਿੰਘ ਕਾਲਜ ’ਚ ਫੈਸ਼ਨ ਸ਼ੋਅ
ਲੁਧਿਆਣਾ, 15 ਅਪਰੈਲ
ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫਾਰ ਵਿਮੈੱਨ, ਲੁਧਿਆਣਾ ਵਿੱਚ ਮਾਸਟਰ ਆਫ ਫੈਸ਼ਨ ਡਿਜ਼ਾਈਨਿੰਗ ਐਂਡ ਮੈਨੇਜਮੈਂਟ ਵਿਭਾਗ ਦੀ ਮੁਖੀ ਅਵਨਿੰਦਰ ਕੌਰ ਢਿੱਲੋਂ ਦੀ ਅਗਵਾਈ ਹੇਠ ‘ਲੁੱਕਸ ਐਂਡ ਟਰੈਂਡਸ 2025’ ਨਾਮੀਂ ਫੈਸ਼ਨ ਸ਼ੋਅ ਕਰਵਾਇਆ ਗਿਆ ਜਿਸ ਵਿੱਚ ਵਿਦਿਆਰਥਣਾਂ ਵੱਲੋਂ ਡਿਜ਼ਾਈਨ ਕੀਤੇ ਗਏ ਸ਼ਾਨਦਾਰ ਫੁਲਕਾਰੀ-ਥੀਮ ਵਾਲੇ ਸੰਗ੍ਰਹਿ ਪ੍ਰਦਰਸ਼ਿਤ ਕੀਤੇ ਗਏ। ਇਸ ਪ੍ਰੋਗਰਾਮ ਦਾ ਉਦੇਸ਼ ਟਿਕਾਊ ਫੈਸ਼ਨ ਨੂੰ ਉਤਸ਼ਾਹਿਤ ਕਰਨਾ ਅਤੇ ਪੰਜਾਬ ਦੀ ਸੱਭਿਆਚਾਰਕ ਵਿਰਾਸਤ ਨੂੰ ਸੁਰੱਖਿਅਤ ਰੱਖਣਾ ਸੀ। ਵਿਦਿਆਰਥਣਾਂ ਵੱਲੋਂ ਨਵੇਂ ਡਿਜ਼ਾਈਨ ਤਿਆਰ ਕੀਤੇ ਗਏ ਜੋ ਰਵਾਇਤੀ ਫੁਲਕਾਰੀ ਤੱਤਾਂ ਨੂੰ ਆਧੁਨਿਕ ਸਮੇਂ ਦੇ ਹਾਣੀ ਬਣਾਉਂਦੇ ਹਨ। ਸ਼ੋਅ ਦੌਰਾਨ ਜੇਤੂਆਂ ਨੂੰ ਇਨਾਮ ਵੀ ਵੰਡੇ ਗਏ, ਜਿਨ੍ਹਾਂ ਵਿੱਚ ਦੀਕਸ਼ਾ ਨੇ ‘ਰੇਸ਼ਮ ਰਵਾਇਤ’ ਵਿੱਚ ਪਹਿਲਾ ਇਨਾਮ ਪ੍ਰਾਪਤ ਕੀਤਾ। ਜਸਪ੍ਰੀਤ ਨੇ ‘ਦਿ ਫੁਲਕਾਰੀ ਐਡਿਟ’ ਅਤੇ ਸੰਦੀਪ ਨੇ ‘ਥਰੈਡਡ ਬਲੂਮਜ਼’ ਵਿੱਚ ਕ੍ਰਮਵਾਰ ਦੂਜਾ ਅਤੇ ਤੀਜਾ ਇਨਾਮ ਪ੍ਰਾਪਤ ਕੀਤਾ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਕਿਰਨਦੀਪ ਕੌਰ, ਪ੍ਰਧਾਨ ਸਵਰਨ ਸਿੰਘ, ਸਕੱਤਰ ਗੁਰਬਚਨ ਸਿੰਘ ਪਾਹਵਾ ਅਤੇ ਮੈਂਬਰਾਂ ਨੇ ਵਿਭਾਗ ਦੇ ਕਾਰਜ ਦੀ ਸ਼ਲਾਘਾ ਕਰਦਿਆਂ ਵਿਦਿਆਰਥਣਾਂ ਨੂੰ ਉਨ੍ਹਾਂ ਦੇ ਉਚੇਰੇ ਭਵਿੱਖ ਲਈ ਸ਼ੁੱਭਇੱਛਾਵਾਂ ਭੇਟ ਕੀਤੀਆਂ।