ਕੱਪੜੇ ਚੋਰੀ ਕਰਨ ਵਾਲਾ ਹੌਜ਼ਰੀ ਮਾਲਕ ਦੀ ਕੁੱਟਮਾਰ ਕਰ ਕੇ ਫਰਾਰ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 11 ਅਪਰੈਲ
ਥਾਣਾ ਜੋਧੇਵਾਲ ਦੇ ਇਲਾਕੇ ਮੁਹੱਲਾ ਮਨਮੋਹਨ ਕਲੋਨੀ ਬਹਾਦਰ ਕੇ ਰੋਡ ਸਥਿਤ ਇੱਕ ਹੌਜਰੀ ਫੈਕਟਰੀ ਦੇ ਮਾਲਕ ਦੀ ਕੁੱਟਮਾਰ ਕਰਕੇ ਚੋਰ ਫਰਾਰ ਹੋ ਗਿਆ ਜਿਸ ਨੂੰ ਮਾਲ ਚੋਰੀ ਕਰਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਸੀ। ਮੁਹੱਲਾ ਹਰਬੰਸਪੁਰਾ ਵਾਸੀ ਅਮਿਤ ਥਾਪਰ ਦੀ ਮਨਮੋਹਨ ਕਲੋਨੀ ਸਥਿਤ ਹੌਜਰੀ ਫੈਕਟਰੀ ਵਿੱਚ ਸੰਦੀਪ ਕੁਮਾਰ ਵਾਸੀ ਮੁਹੱਲਾ ਮਨਮੋਹਨ ਕਲੋਨੀ ਬਤੌਰ ਟੇਲਰ ਕੰਮ ਕਰਦਾ ਹੈ। ਫੈਕਟਰੀ ਮੁਲਾਜ਼ਮਾਂ ਨੇ ਉਸਨੂੰ ਦੱਸਿਆ ਕਿ ਉਹ ਫੈਕਟਰੀ ਵਿੱਚ ਚੋਰੀ ਕਰਦਾ ਹੈ। ਫੈਕਟਰੀ ਦੇ ਸੁਪਰਵਾਈਜ਼ਰ ਰੋਹਿਤ ਕੁਮਾਰ ਨੇ ਸੰਦੀਪ ਕੁਮਾਰ ਟੇਲਰ ਨੂੰ ਨਿੱਕਰਾਂ ਚੋਰੀ ਕਰਕੇ ਲਿਜਾਂਦੇ ਹੋਏ ਵੇਖ ਲਿਆ। ਉਸ ਨੂੰ ਕਾਬੂ ਕਰਨ ਤੋਂ ਬਾਅਦ ਜਦੋਂ ਉਸ ਪਾਸੋਂ ਪੁੱਛ ਗਿੱਛ ਕਰਨ ਲੱਗੇ ਤਾਂ ਉਸ ਨੇ ਤੈਸ਼ ਵਿੱਚ ਆ ਕੇ ਕੋਲ ਪਏ ਡੰਡੇ ਨਾਲ ਫੈਕਟਰੀ ਮਾਲਕ ਦੀ ਕੁੱਟਮਾਰ ਕੀਤੀ। ਇਸ ਦੌਰਾਨ ਜਦੋਂ ਸੌਰਵ ਮਲੋਹਤਰਾ ਉਸਨੂੰ ਛਡਾਉਣ ਲੱਗਾ ਤਾਂ ਸੰਦੀਪ ਕੁਮਾਰ ਨੇ ਉਸ ਦੀ ਬਾਂਹ ’ਤੇ ਦੰਦੀ ਵੱਢੀ ਅਤੇ ਭੱਜ ਗਿਆ। ਫੈਕਟਰੀ ਵਿੱਚ ਹੌਜਰੀ ਦਾ ਮਾਲ ਚੈਕ ਕਰਨ ਤੇ ਉਸ ਵਿੱਚੋਂ ਟੀ ਸ਼ਰਟਾਂ ਅਤੇ ਪਜ਼ਾਮੇ ਗਾਇਬ ਮਿਲੇ।