ਪਾਸਟਰ ਬਜਿੰਦਰ ਸਿੰਘ ਮਾਮਲਾ: ਪੀੜਤਾ ਕੌਮੀ ਮਹਿਲਾ ਕਮਿਸ਼ਨ ਅੱਗੇ ਪੇਸ਼ ਹੋਈ
ਨਵੀਂ ਦਿੱਲੀ, 25 ਮਾਰਚ
ਪਾਸਟਰ ਬਜਿੰਦਰ ਸਿੰਘ ਵੱਲੋਂ ਕਥਿਤ ਤੌਰ ’ਤੇ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਈ ਲੜਕੀ ਮੰਗਲਵਾਰ ਨੂੰ ਇੱਥੇ ਕੌਮੀ ਮਹਿਲਾ ਕਮਿਸ਼ਨ (NCW) ਦੇ ਸਾਹਮਣੇ ਪੇਸ਼ ਹੋਈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਇਕ ਪਿੰਡ ਵਿਚ ਚਰਚ ਦੇ ਪਾਦਰੀ ਅਤੇ ਸਵੈ-ਘੋਸ਼ਿਤ ਈਸਾਈ ਪ੍ਰਚਾਰਕ ਬਜਿੰਦਰ ਸਿੰਘ (42) ’ਤੇ 22 ਸਾਲਾ ਲੜਕੀ ਦੀ ਸ਼ਿਕਾਇਤ ਦੇ ਆਧਾਰ ’ਤੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।
ਆਪਣੀ ਪੁਲੀਸ ਸ਼ਿਕਾਇਤ ਵਿੱਚ ਲੜਕੀ ਨੇ ਦੋਸ਼ ਲਾਇਆ ਹੈ ਕਿ ਬਜਿੰਦਰ ਸਿੰਘ ਉਸ ਨੂੰ ਟੈਕਸਟ ਸੁਨੇਹੇ ਭੇਜਦਾ ਸੀ ਅਤੇ ਕਥਿਤ ਤੌਰ ’ਤੇ ਐਤਵਾਰ ਨੂੰ ਚਰਚ ਦੇ ਇਕ ਕੈਬਿਨ ਵਿੱਚ ਉਸਨੂੰ ਇਕੱਲਾ ਬਿਠਾਉਂਦਾ ਸੀ, ਜਿਸ ਦੌਰਾਨ ਉਹ ਉਸਨੂੰ ਇਤਰਜ਼ਯੋਗ ਢੰਗ ਨਾਲ ਛੂੰਹਦਾ ਸੀ। ਪੁਲੀਸ ਨੇ ਪਾਦਰੀ ਵਿਰੁੱਧ ਜਿਨਸੀ ਸ਼ੋਸ਼ਣ, ਪਿੱਛਾ ਕਰਨਾ ਅਤੇ ਅਪਰਾਧਿਕ ਧਮਕੀ ਦੇ ਤਹਿਤ ਮਾਮਲਾ ਦਰਜ ਕੀਤਾ ਹੈ।
ਕੌਮੀ ਮਹਿਲਾ ਕਮਿਸ਼ਨ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਕਿ ਔਰਤ ਸੁਣਵਾਈ ਲਈ ਉਨ੍ਹਾਂ ਦੇ ਸਾਹਮਣੇ ਪੇਸ਼ ਹੋਈ। ਕਮਿਸ਼ਨ ਦੀ ਚੇਅਰਪਰਸਨ ਵਿਜਯ ਰਾਹਤਕਰ ਨੇ 7 ਮਾਰਚ ਨੂੰ ਕਿਹਾ ਸੀ ਕਿ ਪੈਨਲ ਨੇ ਇਸ ਮਾਮਲੇ ਵਿੱਚ ਪੰਜਾਬ ਪੁਲੀਸ ਤੋਂ ਜਲਦੀ ਕਾਰਵਾਈ ਦੀ ਮੰਗ ਕੀਤੀ ਹੈ।
ਉਨ੍ਹਾਂ ਕਿਹਾ, "ਪੰਜਾਬ ਦੇ ਇੱਕ ਪਾਦਰੀ ਨਾਲ ਜੁੜਿਆ ਮਾਮਲਾ ਜੋ ਸਾਹਮਣੇ ਆਇਆ ਹੈ, ਇਕ ਬਹੁਤ ਹੀ ਗੰਭੀਰ ਅਤੇ ਚਿੰਤਾਜਨਕ ਮਾਮਲਾ ਹੈ। ਜਿਸ ਤਰ੍ਹਾਂ ਔਰਤ ਨਾਲ ਜਿਨਸੀ ਸ਼ੋਸ਼ਣ ਕੀਤਾ ਗਿਆ, ਉਹ ਬਹੁਤ ਚਿੰਤਾਜਨਕ ਹੈ। ਹਾਲਾਂਕਿ, ਅਸੀਂ ਇਸ ਨੂੰ ਸਵੀਕਾਰ ਕਰਨ ’ਤੇ ਹੀ ਨਹੀਂ ਰੁਕੇ, ਅਸੀਂ ਇਸ ਦਾ ਖੁਦ ਨੋਟਿਸ ਲਿਆ ਹੈ। -ਪੀਟੀਆਈ