ਪਹਿਲਗਾਮ ਜਾਂਚ ਵਿਚ ਰੂਸ ਤੇ ਚੀਨ ਸ਼ਾਮਲ ਹੋਣ: ਪਾਕਿਸਤਾਨ
ਮਾਸਕੋ, 27 ਅਪਰੈਲ
ਇਕ ਮੀਡੀਆ ਰਿਪੋਰਟ ਦੀ ਮੰਨੀਏ ਤਾਂ ਪਾਕਿਸਤਾਨ ਪਹਿਲਗਾਮ ਦਹਿਸ਼ਤੀ ਹਮਲੇ ਦੀ ਜਾਂਚ ਵਿਚ ਰੂਸ ਤੇ ਚੀਨ ਦੀ ਸ਼ਮੂਲੀਅਤ ਚਾਹੁੰਦਾ ਹੈ। ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਮੰਗਲਵਾਰ ਨੂੰ ਦਹਿਸ਼ਤਗਰਦਾਂ ਵੱਲੋਂ ਕੀਤੀ ਗੋਲੀਬਾਰੀ ਵਿੱਚ 26 ਲੋਕਾਂ ਦੀ ਮੌਤ ਹੋ ਗਈ ਸੀ, ਜਿਨ੍ਹਾਂ ਵਿੱਚੋਂ ਬਹੁਗਿਣਤੀ ਸੈਲਾਨੀ ਸਨ। ਇਹ 2019 ਵਿੱਚ ਪੁਲਵਾਮਾ ਹਮਲੇ ਤੋਂ ਬਾਅਦ ਵਾਦੀ ਵਿੱਚ ਹੋਇਆ ਸਭ ਤੋਂ ਭਿਆਨਕ ਹਮਲਾ ਸੀ। ਹਮਲੇ ਦੀ ਜ਼ਿੰਮੇਵਾਰੀ ਪਾਕਿਸਤਾਨ-ਅਧਾਰਤ ਪਾਬੰਦੀਸ਼ੁਦਾ ਲਸ਼ਕਰ-ਏ-ਤੋਇਬਾ (LeT) ਨਾਲ ਸਬੰਧਤ ਰਜ਼ਿਸਟੈਂਸ ਫਰੰਟ (TRF) ਨੇ ਲਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਵਿਚ ਕਿਹਾ ਕਿ ਪਹਿਲਗਾਮ ਹਮਲੇ ਦੇ ‘ਦੋਸ਼ੀਆਂ ਅਤੇ ਸਾਜ਼ਿਸ਼ਕਾਰਾਂ’ ਨੂੰ ‘ਸਖ਼ਤ ਜਵਾਬ ਦਿੱਤਾ ਜਾਵੇਗਾ’।
ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜ ਆਸਿਫ਼ ਨੇ ਰੂਸੀ ਸਰਕਾਰ ਦੀ ਖ਼ਬਰ ਏਜੰਸੀ RIA Novosti ਨੂੰ ਦਿੱਤੀ ਇੰਟਰਵਿਊ ਵਿਚ ਕਿਹਾ ਸੀ, ‘‘ਮੈਨੂੰ ਲੱਗਦਾ ਹੈ ਕਿ ਰੂਸ, ਚੀਨ ਜਾਂ ਇੱਥੋਂ ਤੱਕ ਕਿ ਪੱਛਮੀ ਦੇਸ਼ ਵੀ ਇਸ ਸੰਕਟ ਵਿੱਚ ਸਕਾਰਾਤਮਕ ਭੂਮਿਕਾ ਨਿਭਾ ਸਕਦੇ ਹਨ ਅਤੇ ਉਹ ਇੱਕ ਜਾਂਚ ਟੀਮ ਵੀ ਸਥਾਪਤ ਕਰ ਸਕਦੇ ਹਨ ਜਿਸ ਨੂੰ ਇਹ ਕੰਮ ਸੌਂਪਿਆ ਜਾਣਾ ਚਾਹੀਦਾ ਹੈ ਕਿ ਕੀ ਭਾਰਤ ਜਾਂ ਮੋਦੀ ਝੂਠ ਬੋਲ ਰਹੇ ਹਨ ਜਾਂ ਉਹ ਸੱਚ ਬੋਲ ਰਹੇ ਹਨ। ਇੱਕ ਕੌਮਾਂਤਰੀ ਟੀਮ ਨੂੰ ਇਹ ਪਤਾ ਲਗਾਉਣ ਦਿਓ।’’ ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਵੀ ਇੱਕ ਅੰਤਰਰਾਸ਼ਟਰੀ ਜਾਂਚ ਕਰਵਾਉਣ ਦੀ ਤਜਵੀਜ਼ ਰੱਖੀ ਹੈ। ਖ਼ਬਰ ਏਜੰਸੀ ਨੇ ਖਵਾਜਾ ਦੇ ਹਵਾਲੇ ਨਾਲ ਕਿਹਾ, ‘‘ਆਓ ਇਹ ਪਤਾ ਕਰੀਏ ਕਿ ਭਾਰਤ ਵਿੱਚ, ਕਸ਼ਮੀਰ ਵਿੱਚ ਇਸ ਘਟਨਾ ਦਾ ਦੋਸ਼ੀ ਕੌਣ ਹੈ। ਗੱਲਾਂ ਜਾਂ ਖਾਲੀ ਬਿਆਨਾਂ ਦਾ ਕੋਈ ਅਸਰ ਨਹੀਂ ਹੁੰਦਾ। ਕੁਝ ਸਬੂਤ ਹੋਣੇ ਚਾਹੀਦੇ ਹਨ ਕਿ ਪਾਕਿਸਤਾਨ ਸ਼ਾਮਲ ਹੈ ਜਾਂ ਇਨ੍ਹਾਂ ਲੋਕਾਂ ਨੂੰ ਪਾਕਿਸਤਾਨ ਦਾ ਸਮਰਥਨ ਪ੍ਰਾਪਤ ਸੀ। ਇਹ ਸਿਰਫ਼ ਬਿਆਨ ਹਨ, ਖਾਲੀ ਬਿਆਨ ਅਤੇ ਹੋਰ ਕੁਝ ਨਹੀਂ।’’ -ਪੀਟੀਆਈ