ਯੂਕਰੇਨ ਵੱਲੋਂ ਰੂਸ ’ਤੇ ਡਰੋਨਾਂ ਨਾਲ ਹਮਲਾ
ਮਾਸਕੋ, 6 ਮਈ
ਯੂਕਰੇਨ ਵੱਲੋਂ ਰੂਸ ਦੇ ਲਗਪਗ ਦਰਜਨ ਖੇਤਰਾਂ ਵਿੱਚ ਦਾਗ਼ੇ 100 ਤੋਂ ਵੱਧ ਡਰੋਨਾਂ ਨੂੰ ਰੂਸੀ ਫੌਜਾਂ ਨੇ ਰੋਕ ਦਿੱਤਾ। ਹਾਲਾਂਕਿ, ਇਸ ਹਮਲੇ ਕਾਰਨ ਰੂਸ ਨੂੰ ਮਾਸਕੋ ਨੇੜਲੇ ਸਾਰੇ ਚਾਰ ਹਵਾਈ ਅੱਡਿਆਂ ਤੋਂ ਉਡਾਣਾਂ ਅਸਥਾਈ ਤੌਰ ’ਤੇ ਮੁਅੱਤਲ ਕਰਨੀਆਂ ਪਈਆਂ ਹਨ। ਰੂਸ ਦੇ ਰੱਖਿਆ ਮੰਤਰਾਲੇ ਨੇ ਅੱਜ ਇਹ ਜਾਣਕਾਰੀ ਦਿੱਤੀ ਹੈ। ਰੂਸ ਦੀ ਸ਼ਹਿਰ ਹਵਾਬਾਜ਼ੀ ਏਜੰਸੀ ਰੋਸਾਵਿਆਤਸੀਆ ਅਤੇ ਰੱਖਿਆ ਮੰਤਰਾਲੇ ਮੁਤਾਬਕ ਯੂਕਰੇਨ ਦੀ ਸਰਹੱਦ ਨਾਲ ਲੱਗਦੇ ਖੇਤਰਾਂ ਅਤੇ ਰੂਸ ਦੇ ਅੰਦਰੂਨੀ ਇਲਾਕਿਆਂ ਵਿੱਚ ਡਰੋਨ ਦੇ ਹਮਲੇ ਕਾਰਨ ਨੌਂ ਹੋਰ ਖੇਤਰੀ ਰੂਸੀ ਹਵਾਈ ਅੱਡਿਆਂ ਨੂੰ ਅਸਥਾਈ ਤੌਰ ’ਤੇ ਬੰਦ ਕੀਤਾ ਗਿਆ ਹੈ।
ਇਹ ਲਗਾਤਾਰ ਦੂਜੀ ਰਾਤ ਹੈ, ਜਦੋਂ ਯੂਕਰੇਨ ਨੇ ਮਾਸਕੋ ਖੇਤਰ ਨੂੰ ਨਿਸ਼ਾਨਾ ਬਣਾਇਆ ਹੈ। ਸਥਾਨਕ ਗਵਰਨਰ ਅਲੈਕਜ਼ੈਂਡਰ ਖਿਨਸਟੀਨ ਮੁਤਾਬਕ ਕੁਰਸਕ ਖੇਤਰ ਵਿੱਚ ਦੋ ਜਣੇ ਜ਼ਖ਼ਮੀ ਹੋਏ ਹਨ ਅਤੇ ਵੋਰੋਨਿਸ਼ ਖੇਤਰ ਵਿੱਚ ਵੀ ਕੁੱਝ ਨੁਕਸਾਨ ਹੋਇਆ ਹੈ। ਹਾਲਾਂਕਿ, ਰੂਸੀ ਰਿਪੋਰਟਾਂ ਦੀ ਆਜ਼ਾਦ ਤੌਰ ’ਤੇ ਪੁਸ਼ਟੀ ਨਹੀਂ ਕੀਤੀ ਜਾ ਸਕੀ। ਇਹ ਡਰੋਨ ਹਮਲਾ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਵੱਲੋਂ ਤਿੰਨ ਸਾਲ ਤੋਂ ਵੱਧ ਸਮੇਂ ਤੋਂ ਚੱਲ ਰਹੀ ਜੰਗ ਵਿੱਚ ਇਕਤਰਫ਼ਾ 72 ਘੰਟੇ ਦੀ ਜੰਗਬੰਦੀ ਦੇ ਐਲਾਨ ਤੋਂ ਦੋ ਦਿਨ ਪਹਿਲਾਂ ਹੋਇਆ ਹੈ। ਇਹ ਜੰਗਬੰਦੀ ਦੂਜੇ ਵਿਸ਼ਵ ਯੁੱਧ ਵਿੱਚ ਵਿਜੈ ਦਿਵਸ ਮੌਕੇ ਮਾਸਕੋ ਵਿੱਚ ਮਨਾਏ ਜਾਣ ਵਾਲੇ ਜਸ਼ਨਾਂ ਦੇ ਮੱਦੇਨਜ਼ਰ ਕੀਤੀ ਜਾ ਰਹੀ ਹੈ। ਰੂਸ ਨੇ 1945 ਵਿੱਚ ਨਾਜ਼ੀ ਜਰਮਨੀ ’ਤੇ ਜਿੱਤ ਹਾਸਲ ਕੀਤੀ ਸੀ। ਇਸ ਦਿਨ ਰੂਸ ਵਿੱਚ ਵੱਡੇ ਪੱਧਰ ’ਤੇ ਜਸ਼ਨ ਮਨਾਏ ਜਾਂਦੇ ਹਨ। ਇਸ ਮੌਕੇ ਵਿਦੇਸ਼ੀ ਮਹਿਮਾਨ ਵੀ ਰੂਸੀ ਰਾਜਧਾਨੀ ਵਿੱਚ ਇਕੱਤਰ ਹੋਣਗੇ।
ਇਸ ਦੌਰਾਨ ਰੂਸੀ ਫ਼ੌਜ ਨੇ ਰਾਤ ਨੂੰ ਦੇਸ਼ ਦੀ ਸਰਹੱਦ ਨੇੜੇ ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ’ਚ ਘੱਟੋ-ਘੱਟ 20 ਡਰੋਨ ਦਾਗੇ, ਜਿਸ ਕਾਰਨ ਚਾਰ ਵਿਅਕਤੀ ਜ਼ਖ਼ਮੀ ਹੋ ਗਏ। ਅਧਿਕਾਰੀ ਨੇ ਦੱਸਿਆ ਕਿ ਡਰੋਨ ਹਮਲੇ ਕਾਰਨ ਖਾਰਕੀਵ ਦੇ ਸਭ ਤੋਂ ਵੱਡੇ ਬਾਜ਼ਾਰ ਬਾਰਾਬਾਸ਼ੋਵੋ ਵਿੱਚ ਅੱਗ ਲੱਗ ਗਈ, ਜਿਸ ਕਾਰਨ 100 ਦੇ ਕਰੀਬ ਦੁਕਾਨਾਂ ਤਬਾਹ ਹੋ ਗਈਆਂ। -ਏਪੀ