ਅਮਰੀਕਾ ’ਚ ਕਿਸ਼ਤੀ ਪਲਟਣ ਕਾਰਨ ਤਿੰਨ ਹਲਾਕ
ਨਿਊਯਾਰਕ, 6 ਮਈ
ਅਮਰੀਕਾ ਦੇ ਸਾਂ ਡੀਏਗੋ ਸ਼ਹਿਰ ਨੇੜੇ ਪ੍ਰਸ਼ਾਂਤ ਮਹਾਸਾਗਰ ਵਿੱਚ ਪਰਵਾਸੀਆਂ ਨੂੰ ਲਿਜਾ ਰਹੀ ਇੱਕ ਛੋਟੀ ਕਿਸ਼ਤੀ ਪਲਟਣ ਕਾਰਨ ਤਿੰਨ ਜਣਿਆਂ ਦੀ ਮੌਤ ਹੋ ਗਈ, ਜਦੋਂਕਿ ਦੋ ਭਾਰਤੀ ਬੱਚਿਆਂ ਸਮੇਤ ਸੱਤ ਹੋਰ ਲਾਪਤਾ ਹਨ। ਘੱਟੋ-ਘੱਟ 16 ਜਣਿਆਂ ਨੂੰ ਲਿਜਾ ਰਹੀ ਕਿਸ਼ਤੀ ਸੋਮਵਾਰ ਨੂੰ ਕੈਲੀਫੋਰਨੀਆ ਦੇ ਸਾਂ ਡੀਏਗੋ ਸ਼ਹਿਰ ਤੋਂ ਲਗਪਗ 24 ਕਿਲੋਮੀਟਰ ਉੱਤਰ ਵਿੱਚ ‘ਟੋਰੀ ਪਾਈਨਜ਼ ਸਟੇਟ ਬੀਚ’ ਨੇੜੇ ਪਲਟ ਗਈ। ਅਮਰੀਕੀ ਤੱਟ ਰੱਖਿਅਕ ਬਲ ਨੇ ਬਿਆਨ ਵਿੱਚ ਕਿਹਾ, ‘‘ਸਾਂ ਡੀਏਗੋ ਖੇਤਰ ਵਿੱਚ ਤੱਟ ਰੱਖਿਅਕ ਟੀਮਾਂ ਨੂੰ ਸਵੇਰੇ ਲਗਪਗ ਸਾਢੇ ਛੇ ਵਜੇ ਇੱਕ ਕਿਸ਼ਤੀ ਦੇ ਡੁੱਬਣ ਦੀ ਸੂਚਨਾ ਮਿਲੀ। ਤਿੰਨ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਚਾਰ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।’’ ਬਿਆਨ ਵਿੱਚ ਕਿਹਾ ਗਿਆ ਹੈ ਕਿ ਬਚਾਏ ਗਏ ਵਿਅਕਤੀਆਂ ਤੋਂ ਪੁੱਛ-ਪੜਤਾਲ ਕਰਨ ਮਗਰੋਂ ਇਹ ਅਨੁਮਾਨ ਲਗਾਇਆ ਗਿਆ ਹੈ ਕਿ ਲਗਪਗ ਸੱਤ ਹੋਰ ਲਾਪਤਾ ਹਨ। ਉਨ੍ਹਾਂ ਦੀ ਭਾਲ ਲਈ ਐੱਮਐੱਚ-60 ਜੈਹਾਕ ਹੈਲੀਕਾਪਟਰ, ਸੈਕਰਾਮੈਂਟੋ ਸੀ-27 ਸਪਾਰਟਨ ਜਹਾਜ਼ ਅਤੇ ਹੋਰ ਸਾਧਨਾਂ ਦੀ ਮਦਦ ਲੈਣ ਦੇ ਨਿਰਦੇਸ਼ ਦਿੱਤੇ ਗਏ ਹਨ। ਸਾਂ ਫਰਾਂਸਿਸਕੋ ਸਥਿਤ ਭਾਰਤੀ ਸਫ਼ਾਰਤਖ਼ਾਨੇ ਨੇ ‘ਐਕਸ’ ’ਤੇ ਕਿਹਾ, ‘‘ਅੱਜ (ਸੋਮਵਾਰ) ਸਵੇਰੇ ਕੈਲੀਫੋਰਨੀਆ ਦੇ ਸਾਂ ਡੀਏਗੋ ਨਜ਼ਦੀਕ ਟੋਰੀ ਪਾਈਨਜ਼ ਸਟੇਟ ਬੀਚ ਨੇੜੇ ਕਿਸ਼ਤੀ ਪਲਟਣ ਦੀ ਘਟਨਾ ਬਹੁਤ ਹੀ ਦੁਖਦਾਈ ਹੈ।’’ ਇਸ ਵਿੱਚ ਕਿਹਾ ਗਿਆ, ‘‘ਇਸ ਘਟਨਾ ਦਾ ਸ਼ਿਕਾਰ ਇੱਕ ਭਾਰਤੀ ਪਰਿਵਾਰ ਵੀ ਹੋਇਆ ਹੈ। ਜੋੜੇ ਨੂੰ ਸਕ੍ਰਿਪਸ ਮੈਮੋਰੀਅਲ ਹਸਪਤਾਲ ਲਾ ਜੋਲਾ ਵਿੱਚ ਦਾਖ਼ਲ ਕਰਵਾਇਆ ਗਿਆ ਜਿਸ ਦੇ ਦੋ ਬੱਚੇ ਲਾਪਤਾ ਹਨ।’ ’ -ਪੀਟੀਆਈ