ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖ਼ਾਲਿਦਾ ਜ਼ਿਆ ਵਤਨ ਪਰਤੀ
ਢਾਕਾ, 6 ਮਈ
ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਲੰਡਨ ਵਿੱਚ ਚਾਰ ਮਹੀਨੇ ਇਲਾਜ ਕਰਵਾਉਣ ਮਗਰੋਂ ਅੱਜ ਵਤਨ ਪਰਤ ਆਏ ਹਨ। ਬੀਐੱਨਪੀ ਦੇ ਇੱਕ ਆਗੂ ਨੇ ਉਮੀਦ ਪ੍ਰਗਟਾਈ ਕਿ ਉਨ੍ਹਾਂ ਦੀ ਵਤਨ ਵਾਪਸੀ ਨਾਲ ਦੇਸ਼ ’ਚ ਜਮਹੂਰੀਅਤ ਦੀ ਬਹਾਲੀ ’ਚ ਮਦਦ ਮਿਲੇਗੀ। ਖ਼ਾਲਿਦਾ ਜ਼ਿਆ ਬਿਹਤਰ ਇਲਾਜ ਲਈ 8 ਜਨਵਰੀ ਨੂੰ ਲੰਡਨ ਗਈ ਸੀ ਅਤੇ ਉਸ ਨੂੰ ਦਿ ਲੰਡਨ ਕਲੀਨਿਕ ਵਿੱਚ ਦਾਖਲ ਕਰਵਾਇਆ ਗਿਆ ਸੀ। ਕਲੀਨਿਕ ਤੋਂ ਛੁੱਟੀ ਮਿਲਣ ਮਗਰੋਂ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀਐੱਨਪੀ) ਦੀ ਚੇਅਰਪਰਸਨ ਜ਼ਿਆ ਆਪਣੇ ਸਭ ਤੋਂ ਛੋਟੇ ਬੇਟੇ ਤਾਰਿਕ ਰਹਿਮਾਨ ਦੇ ਘਰ ਚਲੀ ਗਈ। ਦੱਸਣਯੋਗ ਹੈ ਕਿ ਬੰਗਲਦੇਸ਼ ਦੀ ਤਿੰਨ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੀ ਖ਼ਾਲਿਦਾ ਜ਼ਿਆ (79) ਲਿਵਰ ਸਿਰੋਸਿਸ, ਗੁਰਦਿਆਂ ਦੇ ਰੋਗ, ਦਿਲ ਸਬੰਧੀ ਸਮੱਸਿਆਵਾਂ, ਸ਼ੂਗਰ ਤੇ ਗਠੀਆ ਤੋਂ ਪੀੜਤ ਹੈ। ‘ਢਾਕਾ ਟ੍ਰਿਬਿਊਨ’ ਨੇ ਬੀਐੱਨਪੀ ਮੀਡੀਆ ਸੈੱਲ ਮੈਂਬਰ ਸੈਰੁਲ ਕਬੀਰ ਖ਼ਾਨ ਦੇ ਹਵਾਲੇ ਨਾਲ ਦੱਸਿਆ ਕਿ ਖਾਲਿਦਾ ਤੇ ਉਨ੍ਹਾਂ ਦੇ ਨਾਲ ਆਏ ਵਿਅਕਤੀਆਂ ਨੂੰ ਲੈ ਕਤਰ ਦੀ ਸ਼ਾਹੀ ਏਅਰ ਐਂਬੂਲੈੱਸ ਸਵੇਰੇ 10.40 ਵਜੇ ਹਜ਼ਰਤ ਸ਼ਾਹਜਲਾਲ ਕੌਮਾਂਤਰੀ ਹਵਾਈ ਅੱਡੇ ’ਤੇ ਉੱਤਰੀ। ਖਾਲਿਦਾ ਦੀਆਂ ਨੂੰਹਾਂ ਤਾਰਿਕ ਰਹਿਮਾਨ ਦੀ ਪਤਨੀ ਜ਼ੁਬੈਦਾ ਰਹਿਮਾਨ ਤੇ ਮਰਹੂਮ ਅਰਾਫ਼ਾਤ ਰਹਿਮਾਨ ਕੋਕੋ ਦੀ ਵਿਧਵਾ ਸਈਦਾ ਸ਼ਰਮੀਲਾ ਰਹਿਮਾਨ ਉਨ੍ਹਾਂ ਦੇ ਨਾਲ ਸਨ। -ਪੀਟੀਆਈ