ਖੇਤਾਂ ’ਚੋਂ ਬਿਜਲੀ ਲਾਈਨ ਕੱਢਣ ਦਾ ਵਿਰੋਧ
ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 1 ਅਪਰੈਲ
ਪੀਐੱਸਪੀਸੀਐੱਲ ਵੱਲੋਂ ਸਾਹਨੇਵਾਲ (ਲੁਧਿਆਣਾ) ਤੋਂ ਪੱਛਮੀ ਬੰਗਾਲ ਤੱਕ ਪਾਈ ਜਾ ਰਹੀ 220 ਕੇਵੀ ਬਿਜਲੀ ਦੀ ਲਾਈਨ ਕਾਰਨ ਜ਼ਮੀਨ ਦੇ ਹੋ ਰਹੇ ਨੁਕਸਾਨ ਅਤੇ ਘਟ ਰਹੀ ਬਾਜ਼ਾਰੀ ਕੀਮਤ ’ਤੇ ਅੱਜ ਮਿਨੀ ਸਕੱਤਰੇਤ ਰਾਜਪੁਰਾ ਵਿੱਚ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਐੱਸਕੇਐੱਮ, ਐੱਸਕੇਐੱਮ (ਗੈਰ ਸਿਆਸੀ), ਸੀਟੂ ਆਦਿ ਵੱਲੋਂ ਪ੍ਰਦਰਸ਼ਨ ਕਰਦਿਆਂ ਧਰਨਾ ਦਿੱਤਾ ਗਿਆ। ਧਰਨੇ ਵਿਚ ਕਿਸਾਨ ਬੀਬੀਆਂ ਵੱਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ। ਜਥੇਬੰਦੀਆਂ ਨੇ ਪੰਜਾਬ ਸਰਕਾਰ, ਸਿਵਲ ਪ੍ਰਸ਼ਾਸਨ ਅਤੇ ਬਿਜਲੀ ਮਹਿਕਮੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਜਥੇਬੰਦੀਆਂ ਜ਼ਮੀਨ ਦੇ ਹੋ ਰਹੇ ਨੁਕਸਾਨ ਬਦਲੇ ਢੁੱਕਵੇਂ ਮੁਆਵਜ਼ੇ ਦੀ ਮੰਗ ਕਰ ਰਹੀਆਂ ਸਨ। ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਹਰਿੰਦਰ ਸਿੰਘ ਲਾਖਾ, ਰਘਵੀਰ ਸਿੰਘ ਮੰਡੋਲੀ, ਨੈਬ ਸਿੰਘ ਲੋਚਮਾ, ਮਾਨ ਸਿੰਘ, ਚਰਨਜੀਤ ਝੁੰਗੀਆਂ, ਗੁਰਮੀਤ ਸਿੰਘ ਬਹਾਵਲਪੁਰ, ਗੁਰਜੀਤ ਸਿੰਘ ਸਰਾਲ਼ਾ, ਗੁਰਪ੍ਰੀਤ ਸਿੰਘ ਸੀਲ਼, ਗੁਰਜਿੰਦਰ ਸਿੰਘ ਕੁੱਥਾਖੇੜੀ, ਇਕਬਾਲ ਸਿੰਘ ਮੰਡੋਲੀ, ਪਵਨ ਕੁਮਾਰ ਸੋਗਲਪੁਰ, ਨਰਿੰਦਰ ਕੌਰ ਖੈਰਪੁਰ ਜੱਟਾਂ ਆਦਿ ਨੇ ਕਿਹਾ ਕਿ ਸੂਬਾ ਸਰਕਾਰ ਪੀਐੱਸਪੀਸੀਐੱਲ ਦੇ ਸਹਿਯੋਗ ਨਾਲ ਸਾਹਨੇਵਾਲ ਪੱਛਮੀ ਬੰਗਾਲ ਤੱਕ 220 ਕੇਵੀ ਦੀ ਲਾਈਨ ਕੱਢ ਰਹੀ ਹੈ ਜਿਸ ਕਾਰਨ ਖੇਤਾਂ ਵਿੱਚ ਟਾਵਰ ਲਗਾਏ ਜਾ ਰਹੇ ਹਨ। ਇਹ ਲਾਈਨ ਜ਼ਿਲ੍ਹਾ ਪਟਿਆਲ਼ਾ ਦੇ ਮੁਹੱਬਤਪੁਰ ਤੋਂ ਖ਼ਾਨਪੁਰ ਗੰਡਿਆਂ, ਕੁੱਥਾਖੇੜੀ, ਸੰਧਾਰਸੀ ਆਦਿ ਪਿੰਡਾ ’ਚੋਂ ਦੀ ਹੁੰਦੀ ਹੋਈ ਮਹਿਮਦਪੁਰ ਤੋਂ ਦੀ ਹਰਿਆਣਾ ਵਿੱਚ ਦਾਖ਼ਲ ਹੋਵੇਗੀ। ਇਸ ਕਾਰਨ ਕਿਸਾਨਾਂ ਦੀਆਂ ਜ਼ਮੀਨਾਂ ਦੇ ਬਾਜ਼ਾਰੀ ਭਾਅ ਬਹੁਤ ਡਿੱਗ ਜਾਣਗੇ ਅਤੇ ਫ਼ਸਲ ਬੀਜਣ-ਵੱਢਣ ਵਿਚ ਬਹੁਤ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦੇ ਇਸ ਨੁਕਸਾਨ ਦਾ ਨਾਮਾਤਰ ਮੁਆਵਜ਼ਾ ਦੇ ਕੇ ਪੱਲਾ ਝਾੜ ਰਹੀ ਹੈ ਜੋ ਕਿ ਕਿਸਾਨ ਜਥੇਬੰਦੀਆਂ ਕਦੇ ਵੀ ਬਰਦਾਸ਼ਤ ਨਹੀਂ ਕਰਨਗੀਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮੰਗ ਹੈ ਕਿ ਯੋਗ ਮੁਆਵਜ਼ਾ ਅਤੇ ਕਿਸਾਨਾਂ ਦੀ ਸਹਿਮਤੀ ਲੈ ਕੇ ਉਕਤ ਲਾਈਨ ਵਿਛਾਈ ਜਾਵੇ।
ਜਥੇਬੰਦੀਆਂ ਦੀ ਸਰਕਾਰੀ ਅਧਿਕਾਰੀਆਂ ਨਾਲ ਮੀਟਿੰਗ ਰਹੀ ਬੇਸਿੱਟਾ
ਐੱਸਡੀਐੱਮ ਰਾਜਪੁਰਾ ਅਵਿਕੇਸ਼ ਗੁਪਤਾ, ਪੀਐੱਸਟੀਸੀਐੱਲ ਦੇ ਐਕਸੀਅਨ ਅਤੇ ਹੋਰ ਅਧਿਕਾਰੀਆਂ ਨਾਲ ਕਿਸਾਨ ਆਗੂਆਂ ਦੀ ਲਗਭਗ ਇਕ ਘੰਟਾ ਮੀਟਿੰਗ ਚੱਲੀ ਜੋ ਕਿ ਬੇਸਿੱਟਾ ਰਹੀ ਹੈ। ਇਸ ਮੌਕੇ ਗੁਰਨਾਮ ਸਿੰਘ ਘਨੌਰ, ਪਰਵਿੰਦਰ ਸਿੰਘ ਨੌਗਾਵਾਂ, ਹਰਮੀਤ ਸਿੰਘ ਆਕੜ, ਗੁਰਸੇਵਕ ਸਿੰਘ ਸੰਧਾਰਸੀ, ਹੈਪੀ ਹਸਨਪੁਰ (ਚੜੂਨੀ), ਗੁਰਜੰਟ ਕੋਹਲੇਮਾਜਰਾ,ਗੁਰਮੇਲ ਸਿੰਘ ਢਕਾਨਸੂ,ਧਰਮਪਾਲ ਸੀਲ਼, ਜਗਪਾਲ ਸਿੰਘ ਮੰਡੋਲੀ, ਅਵਤਾਰ ਸਿੰਘ ਹਰਪਾਲਪੁਰ, ਕਰਨੈਲ ਸਿੰਘ ਰੁੜਕਾ, ਬਲਜਿੰਦਰ ਸਿੰਘ, ਗੁਰਵਿੰਦਰ ਸਿੰਘ ਧੁੰਮਾ ਸਣੇ ਕਿਸਾਨ ਤੇ ਮਜ਼ਦੂਰ ਹਾਜ਼ਰ ਸਨ।