ਅਸ਼ਟਮੀ: ਇੱਕ ਲੱਖ ਸ਼ਰਧਾਲੂਆਂ ਨੇ ਕਾਲੀ ਮਾਤਾ ਮੰਦਰ ’ਚ ਮੱਥਾ ਟੇਕਿਆ
ਸਰਬਜੀਤ ਸਿੰਘ ਭੰਗੂ
ਪਟਿਆਲਾ, 4 ਅਪਰੈਲ
ਅਸ਼ਟਮੀ ਦੇ ਮੌਕੇ ਅੱਜ ਇੱਥੇ ਸਥਿਤ ਪ੍ਰਾਚੀਨ ਅਤੇ ਪਵਿੱਤਰ ਸ੍ਰੀ ਕਾਲੀ ਮਾਤਾ ਮੰਦਰ ’ਚ ਮੱਥਾ ਟੇਕਣ ਵਾਲੇ ਸ਼ਰਧਾਲੂਆਂ ਦੀ ਭਾਰੀ ਭੀੜ ਰਹੀ। ਇੱਕ ਅੰਦਾਜ਼ੇ ਮੁਤਾਬਿਕ ਇੱਥੇ ਅੱਜ ਇੱਕ ਦਿਨ ’ਚ ਹੀ ਕਰੀਬ ਇੱਕ ਲੱਖ ਦੇ ਕਰੀਬ ਸ਼ਰਧਾਲੂ ਨਤਮਸਤਕ ਹੋਏ।
ਮੱਥਾ ਟੇਕਣ ਵਾਲੇ ਸ਼ਰਧਾਲੂਆਂ ਦੀ ਇੱਥੇ ਅੱਧਾ ਕਿਲੋਮੀਟਰ ਤੱਕ ਦੀ ਲੰਬੀ ਲਾਈਨ ਲੱਗੀ ਰਹੀ। ਉਪਰੋਂ ਗਰਮੀ ਹੋਣ ਕਾਰਨ ਕਈ ਮਹਿਲਾਵਾਂ ਦੇ ਨਾਲ ਮੌਜੂਦ ਬੱਚਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ।
ਦੱਸਣਯੋਗ ਹੈ ਕਿ ਇਸ ਪ੍ਰਾਚੀਨ ਮੰਦਰ ’ਚ ਹਰੇਕ ਸ਼ਨਿੱਚਰਵਾਰ ਨੂੰ ਵੀ ਮੱਥਾ ਟੇਕਣ ਵਾਲਿਆਂ ਦੀ ਕਾਫ਼ੀ ਭੀੜ ਹੁੰਦੀ ਹੈ। ਇਹ ਇੱਕ ਅਜਿਹਾ ਮੰਦਰ ਹੈ, ਜਿੱਥੇ ਨਤਮਸਤਕ ਹੋਣ ਵਾਲਿਆਂ ਵਿੱਚ ਸਿੱਖ ਪਰਿਵਾਰਾਂ ਦੀ ਵੀ ਵਧੇਰੇ ਗਿਣਤੀ ਹੁੰਦੀ ਹੈ। ਬਲਕਿ ਸ਼ਨਿੱਚਵਾਰ ਨੂੰ ਮੱਥਾ ਟੇਕਣ ਲਈ ਲੱਗਦੀਆਂ ਲਾਈਨ ਵਿਚ ਕਈ ਵਾਰ ਤਾਂ ਹੋਰਨਾ ਨਾਲੋਂ ਸਿੱਖ ਪਰਿਵਾਰਾਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ। ਉਂਜ ਇਨ੍ਹਾਂ ਸਿੱਖ ਪਰਿਵਾਰਾਂ ਵਿੱਚ ਵਧੇਰੇ ਪਿੰਡਾਂ ਨਾਲ ਸਬੰਧਿਤ ਹੁੰਦੇ ਹਨ। ਉਧਰ ਅੱਜ ਜਿਥੇ ਅਸ਼ਟਮੀ ਸੀ, ਉਥੇ ਹੀ ਸ਼ਨਿੱਚਰਵਾਰ ਵੀ ਸੀ, ਜਿਸ ਕਰਕੇ ਵੀ ਅੱਜ ਭੀੜ ਜਿਆਦਾ ਰਹੀ। ਸਵੇਰੇ ਚਾਰ ਵਜੇ ਤੋਂ ਲੈ ਕੇ ਦੇਰ ਰਾਤ ਤੱਕ ਸੰਗਤ ਨੇ ਮਾਤਾ ਦੇ ਦਰਸ਼ਨ ਕੀਤੇ।
ਇਹ ਵੀ ਦੱਸਣਯੋਗ ਹੈ ਕਿ ਇਥੇ ਲੋਕ ਇਸ ਮੰਦਰ ’ਚ ਸੋਨਾ, ਬੱਕਰੇ, ਸ਼ਰਾਬ ਅਤੇ ਪ੍ਰਸ਼ਾਦਿ ਆਦਿ ਤਰ੍ਹਾਂ ਦੀਆਂ ਸੁੱਖਾਂ ਸੁਖਦੇ ਹਨ। ਜਿਸ ਤਹਿਤ ਖਾਸ ਕਰਕੇ ਅਸ਼ਟਮੀ ਨੂੰ ਅਜਿਹੀਆਂ ਸੁੱਖਾਂ ਉਤਾਰੀਆਂ ਜਾਂਦੀਆਂ ਹਨ। ਇਸ ਕੜੀ ਵਜੋਂ ਹੀ ਅੱਜ ਮੱਥਾ ਟੇਕਣ ਵਾਲ਼ੀ ਲੰਮੀ ਲਾਈਨ ਵਿਚ ਖੜ੍ਹੇ ਕੁਝ ਵਿਅਕਤੀਆਂ ਨੇ ਮੰਦਰ ’ਚ ਚੜ੍ਹਾਓਣ ਲਈ ਬੱਕਰੇ ਵੀ ਕੁੱਛੜ ਚੁੱਕੇ ਹੋਏ ਸਨ। ਕਈਆਂ ਨੇ ਸ਼ਰਾਬ ਦੀਆਂ ਬੋਤਲਾਂ ਹੱਥਾਂ ’ਚ ਫੜੀਆਂ ਹੋਈਆਂ ਸਨ।
ਇਸੇ ਦੌਰਾਨ ਇਲਾਕੇ ਦੇ ਡੀਐੱਸਪੀ ਸਤਿਨਾਮ ਸਿੰਘ ਸੰਘਾ ਦੀ ਅਗਵਾਈ ਹੇਠਾਂ ਇਥੇ ਸੁਰੱਖਿਆ ਦੇ ਵੀ ਪੁਖਤਾ ਬੰਦੋਬਸਤ ਕੀਤੇ ਹੋਏ ਸਨ। ਦੂਜੇ ਬੰਨ੍ਹੇ ਅਸ਼ਟਮੀ ਦੀ ਭੀੜ ਕਾਰਨ ਅੱਜ ਸਥਾਨਕ ਸ਼ਹਿਰ ’ਚ ਟਰੈਫਿਕ ਵਿਵਸਥਾ ਵੀ ਲੜਖੜਾਈ ਰਹੀ।