ਜੌੜੇਮਾਜਰਾ ਤੋਂ ਅਧਿਆਪਕ ਖ਼ਫ਼ਾ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 8 ਅਪਰੈਲ
ਐੱਸਸੀ/ਬੀਸੀ ਅਧਿਆਪਕ ਯੂਨੀਅਨ ਪੰਜਾਬ ਨੇ ਸਮਾਣਾ ਦੇ ਸਰਕਾਰੀ ਸਕੂਲ ’ਚ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਅਧਿਆਪਕਾਂ ਨਾਲ ਵਰਤੀ ਗਈ ਸ਼ਬਦਾਵਲੀ ਦੀ ਨਿਖੇਧੀ ਕੀਤੀ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਬਲਜੀਤ ਸਿੰਘ ਸਲਾਣਾ, ਕਾਰਜਕਾਰੀ ਪ੍ਰਧਾਨ ਕਰਿਸ਼ਨ ਸਿੰਘ ਦੁੱਗਾਂ, ਜਨਰਲ ਸਕੱਤਰ ਲਛਮਣ ਸਿੰਘ ਨਬੀਪੁਰ, ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਲਤਾਲਾ, ਮੀਤ ਪ੍ਰਧਾਨ ਗੁਰਸੇਵਕ ਸਿੰਘ ਕਲੇਰ, ਪਰਵਿੰਦਰ ਭਾਰਤੀ, ਵਿੱਤ ਸਕੱਤਰ ਗੁਰਪ੍ਰੀਤ ਸਿੰਘ ਗੁਰੂ, ਵੀਰ ਸਿੰਘ ਮੋਗਾ, ਹਰਪਾਲ ਸਿੰਘ ਤਰਨਤਾਰਨ,ਅਮਿੰਦਰਪਾਲ ਸਿੰਘ, ਹਰਬੰਸ ਲਾਲ ਜਲੰਧਰ, ਹਰਦੀਪ ਸਿੰਘ ਤੂਰ, ਗੁਰਜੈਪਲ ਸਿੰਘ, ਬੇਅੰਤ ਸਿੰਘ ਭਾਂਬਰੀ, ਵਿਜੇ ਮਾਨਸਾ ਨੇ ਕਿਹਾ ਕਿ ਅਧਿਆਪਕਾਂ ਦੀ ਇਮਾਨਦਾਰੀ ਨਾਲ ਬਣੇ ਸਕੂਲਾਂ ਦੇ ਉਦਘਾਟਨ ਦੌਰਾਨ ਰਾਜਨੀਤਿਕ ਆਗੂ ਜ਼ਾਬਤੇ ’ਚ ਰਹਿਕੇ ਅਧਿਆਪਕ ਵਰਗ ਤੇ ਸਕੂਲੀ ਬੱਚਿਆਂ ਦਾ ਸਤਿਕਾਰ ਬਹਾਲ ਰੱਖਣ ਨਹੀਂ ਤਾਂ ਯੂਨੀਅਨ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਸੰਘਰਸ਼ ਲਈ ਮਜਬੂਰ ਹੋਵੇਗੀ।
ਪਟਿਆਲਾ (ਖੇਤਰੀ ਪ੍ਰਤੀਨਿਧ): ਐਂਪਲਾਈਜ਼ ਫੈਡਰੇਸ਼ਨ ਚਾਹਲ, ਅਧਿਆਪਕ ਦਲ ਪੰਜਾਬ, ਕਰਮਚਾਰੀ ਦਲ ਪੰਜਾ ਅਤੇ ਵੈਟਰਨਰੀ ਫਰਮਾਸਿਸਟ ਐਸੋਸੀਏਸ਼ਨ ਨੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਸਰਕਾਰੀ ਸਕੂਲ ਦੇ ਸਮਾਗਮ ਦੌਰਾਨ ਅਧਿਆਪਕਾਂ ਖ਼ਿਲਾਫ਼ ਮਾੜੀ ਸ਼ਬਦਾਵਨੀ ਵਰਤਣ ਦਾ ਨੋਟਿਸ ਲਿਆ ਹੈ ਜਿਸ ਸਬੰਧੀ ਉਨ੍ਹਾਂ ਨੇ ਅਧਿਆਪਕ ਜਥੇਬੰਦੀਆਂ ਵੱਲੋਂ ਰੱਖੀ ਮੰਗ ਦੀ ਹਮਾਇਤ ਵੀ ਕੀਤੀ। ਮਨਜੀਤ ਸਿੰਘ ਚਾਹਲ, ਗੁਰਜੰਟ ਸਿੰਘ ਵਾਲੀਆ, ਬਾਜ ਸਿੰਘ ਖਹਿਰਾ, ਹਰਭਜਨ ਸਿੰਘ ਪਿਲਖਣੀ, ਗੁਰਚਰਨ ਸਿੰਘ ਅਤੇ ਜਗਤਾਰ ਸਿੰਘ ਨੇ ਜੌੜਾਮਾਜਰਾ ਦੀ ਨਿਖੇਧੀ ਕੀਤੀ ਹੈ।