ਛੁੱਟੀ ਵਾਲੇ ਦਿਨ ਪੰਚਾਇਤੀ ਜ਼ਮੀਨ ਦੀ ਬੋਲੀ ਦਾ ਵਿਰੋਧ
ਸੁਨਾਮ ਊਧਮ ਸਿੰਘ ਵਾਲਾ, 4 ਮਈ
ਪਿੰਡ ਬਿਗੜ੍ਹਵਾਲ ਵਿੱਚ ਅੱਜ ਐਤਵਾਰ ਦੀ ਛੁੱਟੀ ਵਾਲੇ ਦਿਨ ਹੋ ਰਹੀ ਪੰਚਾਇਤੀ ਜ਼ਮੀਨ ਦੀ ਬੋਲੀ ਖ਼ਿਲਾਫ਼ ਖੇਤ ਮਜ਼ਦੂਰਾਂ ਨੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਰੋਸ ਪ੍ਰਗਟਾਇਆ ਅਤੇ ਸਿਵਲ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਮਜ਼ਦੂਰਾਂ ਦਾ ਦੋਸ਼ ਸੀ ਕਿ ਸਥਾਨਕ ਪ੍ਰਸ਼ਾਸਨ ਦੇ ਅਧਿਕਾਰੀ ਪੰਚਾਇਤ ਨਾਲ ਰਲ ਕੇ ਅੱਜ ਛੁੱਟੀ ਵਾਲੇ ਦਿਨ ਬੋਲੀ ਕਰਵਾ ਕੇ ਜਾਣ ਬੁੱਝ ਕੇ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ। ਇਸ ਮੌਕੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ, ਪੰਜਾਬ ਦੇ ਸੂਬਾ ਆਗੂ ਬਲਜੀਤ ਸਿੰਘ ਅਤੇ ਜ਼ਿਲ੍ਹਾ ਆਗੂ ਮੇਘ ਸਿੰਘ ਨੇ ਕਿਹਾ ਕਿ ਇਸ ਪਿੰਡ ਦੇ ਲੋਕ ਜਥੇਬੰਦੀ ਦੀ ਅਗਵਾਈ ਹੇਠ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਘੱਟ ਰੇਟ ਅਤੇ ਸਾਂਝੇ ਤੌਰ ’ਤੇ ਲੈਂਦੇ ਆ ਰਹੇ ਹਨ ਪਰ ਇਸ ਵਾਰ ਪ੍ਰਸ਼ਾਸਨ ਨੇ ਇੱਕ ਲੱਖ ਪਿੱਛੇ 20 ਫੀਸਦੀ ਵਾਧੇ ਨਾਲ ਬੋਲੀਆਂ ਕਰਵਾਉਣ ਦਾ ਨਵਾਂ ਫੁਰਮਾਨ ਜਾਰੀ ਕੀਤਾ ਹੈ ਜਿਸ ਦਾ ਜਥੇਬੰਦੀ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਅੱਜ ਪ੍ਰਸ਼ਾਸਨ ਛੁੱਟੀ ਵਾਲੇ ਦਿਨ ਵੱਧ ਰੇਟ ’ਤੇ ਬੋਲੀ ਕਰਵਾਉਣਾ ਚਾਹੁੰਦਾ ਸੀ ਜਿਸ ਦਾ ਜਥੇਬੰਦੀ ਵਲੋਂ ਵਿਰੋਧ ਕੀਤਾ ਗਿਆ ਅਤੇ ਬੋਲੀ ਹੋਣ ਮੌਕੇ ਜੋ ਵੀਡੀਓ ਰਿਕਾਰਡਿੰਗ ਹੋਣੀ ਲਾਜ਼ਮੀ ਹੈ ਪਿੰਡ ਦੀ ਪੰਚਾਇਤ ਨੇ ਉਸ ਨੂੰ ਵੀ ਰਿਕਾਰਡ ਕਰਨ ਤੋਂ ਮਜ਼ਦੂਰਾਂ ਨੂੰ ਰੋਕਿਆ ਜੋ ਕਿ ਸਰਾਸਰ ਧੱਕਾ ਹੈ। ਬੋਲੀ ਦੇ ਹੋਏ ਵਿਰੋਧ ਕਾਰਨ ਜਨਰਲ ਵਰਗ ਅਤੇ ਤੀਜੇ ਹਿੱਸੇ ਦੀ ਪੰਚਾਇਤੀ ਰਾਖਵੇਂ ਕੋਟੇ ਦੀ ਜ਼ਮੀਨ ਦੀ ਬੋਲੀ ਮੌਕੇ ’ਤੇ ਰੱਦ ਕਰ ਦਿੱਤੀ ਗਈ। ਇਕੱਠ ਨੂੰ ਸੰਬੋਧਨ ਕਰਦਿਆਂ ਪਿੰਡ ਆਗੂ ਜਗਸੀਰ ਸਿੰਘ, ਗੁਰਮੀਤ ਸਿੰਘ, ਗੁਰਚਰਨ ਸਿੰਘ ਅਤੇ ਦਲਵਾਰਾ ਸਿੰਘ ਨੇ ਕਿਹਾ ਕਿ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਘੱਟ ਰੇਟ ਅਤੇ ਸਾਂਝੇ ਤੌਰ ’ਤੇ ਲਈ ਜਾਵੇਗੀ ਅਤੇ ਸਾਰਿਆਂ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਮੰਗ ਰੱਖੀ ਕਿ ਜਿੱਥੇ ਖੇਤ ਮਜ਼ਦੂਰਾਂ ਨੂੰ ਸਸਤੇ ਭਾਅ ’ਤੇ ਤੀਜੇ ਹਿੱਸੇ ਦੀ ਜ਼ਮੀਨ ਦੀ ਖੇਤੀ ਕਰਨ ਲਈ ਦਿੱਤੀ ਜਾਵੇ, ਉੱਥੇ ਨਿਯਮਾਂ ਅਨੁਸਾਰ ਬੋਲੀ ਕਰਵਾਈ ਜਾਵੇ।
ਮਾਮਲੇ ਦੀ ਜਾਂਚ ਕਰਾਂਗੇ: ਬੀਡੀਪੀਓ
ਬਲਾਕ ਅਤੇ ਪੰਚਾਇਤ ਅਫਸਰ ਸੁਨਾਮ ਸੰਜੀਵ ਕੁਮਾਰ ਨੇ ਛੁੱਟੀ ਵਾਲੇ ਦਿਨ ਬਿਗੜ੍ਹਵਾਲ ਵਿੱਚ ਹੋ ਰਹੀ ਬੋਲੀ ਨੂੰ ਮੁੱਢ ਤੋਂ ਨਕਾਰਦਿਆਂ ਇਸ ਨੂੰ ਸਰਾਸਰ ਗਲਤ ਦੱਸਿਆ ਅਤੇ ਇਸ ਦੀ ਜਾਂਚ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਐਤਵਾਰ ਵਾਲੇ ਦਿਨ ਕੋਈ ਵੀ ਬੋਲੀ ਨਹੀਂ ਹੋ ਸਕਦੀ।