ਪਾਣੀਆਂ ਦੀ ਰਾਖੀ ਕਰਨ ’ਚ ਸਰਕਾਰ ਨਾਕਾਮ: ਬਾਜਵਾ
ਸਤਨਾਮ ਸਿੰਘ ਸੱਤੀ
ਸੁਨਾਮ ਊਧਮ ਸਿੰਘ ਵਾਲਾ, 4 ਮਈ
ਭਾਜਪਾ ਦੀ ਸੂਬਾ ਸਕੱਤਰ ਦਾਮਨ ਥਿੰਦ ਬਾਜਵਾ ਨੇ ਕਿਹਾ ਕਿ ‘ਆਪ’ ਸਰਕਾਰ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਨ ’ਚ ਅਸਫ਼ਲ ਰਹੀ ਹੈ। ਪਿਛਲੇ ਤਿੰਨ ਸਾਲਾਂ ਤੋਂ ਪੰਜਾਬ ਦਾ ਪਾਣੀ ਹਰਿਆਣਾ ਅਤੇ ਦਿੱਲੀ ਨੂੰ ਸਪਲਾਈ ਕੀਤਾ ਜਾ ਰਿਹਾ ਹੈ। ਉਦੋਂ ‘ਆਪ’ ਸਰਕਾਰ ਆਪਣੀ ਰਾਜਨੀਤਕ ਚਾਲ ਕਾਰਨ ਚੁੱਪ ਰਹੀ ਅਤੇ ਹੁਣ ਸਿੱਖਿਆ ਕ੍ਰਾਂਤੀ ਦੀ ਹਵਾ ਅਤੇ ਕਿਸਾਨਾਂ ’ਚ ਉੱਠ ਰਹੇ ਗੁੱਸੇ ਨੂੰ ਸ਼ਾਂਤ ਕਰਨ ਲਈ ‘ਆਪ’ ਨੇ ਇਹ ਡਰਾਮਾ ਕੀਤਾ ਹੈ। ਇਸ ਮਾਮਲੇ ’ਚ ‘ਆਪ’ ਸਰਕਾਰ ਹਰ ਮੋਰਚੇ ’ਤੇ ਅਸਫ਼ਲ ਹੋ ਰਹੀ ਹੈ। ਬੀਬੀਐੱਮਬੀ ’ਤੇ ਪੰਜਾਬ ਦੇ ਦਾਅਵੇ ਨੂੰ ਕਮਜ਼ੋਰ ਕਰਨ ਲਈ ‘ਆਪ’ ਸਰਕਾਰ ਜ਼ਿੰਮੇਵਾਰ ਹੈ। ਤਕਨੀਕੀ ਲੜਾਈ ਅਤੇ ਸਰਕਾਰ ਅਦਾਲਤ ’ਚ ਆਪਣਾ ਮਜ਼ਬੂਤ ਪੱਖ ਪੇਸ਼ ਕਰਨ ’ਚ ਅਸਫ਼ਲ ਰਹੀ ਹੈ। ਜਦੋਂਕਿ ਸਰਕਾਰ ਨੂੰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਾਂਗ ਸਖ਼ਤ ਸਟੈਂਡ ਲੈਣਾ ਚਾਹੀਦਾ ਸੀ। ਕੈਪਟਨ ਅਮਰਿੰਦਰ ਨੇ ਕਾਂਗਰਸ ਹਾਈਕਮਾਂਡ ਦੀਆਂ ਭਾਵਨਾਵਾਂ ਦੇ ਵਿਰੁੱਧ ਜਾ ਕੇ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਵਿਧਾਨ ਸਭਾ ’ਚ ਮਤਾ ਪਾਸ ਕੀਤਾ ਸੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਭਾਜਪਾ ਐਡਵੋਕੇਟ ਅੰਮ੍ਰਿਤਪਾਲ ਸਿੰਘ ਚੱਠਾ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੀਆਂ ਨਾਕਾਮੀਆਂ ਛੁਪਾਉਣ ਲਈ ਅਜਿਹੇ ਕੰਮ ਕਰ ਰਹੀ ਹੈ। ਇਸ ਮੌਕੇ ਹਰਮਨ ਬਾਜਵਾ, ਰਿਸ਼ੀ ਪਾਲ, ਰਾਜੀਵ ਮੱਖਣ, ਤਰਸੇਮ ਕੁਲਾਰ, ਸ਼ੰਕਰ ਬਾਂਸਲ, ਅਸ਼ੋਕ ਗੋਇਲ, ਮਾਲਵਿੰਦਰ ਗੋਲਡੀ, ਜਗਸੀਰ ਦਾਸ, ਨਰਿੰਦਰ ਸਿੰਘ ਸ਼ੇਰੋਂ, ਦਰਸ਼ਨ ਨਮੋਲ ਤੇ ਸ਼ੇਰਵਿੰਦਰ ਡਸਕਾ ਆਦਿ ਹਾਜ਼ਰ ਸਨ।