ਸਿਹਤ ਮੰਤਰੀ ਵੱਲੋਂ ਐਮਰਜੈਂਸੀ ’ਚ ਮਰੀਜ਼ਾਂ ਲਈ ਮੁਫ਼ਤ ਦਵਾਈਆਂ ਸ਼ੁਰੂ
ਪਟਿਆਲਾ, 5 ਅਪਰੈਲ
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਐਮਰਜੈਂਸੀ ਵਿੱਚ ਮਰੀਜ਼ਾਂ ਲਈ ਮੁਫ਼ਤ ਦਵਾਈਆਂ ਦੀ ਸ਼ੁਰੂਆਤ ਕਰਵਾਈ। ਇਸ ਦੌਰਾਨ ‘ਪਟਿਆਲਾ ਹੈਲਥ ਫਾਊਂਡੇਸ਼ਨ ਯੂਐੱਸਏ ਚੈਪਟਰ’ ਦਾ ਵੀ ਭਰਵਾਂ ਸਹਯਿੋਗ ਰਿਹਾ ਤੇ ਇਸ ਫਾਊਂਡੇਸ਼ਨ ਦੇ ਸਹਿਯੋਗ ਨਾਲ ਐਮਰਜੈਂਸੀ ਦੇ ਆਈ.ਸੀ.ਯੂ ਵਿਖੇ 11 ਲੱਖ ਦੀ ਲਾਗਤ ਨਾਲ ਗੁਰਦੇ ਦੇ ਮਰੀਜਾਂ ਦੇ ਡਾਇਲੇਸਿਸ ਲਈ ਲਗਾਈ ਗਈ ਨਵੀਂ ਮਸ਼ੀਨ ਅਤੇ ਹਸਪਤਾਲ ਅੰਦਰ 30 ਲੱਖ ਰੁਪਏ ਦੀ ਲਾਗਤ ਨਾਲ ਲਗਾਏ ਗਏ ਨਵੇਂ 8 ਵਾਟਰ ਕੂਲਰ ਵੀ ਮਰੀਜ਼ਾਂ ਨੂੰ ਸਮਰਪਿਤ ਕੀਤੇ। ਉਨ੍ਹਾਂ ਕਿਹਾ ਕਿ ਐਮਰਜੈਂਸੀ ਵਿਖੇ ਹੁਣ ਮਰੀਜਾਂ ਦੇ ਵਾਰਸਾਂ ਨੂੰ ਬਾਹਰੋਂ ਕੋਈ ਦਵਾਈ ਨਹੀਂ ਮੰਗਵਾਉਣੀ ਪਵੇਗੀ।
ਮੰਤਰੀ ਨੇ ਕਿਹਾ ਕਿ 2022 ’ਚ 80 ਦਵਾਈਆਂ ਮੁਫ਼ਤ ਦੇਣ ਦੀ ਸ਼ੁਰੂਆਤ ਸੂਬੇ ਵਿੱਚ ਸਿਹਤ ਕਰਾਂਤੀ ਲਿਆਉਣ ਦੇ ਮਕਸਦ ਨਾਲ ਸ਼ੁਰੂ ਕੀਤੇ ਆਮ ਆਦਮੀ ਕਲੀਨਿਕਾਂ ਤੋਂ ਕੀਤੀ ਗਈ ਸੀ ਜਿੱਥੋਂ ਤਿੰਨ ਕਰੋੜ ਲੋਕ ਲਾਭ ਲੈ ਚੁੱਕੇ ਹਨ। ਹੁਣ ਟਰਸ਼ਰੀ ਕੇਅਰ ਤਹਿਤ ਰਾਜਿੰਦਰਾ ਹਸਪਤਾਲ ਦੀ ਐਮਰਜੈਂਸੀ ਵਾਰਡ ਵਿਚੋਂ ਦਵਾਈਆਂ 100 ਫ਼ੀਸਦੀ ਮੁਫ਼ਤ ਦੇਣ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਪੜਾਅਵਾਰ ਸਾਰੇ ਪੰਜਾਬ ਵਿੱਚ ਦਵਾਈਆਂ ਮੁਫ਼ਤ ਮਿਲਣੀਆਂ ਸ਼ੁਰੂ ਹੋ ਜਾਣਗੀਆਂ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਪ੍ਰਾਇਮਰੀ ਅਤੇ ਸੈਕੰਡਰੀ ਕੇਅਰ ਹਸਪਤਾਲ ਵਿੱਚ ਡਾਕਟਰ ਕੋਈ ਦਵਾਈ ਬਾਹਰੋਂ ਲੈਣ ਲਈ ਲਿਖ ਕੇ ਨਹੀਂ ਦੇ ਰਹੇ ਅਤੇ 276 ਜ਼ਰੂਰੀ ਦਵਾਈਆਂ ਦੀ ਸੂਚੀ ’ਚ ਸ਼ਾਮਲ ਸਾਰੀਆਂ ਦਵਾਈਆਂ ਮੁਫ਼ਤ ਮਿਲ ਰਹੀਆਂ ਹਨ। ਇਕ ਮੌਕੇ ਪਟਿਆਲਾ ਹੈਲਥ ਫਾਊਂਡੇਸ਼ਨ ਤੋਂ ਡਾ. ਸੁਧੀਰ ਵਰਮਾ, ਡਾ. ਵਿਸ਼ਾਲ ਚੋਪੜਾ ਤੇ ਕਰਨਲ ਕਰਮਿੰਦਰ ਸਿੰਘ, ਜਨ ਹਿਤ ਸੰਮਤੀ ਤੋਂ ਵਿਨੋਦ ਸ਼ਰਮਾ, ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਰਾਜਨ ਸਿੰਗਲਾ, ਮੈਡੀਕਲ ਸੁਪਰਡੈਂਟ ਡਾ. ਗਿਰੀਸ਼ ਸਾਹਨੀ, ਡਾ. ਵਿਸ਼ਾਲ ਚੋਪੜਾ, ਡਾ. ਆਰਪੀਐੱਸ ਸਿਬੀਆ, ਡਾ. ਮਨਜਿੰਦਰ ਮਾਨ, ਡਾ. ਦੀਪਾਲੀ ਅਤੇ ਡਾ. ਜਤਿੰਦਰ ਕਾਂਸਲ ਹਾਜ਼ਰ ਸਨ।