ਨਾਨੀ ਬਿਨਾਂ ਨਹੀਂ ਨਾਨਕੇ
ਅਵਤਾਰ ਸਿੰਘ ਬਿਲਿੰਗ
ਅਨਮੋਲ ਯਾਦਾਂ
ਸੁਫਨੇ ਸਦਾ ਆਪਣੇ ਪਿੰਡ ਦੇ ਆਉਂਦੇ, ਜਾਂ ਫੇਰ ਨਾਨਕਿਆਂ ਦੇ। ਦਾਦਕਿਆਂ ਤੋਂ ਪਿੱਛੋਂ ਨਾਨਕੇ ਕਿਸੇ ਬੱਚੇ ਦੇ ਮਨ ਉੱਤੇ ਮੋਹਰ ਛਾਪ ਛੱਡਦੇ। ਨਾਨਕਿਆਂ ਤੋਂ ਬਿਨਾਂ ਬਚਪਨ ਅਧੂਰਾ ਹੈ। ਨਾਨੀ ਤੋਂ ਬਗ਼ੈਰ ਨਾਨਕੇ ਨੀਰਸ। ਬਾਲ ਵਰੇਸ ਵਿਚ ਮੈਨੂੰ ਨਾਨਾ ਨਾਨੀ ਤੋਂ ਰੱਜਵਾਂ ਪਿਆਰ ਮਿਲਿਆ। ਲਗਭਗ ਚਾਲੀ ਸਾਲਾਂ ਦੀ ਉਮਰ ਤੱਕ ਨਾਨੇ ਨਾਨੀ ਦੀ ਸੰਗਤ ਨਸੀਬ ਹੁੰਦੀ ਰਹੀ। ਦਰੀਆਂ, ਨਾਲ਼ੇ ਬੁਣਦੀ ਕਿਸੇ ਔਰਤ ਦੇ ਕਾਨਾ ਪੈ ਜਾਂਦਾ ਤਾਂ ਬਾਂਹ ਵਿਚ ਅੰਤਾਂ ਦਾ ਦਰਦ ਹੁੰਦਾ। ਉਹ ਝੱਟ ਮੈਨੂੰ ਗਲੀ ਗੁਆਂਢ ਵਿਚ ਖੇਡਦੇ ਨੂੰ ਬੁਲਾਉਂਦੀ, ਕਾਨਾ ਕਢਵਾਉਂਦੀ। ਲੋਕ ਵਿਸ਼ਵਾਸ ਅਨੁਸਾਰ ਮੈਂ ਬਾਲਕ ਨੇ ਇਹ ਬੋਲ ਵਾਰ ਵਾਰ ਦੁਹਰਾਉਣੇ ਹੁੰਦੇ:
‘‘ਜੀਵੇ ਮੇਰਾ ਨਾਨਾ ਨਾਨੀ
ਉੁਤਰੇ ਤੇਰਾ ਕਾਨਾ ਕਾਨੀ।’’
ਬਚਪਨ ਵਿਚ ਮੈਂ ਤੇ ਮੇਰਾ ਮਸੇਰ ਅਮਰ ਸਿੰਘ ਨਾਨਕੇ ਜਾਣ ਲਈ ਪੂਰਾ ਸਾਲ ਉਡੀਕਦੇ। ਪਹਿਲੀ ਕੱਚੀ ਜਮਾਤ ਤੋਂ ਲੈ ਕੇ ਸੱਤਵੀਂ-ਅੱਠਵੀਂ ਤੱਕ ਹਰ ਸਾਲ ਛੁੱਟੀਆਂ ਵਿਚ ਨਾਨਕੇ ਜਾਂਦੇ। ਪਹਿਲਾਂ ਪਹਿਲ ਸਾਡੇ ਮਾਪੇ ਸਾਈਕਲਾਂ ਉੱਤੇ ਛੱਡ ਆਉਂਦੇ। ਥੋੜ੍ਹੇ ਤਕੜੇ ਹੋਏ ਤਾਂ ਝੋਲਿਆਂ ਵਿਚ ਕੱਪੜੇ ਤੁੰਨਦੇ, ਸੂਏ ਦੀ ਪਟੜੀਓ ਪਟੜੀ ਤੁਰਦੇ ਵੀਹ ਕਿਲੋਮੀਟਰ ਪੈਂਡਾ ਨਬਿੇੜਦੇ ਦੁਪਹਿਰ ਤੱਕ ਛੇ ਪਿੰਡ ਟੱਪ ਕੇ ਸੱਤਵਾਂ ਨਾਨਕਿਆਂ ਦਾ ਬੰਨਾ ਪਾਰ ਕਰਦੇ। ਚਾਵਾਂਮੱਤਾ ਦਿਲ ਜ਼ੋਰ ਨਾਲ ਧੜਕਦਾ। ਅਜੀਬ ਜਿਹੀ ਵਾਸ਼ਨਾ ਆਉਂਦੀ ਜਿਹੜੀ ਉਸ ਪਿੰਡ ਦਾ ਕੱਚਾ ਦਰਵਾਜ਼ਾ ਵੜਦਿਆਂ ਤਿੱਖੀ ਮਹਿਕ ਵਿਚ ਬਦਲ ਜਾਂਦੀ। ਮੁੱਖ ਦਰਵਾਜ਼ਾ ਟੱਪਦੇ ਸਾਰ ਸੱਜੇ ਹੱਥ ਲਾਲੇ ਦੀ ਹੱਟੀ, ਖੱਬੇ ਪਾਸੇ ਲੰਬੜਦਾਰਾਂ ਦੀ ਬੈਠਕ। ਦੋਵੇਂ ਪਾਸੇ ਆਹਮੋ-ਸਾਹਮਣੇ ਰਾਜਿਆਂ ਦੇ ਮਕਾਨ। ਇਸ ਬਰਾਦਰੀ ਵਿਚੋਂ ‘ਨਾਨੀ’ ਹਰਨਾਮ ਕੌਰ ਅਕਸਰ ਆਪਣੀ ਦੇਹਲੀ ਉੱਤੇ ਬੈਠੀ ਹੁੰਦੀ। ਉਹ ਵੀ ਆਪਣੇ ਦੋਹਤਿਆਂ ਨੂੰ ਉਡੀਕਦੀ। ਸਾਡਾ ਮੱਥਾ ਟੇਕਿਆ ਮੰਨ ਕੇ ਚਾਅ ਨਾਲ ਉੱਠਦੀ, ਨੀਵੀਂ ਗਲੀ ਵੱਲ ਮੂੰਹ ਕਰ ਕੇ ਉੱਚੀ ਆਵਾਜ਼ ਮਾਰਦੀ: ‘‘ਨੀ ਹਰਿ ਕੁਰੇ! ਆਹ ਦੇਖ ਅੜੀਏ! ਬਾਹਰ ਤਾਂ ਨਿਕਲ ਭੈਣੇਂ! ਨੀ ਤੇਰੇ ਰੂਪ ਬਸੰਤ ਦੀ ਜੋੜੀ ਆ ਪਹੁੰਚੀ।’’
ਜਦੋਂ ਤੱਕ ਅਸੀਂ ਪੰਡਤਾਂ ਦਾ ਘਰ ਲੰਘ ਕੇ ਨੀਵੀਂ ਗਲੀ ਵਿਚ ਵੜਦੇ, ਸਾਡੀ ਨਾਨੀ ਉੱਡ ਕੇ ਬਾਹਰ ਨਿਕਲਦੀ। ਧੁੱਪ ਨਾਲ ਲੂਹੇ ਸਾਡੇ ਸੁਰਖ਼ ਚਿਹਰਿਆਂ ਨੂੰ ਚੁੰਮਦੀ ਨਾ ਥੱਕਦੀ। ‘‘ਮਾਂ ਸਦਕੇ! ਨੀ ਮੇਰੇ ਜੀਤ ਜੁਝਾਰ ਤੋਂ।’’ ਕਦੇ ਰਾਮ ਲਛਮਣ, ਕਦੇ ਸਾਹਿਬਜ਼ਾਦੇ ਆਖਦੀ ਨਾਨੀ ਸਾਡਾ ਮੱਥਾ ਚੁੰਮਦੀ। ਉਸ ਦੇ ਬਸਤਰਾਂ ਵਿਚੋਂ ਕੱਚੇ ਦੁੱਧ ਦੀ ਵਾਸ਼ਨਾ ਆਉਂਦੀ। ਉਸੇ ਵਕਤ ਦੁਧਾਉੜੀ (ਕਾੜ੍ਹਨੀ) ਵੱਲ ਆਹੁਲਦੀ। ਬਦਾਮੀ ਦੁੱਧ ਕੱਢ ਕੇ ਪਿਲਾਉਂਦੀ। ਆਥਣ ਵੇਲੇ ਕੱਚਾ ਪੱਕਾ ਦੁੱਧ ਮਿਲਾ ਕੇ ਪਿੱਤਲ ਦੇ ਕੱਪਾਂ ਵਿਚ ਦਿੰਦੀ। ਹਰੇਕ ਬੁੱਧਵਾਰ ਮੱਖਣੀ ਤੱਤੀ ਕਰਦੀ। ਰੱਜਵਾਂ ਘਿਓ ਸ਼ੱਕਰ ਖਵਾਉਂਦੀ। ਹਾਜ਼ਰੀ ਵਕਤ ਖੰਡ ਘਿਓ ਦੀ ਚੂਰੀ ਕੁੱਟਦੀ। ਚਮਕੌਰ ਸਾਹਿਬ ਤੋਂ ਅਮਰ ਸਿੰਘ ‘ਰੋਪੜੀਆ’ ਸਾਈਕਲ ਉੱਤੇ ਸਬਜ਼ੀ ਵੇਚਣ ਆਉਂਦਾ। ਕਦੇ ਕਦਾਈਂ ‘ਕੇਲੇ ਫਲ਼ੀ’ ਲੈ ਦਿੰਦੀ। ਕਦੇ ਕੜਾਹ ਜਾਂ ਖੀਰ ਬਣਾਉਣ ਦਾ ਲਾਲਚ ਦਿੰਦੀ, ਸਮਝਾਉਂਦੀ; ‘‘ਨਿੱਤ ਨ੍ਹੀਂ ਚਾਬਤ ਖਾਤਰ ਜੀਭ ਲਲਚਾਈਦੀ ਦੋਹਤਿਓ। ਆਦਤਾਂ ਵਿਗੜ ਜਾਂਦੀਆਂ।’’ ਲਾਲਾ ਰਾਮ ਦਿਆਲ ਦੀ ਦੁਕਾਨ ਤੋਂ ਕੋਈ ਸੌਦਾ ਖਰੀਦਣ ਜਾਂਦੇ। ਉਹ ਜੰਗਾਲੀ ਪੀਪੀ ਵਿਚੋਂ ਰੂੰਘੇ ਵਜੋਂ ਪਕੌੜੀਆਂ-ਲੈਚੀਦਾਣਾ ਤੇ ਹੋਰ ਭੋਰੇ-ਚੂਰੇ ਦੀ ਲੱਪ-ਲੱਪ ਦਿੰਦਾ ਮਿੰਨ੍ਹਾਂ ਜਿਹਾ ਮੁਸਕਰਾਉਂਦਾ। ਨਾਨਕਿਆਂ ਦੀ ਸਬ੍ਹਾਤ ਵਿਚ ਨੱਕੋ ਨੱਕ ਭਰਿਆ ‘ਸੀਰੇ’ ਦਾ ਢੋਲ ਖੁੱਲ੍ਹਾ ਪਿਆ ਹੁੰਦਾ। ਅਸੀਂ ਮੁੜ ਘਿੜ ਕੇ ਅੰਦਰ ਵੜਦੇ। ਲਾਟ ਵਿਚ ਉਂਗਲੀ ਡੋਬਦੇ, ਨੇੜੇ ਪਈ ਜਮੈਣ ’ਚ ਲਬੇੜ ਕੇ ਖ਼ੁਸ਼ ਹੋ ਕੇ ਖਾਂਦੇ।
ਨਾਨਕੇ ਪਿੰਡ ਦੀ ਹਰੇਕ ਔਰਤ ਨਾਨੀ ਮਾਮੀ ਜਾਂ ਮਾਸੀ ਲੱਗਦੀ। ਹਰੇਕ ਆਦਮੀ ਨਾਨਾ ਜਾਂ ਮਾਮਾ। ਮੇਰੇ ਮਾਮੇ ਬੇਸ਼ੱਕ ਸਾਧਾਰਨ ਜੱਟ ਜ਼ਿਮੀਂਦਾਰ ਸਨ, ਪਰ ਪਿੰਡ ਦੇ ਜਾਗੀਰਦਾਰਾਂ ਵਾਂਗ ਹਰ ਕਿਸੇ ਨੂੰ ‘ਜੀ’ ਆਖਣਾ ਸਰਦਾਰੀ ਮਰਿਆਦਾ ਸਮਝਦੇ। ਤੀਜੇ ਪਹਿਰ ਸਾਹਿਬ ਕੌਰ ਦੀ ਇਮਲੀ ਹੇਠ ਆਂਢ-ਗੁਆਂਢ ਵਿਚੋਂ ਨਾਨੀਆਂ ਮਾਮੀਆਂ ਮਾਸੀਆਂ ਜੁੜਦੀਆਂ। ਆਪਣਾ ਦੁੱਖ ਸੁੱਖ ਕਰਦੀਆਂ। ਕਦੇ ਕਦਾਈਂ ਕਿਸੇ ਦਾ ਸਾਡੇ ਵੱਲ ਰੁਖ਼ ਹੁੰਦਾ ਤਾਂ ਸਾਰੀਆਂ ਭਾਂਤ ਸੁਭਾਂਤੇ ਟੋਟਕੇ ਛੱਡਦੀਆਂ, ਸਾਨੂੰ ਖਿਝਾਉਂਦੀਆਂ, ਸਾਡੇ ਦਾਦਕਿਆਂ ਨੂੰ ਮਖੌਲ ਕਰਦੀਆਂ।
‘‘ਟੁਕੜੇ ਖਾਧੇ ਡੰਗ ਟਪਾਏ
ਕੱਪੜੇ ਪਾਟੇ ਨਾਨਕੀਂ ਆਏ।’’
ਸਭ ਤੋਂ ਵੱਧ ਮਜ਼ਾਕ ਗੁਆਂਢਣ ਨਾਨੀ ਮਤਾਬ ਕੌਰ ਕੂਕਣ ਕਰਦੀ। ਉਹ ਦੋ ਮਕਾਨਾਂ ਵਿਚਕਾਰਲੀ ਕੱਚੀ ਕੰਧੋਲ਼ੀ ਉਪਰੋਂ ਝਾਕਦੀ, ਗੋਲ ਐਨਕਾਂ ਵਿਚੋਂ ਹੱਸਦੀ, ‘‘ਆਹ ਤਾਂ ਜਾਣੀਦੀ ਢਾਹੇ ਵਾਲ਼ਿਆਂ ਦੇ ਦਾਣੇ ਮੁੱਕ ਗੇ ਲੱਗਦੇ, ਭਾਈ।’’ ਫੇਰ ਮੇਰੇ ਦਾਦੇ ਦਾ ਨਾਂ ਲੈ ਕੇ ਗੀਤ ਗਾਉਂਦੀ:
‘‘ਸਾਈਂ ਗੱਠੇ ਨਾ ਖਾਈਂ
ਭੂਕਾਂ ਕੌੜੀਆਂ।
ਸਾਈਂ ਨੇ ਕੀਤਾ ‘ਫ-ਰ-ਰ’
ਫੌਜਾਂ ਦੌੜੀਆਂ।’’
‘ਚਿੱਟੀ ਤਾਈ’ ਅਜਿਹਾ ਪਖਾਣਾ ਮੇਰੀ ਦਾਦੀ ਦੇ ਨਾਮ ਨਾਲ ਜੋੜ ਕੇ ਸੁਣਾਉਂਦੀ। ਪਰ ਮੇਰੀ ਨਾਨੀ ਕਦੇ ਵੀ ਸਾਡੇ ਦਾਦਕਿਆਂ ਦੀ ਬਦਖੋਈ ਨਾ ਕਰਦੀ। ਮੇਰੇ ਬਾਪੂ ਦੇ ਉਹ ਹਰ ਸਾਹ ਨਾਲ ਗੁਣ ਗਾਉਂਦੀ। ਸਾਂਵਲੀ, ਛੋਟੀ ਜਿਹੀ, ਸੁਨੱਖੀ ਨਾਨੀ ਕਿਸੇ ਨੂੰ ਮੰਦਾ ਨਾ ਬੋਲਦੀ। ਮੈਂ ਉਸ ਨੂੰ ਆਂਢ-ਗੁਆਂਢ ਵਿਚ ਕਦੇ ਕਿਸੇ ਨਾਲ ਤਕਰਾਰ ਕਰਦੀ ਨਹੀਂ ਸੁਣਿਆ। ਗਲੀ ਦੀਆਂ ਸਾਰੀਆਂ ਔਰਤਾਂ ਨਾਨੀ ਦੀਆਂ ਸਹੇਲੀਆਂ ਸਨ। ਉਹ ਹਰੇਕ ਦੇ ਨਾਂ ਨਾਲ ‘ਕੌਰ’ ਲਾਉਂਦੀ। ਹਰ ਮਰਦ ਭਾਵੇਂ ਉਹ ਸਬਜ਼ੀ ਭਾਜੀ ਵੇਚਣ ਵਾਲਾ ‘ਰੋਪੜੀਆ’ ਹੁੰਦਾ, ਉਸ ਨੂੰ ਸਿੰਘ ਜਾਂ ਸਿਹੁੰ ਆਖ ਬੁਲਾਉਂਦੀ। ਇਕ ਵਾਰੀ ਮੈਂ ਗੁਆਂਢ ਵਿਚੋਂ ਆਪਣੀ ਹਮਉਮਰ ਕੁੜੀ ਨਾਲ ਖੇਡਦਾ ਉਸ ਨੂੰ ਛੱਪੜ ਵਿਚ ਧੱਕਾ ਦੇ ਆਇਆ। ਕੁੱਤੇ ਚਾਲ ਭੱਜਦਾ ਘਰ ਵੜਿਆ। ਲੜਕੀ ਦੀ ਬੇਬੇ ਉਲਾਂਭਾ ਦੇਣ ਆ ਪਹੁੰਚੀ। ਉਦੋਂ ਮੇਰੀ ਨਾਨੀ ਤਿਲਮਿਲਾਈ: ‘‘ਵੇ ਗੱਡ ਹੋਣੀ ਦਿਆ! ਜੇ ਭਲਾ ਉਹ ਕੰਨਿਆਂ ਦੇਵੀ ਡੁੱਬ ਜਾਂਦੀ?’’ ਨਾਲ ਹੀ ਨਾਨੀ ਨੇ ਦੋ ਤਿੰਨ ਨਿੱਗਰ ਘਸੁੰਨ ਮੇਰੀ ਪਿੱਠ ਵਿਚ ਜੜ ਦਿੱਤੇ।
ਨਾਨੀ ਲੱਡੂ ਮੰਗਵਾ ਕੇ ਜੂਠੇ ਹੋਣ ਦੇ ਡਰੋਂ ਘਰ ਅੰਦਰਲੀ ਕੱਚੀ ‘ਕੋਠੀ’ ਵਿਚ ਅਲਹਿਦਾ ਰੱਖ ਦਿੰਦੀ। ਸ਼ਹੀਦਾਂ ਸਿੰਘਾਂ ਦੇ ਸਥਾਨ ਉੱਤੇ ਚੜ੍ਹਾਉਣ ਵਾਲਾ ਘਿਉ ਵੀ ਉੱਥੇ ਹੀ ਲੁਕਾਅ ਕੇ ਰੱਖਿਆ ਹੁੰਦਾ। ਨਿਹੰਗ ਮਾਮਾ ਚੋਰੀ ਚੋਰੀ ਦੋ ਦੋ ਚਾਰ ਚਾਰ ਲੱਡੂ ਚੁੱਕਦਾ, ਸੁੱਚੇ ਘਿਉ ਸਮੇਤ ਸਾਰਾ ਕੁਝ ਚੱਟਮ ਕਰ ਜਾਂਦਾ। ਚਾਨਣੀ ਦਸਵੀਂ ਨੂੰ ‘ਬਿਲਾਂ ਵਾਲੇ‘ ਜਾਂ ‘ਜਟਾਣਿਆਂ ਵਾਲੇ’ ਸ਼ਹੀਦ ਉੱਤੇ ਜਾਣ ਵੇਲੇ ਨਾਨੀ ਦੇਖਦੀ, ਏਨੀ ਕੁ ਹੀ ਨਾਰਾਜ਼ਗੀ ਜ਼ਾਹਰ ਕਰਦੀ, ‘‘ਵੇ ਭਾਈ ਤੈਂ ਆਹ ਕੀ ਲੋਹੜਾ ਮਾਰਿਆ? ਲੱਡੂ ਅਰ ਘਿਓ ਮੈਂ ਬਾਬਿਆਂ ਨਮਿੱਤ ਸੁੱਚਾ ਚੱਕ ਕੇ ਰੱਖਿਆ ਤੀ।’’
‘‘ਕੋਈ ਨਾ ਬੇਬੇ। ਉਹ ਤੇਰੇ ਨਾਲ਼ ਗੁੱਸੇ ਹੋ ਜਾਣ ਤਾਂ ਮੈਂ ਜੁੰਮੇਵਾਰ ਹਾਂ। ਦਸਵੀਆਂ ਕਿਹੜੀਆਂ ਮੁੱਕ ਜਾਣੀਆਂ। ਏਸ ਨੂੰ ਨਾ ਸਹੀ, ਅਗਲੀ ਆ ਜੂ। ਨਹੀਂ ਉਹਤੋਂ ਅਗਲੀ।’’ ਮਾਮੇ ਦੀਆਂ ਅਜਿਹੀਆਂ ਗੱਲਾਂ ਨਾਲ ਉਸ ਦਾ ਗੁੱਸਾ ਠੰਢਾ ਹੋ ਜਾਂਦਾ। ਉਹ ਕਿਸੇ ਦੇ ਸਿਰ ਨਾ ਆਉਂਦੀ। ਦੁੱਧ ਰਿੜਕਦੀ, ਆਟਾ ਗੁੰਨ੍ਹਦੀ, ਚੱਕੀ ਪੀਂਹਦੀ, ਸਦਾ ਪਾਠ ਕਰਦੀ। ਘਰ ਵਿਚ ਮਿੱਠਾ ਥੰਧਾ ਬਣਾਉਂਦੀ, ਵਰਤਾਉਣ ਤੋਂ ਪਹਿਲਾਂ ਚੁੱਲ੍ਹੇ ਮੂਹਰੇ ਅੰਗਿਆਰੀ ਰੱਖ ਕੇ ਹਵਨ ਦਿੰਦੀ, ਮੱਥਾ ਟੇਕਦੀ। ਨਾਨਾ ਸਦਾ ਤੱਤਾ ਪਾਣੀ ਪੀਂਦਾ, ਤੱਤੀ ਚਾਹ ਦੇ ਸੁੜ੍ਹਾਕੇ ਮਾਰਦਾ। ਸਰਦੀਆਂ ਵਿਚ ਆਪਣੀ ਗੜਵੀ ਨੂੰ ਚੁੱਲ੍ਹੇ-ਚੁਰ ਵਿਚ ਨੂੰ ਧੱਕੀ ਜਾਂਦਾ। ਰੋਟੀ ਪਕਾਉਂਦੀ ਨਾਨੀ ਨੂੰ ਅੜਿੱਕਾ ਲੱਗਦਾ, ਉਹ ਖ਼ਫਾ ਹੁੰਦੀ, ਬਰਾਬਰ ਭੁੰਜੇ ਬੈਠਾ ਨਾਨਾ ਮੁਸਕੜੀਆਂ ਹੱਸਦਾ ਉਸ ਦੇ ਕੰਨ ਵਿਚ ਝੂਲਦੀ ਵਾਲ਼ੀ ਨੂੰ ਤੁਣਕਾ ਮਾਰਦਾ। ਉਹ ਹੋਰ ਖਿਝਦੀ। ਨਾਨਾ ਉਸੇ ਰੌਂਅ ਵਿਚ ਨਾਨੀ ਦੇ ਮੱਥੇ ਉੱਤੇ ਲਟਕਦੀ ਚਾਂਦੀ ਰੰਗੀ ਲਿਟ ਖਿੱਚ ਦਿੰਦਾ। ਨਾਨੀ ‘‘ਗੱਡ ਹੋਣੀ ਦਿਆ! ਨਿਚਲਾ ਹੋ ਕੇ ਕਦੇ ਬਹਿ ਨ੍ਹੀਂ ਹੁੰਦਾ?’’ ਆਖ ਕੇ ਝੂਠੀ ਮੂਠੀ ਤੜਫਦੀ।
ਨਾਨੀ ਦੇ ਕੰਨਾਂ ਵਿਚ ਇਕ-ਇਕ ਨਹੀਂ, ਪੰਜ-ਪੰਜ ਛੇਕ ਸਨ ਜਿਨ੍ਹਾਂ ਨੂੰ ਉਹ ਵਿਹੁ ਕਹਿੰਦੀ, ਜਵਾਨੀ ਵੇਲੇ ਹਰੇਕ ਕੰਨ ਵਿਚ ਪਹਿਨੇ ਕਾਂਟੇ, ਬੁੰਦੇ, ਕੋਕਲੂ ਆਦਿ ਪੰਜ ਗਹਿਣਿਆਂ ਦੇ ਨਾਂ ਗਿਣਾਉਂਦੀ। ‘‘ਵੇ ਦੋਹਤਿਓ! ਮਾਪੇ ਤਾਂ ਮੇਰੇ ਕਾਲ਼ੇ ਮੂੰਹ ਆਲ਼ੀ ਪਲੇਗ ਨੇ ਖਾ ਲੇ। ਮੇਰੇ ਲੰਬੜਦਾਰ ਭਾਈ ਨੇ ਮੈਨੂੰ ਛੱਜ ਭਰਿਆ ਟੂੰਬਾਂ ਦਾ ਪਾਇਆ, ਮੇਰੇ ਵਿਆਹ ਵੇਲ਼ੇ! ਬੰਨੇ ਚੰਨੇ ਬੜੀ ਪੁੱਛ-ਪਰਤੀਤ ਤੀ ਉਹਦੀ…। ਥੋਡੇ ਨਾਨੇ ਦੀ ਕਬੀਲਦਾਰੀ ਸਾਰੀਆਂ ਟੂੰਬਾਂ ਨਿਗਲ਼ਗੀ।’’ ਹਉਕਾ ਲੈਂਦੀ ਨਾਨੀ ਮੁੜ ਆਪਣੇ ਪਿਉਕਿਆਂ ਦੀ ਸਿਫ਼ਤ ਸਾਲਾਹ ਛੇੜ ਲੈਂਦੀ। ਕਿਸੇ ਵਿਆਹ ਸ਼ਾਦੀ ਵਕਤ ਸਭ ਤੋਂ ਵੱਧ ਉਡੀਕ ਨਾਨਕਾ ਮੇਲ਼ ਦੀ ਹੁੰਦੀ। ਜਦੋਂ ਨਾਨੀ ਦੇ ਭਾਈ ਭਤੀਜੇ ਆ ਪਹੁੰਚਦੇ, ਨਾਨੀ ਭਾਵੁਕ ਹੋ ਜਾਂਦੀ, ‘‘ਹੁਣ ਨ੍ਹੀਂ ਮੈਂ ਕਿਸੇ ਨੂੰ ਸਿਆਣਦੀ। ਆ ਢੁੱਕਿਆ ਮੇਰਾ ਕਬੀਲਾ!’’ ਉਹ ਪੇਕਿਆਂ ਤੋਂ ਆਏ ਇਕੱਲੇ ਇਕੱਲੇ ਜੀਅ ਨੂੰ ਮੋਹ ਤਿਹੁ ਨਾਲ ਮਿਲਦੀ, ਫੁੱਲੀ ਨਾ ਸਮਾਉਂਦੀ।
ਚੇਤ ਮਹੀਨਾ ਚਤੁਰਾਈਆਂ ਦਿਖਾਉਂਦਾ, ਬੱਦਲ ਗੜ੍ਹਕਦਾ। ਨਾਨੀ ਦਾ ਕਲੇਜਾ ਧੜਕਦਾ। ਉਹ ਹਾਉਲੀ ਹੋਈ ਆਕਾਸ਼ ਵੱਲ ਦੋਵੇਂ ਹੱਥ ਜੋੜਦੀ, ਸਾਰੇ ਪੀਰ ਫਕੀਰ ਧਿਆਉਂਦੀ, ‘‘ਹੁਣ ਤਾਂ ਬੇੜਾ ਨੱਕੋ ਨੱਕ ਭਰਿਆ ਹੋਇਐ, ਸੱਚੇ ਪਾਤਸ਼ਾਹ। ਮੇਰੇ ਪੁੱਤਾਂ ਦੀ ਸਾਲ ਭਰ ਦੀ ਕਮਾਈ ਐ, ਬਾਬਾ ਬਿਲਾਂ ਆਲ਼ਿਆ! ਸੁੱਖੀਂ ਸਾਂਦੀ ਭਰਿਆ ਬੇੜਾ ਪਾਰ ਲਾ ਦੇ ਨੌਵੇਂ ਪਾਤਸ਼ਾਹ! ਜਿੱਕਣ ਤੈਂ ਮੱਖਣ ਸ਼ਾਹ ਲੁਬਾਣੇ ਦਾ ਲਾਇਆ ਤੀ।’’ ਗੜੇਮਾਰ ਸ਼ੁਰੂ ਹੋ ਜਾਂਦੀ। ਨਾਨੀ ਇਕਦਮ ਕੱਚੀ ਝਲਿਆਨੀ ਵਿਚੋਂ ਤਵਾ ਚੁੱਕਦੀ, ਪੁੱਠਾ ਕਰ ਕੇ ਵਿਹੜੇ ਵਿਚ ਵਗਾਹ ਮਾਰਦੀ।
ਬਿਜਲੀ ਹਾਲੇ ਉੱਥੇ ਨਹੀਂ ਆਈ ਸੀ। ਭਾਦੋਂ ਦੇ ਮਹੀਨੇ ਦੁਪਹਿਰ ਵੇਲੇ ਹੁੰਮਸ ਭਰੀ ਧੂੰਆਂਧਾਰ ਝਲਿਆਨੀ ਹੇਠ ਰੋਟੀਆਂ ਪਕਾ ਕੇ ਹਟਦੀ ਨਾਨੀ ਕੱਚੇ ਵਰਾਂਡੇ ਵਿਚ ਸਾਹ ਲੈਂਦੀ। ਉਸ ਦੇ ਪਿੱਤ ਲੜਦੀ। ਮੇਰਾ ਮਸੇਰ ਤੇ ਮੈਂ ਝੱਗਾ ਚੁੱਕ ਕੇ ਉਸ ਦੀ ਪਿੱਠ ਮਲਦੇ। ਮੈਲ਼ ਦੀਆਂ ਬੱਤੀਆਂ ਉਤਰਦੀਆਂ, ਨਾਨੀ ਨੂੰ ਆਰਾਮ ਮਿਲਦਾ, ਉਹ ਅਸੀਸਾਂ ਦਿੰਦੀ ਨਾ ਥੱਕਦੀ। ਰਾਤ ਵੇਲੇ ਉਹ ਸਾਨੂੰ ਦਸ ਪਾਤਸ਼ਾਹੀਆਂ, ਸਾਹਿਬਜ਼ਾਦਿਆਂ, ਮਾਈ ਲੋਈ, ਭਗਤ ਕਬੀਰ, ਧੰਨੇ ਅਤੇ ਰਵਿਦਾਸ ਦੀਆਂ ਸਾਖੀਆਂ ਸੁਣਾਉਂਦੀ। ਲੋਰੀਆਂ ਨਾਲ ਸੁਲਾਉਂਦੀ। ਸਵੇਰੇ ਦੁੱਧ ਰਿੜਕਦੀ ਨਾਨੀ ਦੇ ਗੁਣਗੁਣਾਏ ਭਜਨ ਕੀਰਤਨ ਨਾਲ ਹੀ ਅਸੀਂ ਜਾਗਦੇ:
‘‘ਕੁੜੀਆਂ ਧੱਕਦੀਆਂ ਧੱਕਦੀਆਂ ਥੱਕ ਗਈਆਂ
ਕੰਧ ਹੈ ਨਹੀਂ ਲਾਲ ’ਤੇ ਡਿੱਗਣ ਵਾਲ਼ੀ…’’
ਬਾਬੇ ਨਾਨਕ ਦੇ ਵਿਆਹ ਦਾ ਇਹ ਦ੍ਰਿਸ਼ ਚਿਤਰਦੀ ਨਾਨੀ ਆਪਣੀ ਲੋਰ ਵਿਚ ਗਾ ਰਹੀ ਹੁੰਦੀ। ਉਸ ਕੋਲ ਆਨੰਦਪੁਰ ਦੇ ਹੋਲੇ ਅਤੇ ਬਾਬੇ ਵਡਭਾਗ ਸਿੰਘ ਦੇ ਡੇਰੇ ਬਾਰੇ ਕਿੰਨੀਆਂ ਸਾਖੀਆਂ ਤੇ ਸ਼ਬਦ ਸਨ। ਉਹ ਸਿੱਖੀ ਨਾਲ ਜੁੜੀ ਹੋਈ ਸੀ ਜਦੋਂਕਿ ਮੇਰਾ ਨਾਨਾ ਪੱਕਾ ਬ੍ਰਾਹਮਣਵਾਦੀ। ਨਾਨੇ ਨੇ ਤਾਂ ਮਰਨ ਤੋਂ ਵੀਹ ਵਰ੍ਹੇ ਪਹਿਲਾਂ ਆਪਣੀਆਂ ਅਸਥੀਆਂ ਗੰਗਾ ਦੇ ਸਪੁਰਦ ਕਰਨ ਦਾ ਫਰਮਾਨ ਜਾਰੀ ਕਰ ਦਿੱਤਾ ਸੀ।
‘‘ਮੈਂ ਤਾਂ ਸਿੱਖਾਂ ਦੀ ਧੀ ਹਾਂ, ਭਾਈ। ਮੇਰੇ ਫੁੱਲ ਕੀਰਤਪੁਰ ਈ ਪਾਇਓ!’’ ਨਾਨੀ ਗੱਜ ਵੱਜ ਕੇ ਆਖਦੀ।
ਅੱਸੀਆਂ ਨੂੰ ਟੱਪੀ ਨਾਨੀ ਦੀ ਨਜ਼ਰ ਅਪਰੇਸ਼ਨ ਕਰਵਾਉਣ ਦੇ ਬਾਵਜੂਦ ਜਾਂਦੀ ਰਹੀ। ਹੁਣ ਜਦੋਂ ਮੈਂ ਆਪਣੀ ਪਤਨੀ ਅਤੇ ਜਵਾਕਾਂ ਨਾਲ ਨਾਨਕੇ ਜਾਂਦਾ ਤਾਂ ਨਾਨੀ ਸਾਡੇ ਚਹੁੰਆਂ ਦੇ ਮੂੰਹ ਟੋਂਹਦੀ, ਭਰਵਾਂ ਪਿਆਰ ਦਿੰਦੀ। ਅਣਆਈ ਤੁਰ ਗਏ ਮੇਰੇ ਬਾਪੂ ਬੀਬੀ ਨੂੰ ਯਾਦ ਕਰਦੀ ਅੱਖਾਂ ਭਰ ਲੈਂਦੀ, ‘‘ਬਹੁਤ ਚੰਗਾ ਤੀ ਥੋਡਾ ਬਾਪੂ। ਬਾਹਲ਼ੀ ਸਾਊ, ਮੇਰੀ ਧੀ ਥੋਡੀ ਬੀਬੀ। ਥੋਡਾ ਬਾਪੂ ਜਦ ਬੋਲਦਾ, ਮੂੰਹੋਂ ਫੁੱਲ ਕਿਰਦੇ। ਬੁੱਲ੍ਹਾਂ ’ਤੇ ਪਤਾਸੇ ਖੇਲ੍ਹਦੇ। ਜਦ ਏਥੇ ਆਉਂਦਾ, ਗਲੀ ਦੀਆਂ ਸਾਰੀਆਂ ਬੁੜ੍ਹੀਆਂ ਉਹਨੂੰ ਮਿਲ ਕੇ ਖ਼ੁਸ਼ ਹੁੰਦੀਆਂ। ਹਰੇਕ ਦੇ ਪੈਰੀਂ ਹੱਥ ਲਾਉਂਦਾ, ਜਾਣੀਦੀ ਢਿੱਡ ’ਚ ਵੜ ਜਾਂਦਾ। ਭਾਣੇ ਅਣਮੇਟ ਨੇ ਪੁੱਤ। ਚੱਲ ਉਹ ਜਾਣੇ। ਮੇਰੀ ਦੇਬੋ ਦੀ ਫੁੱਲਬਾੜੀ ਖਿੜੀ ਰਹੇ।’’ ਨਾਨੀ ਆਪਣੇ ਆਪ ਨਾਲ ਗੱਲੀਂ ਲੱਗੀ ਰਹਿੰਦੀ। ਅਸੀਂ ਵਾਪਸ ਮੁੜਨ ਵੇਲੇ ਮੱਥਾ ਟੇਕਦੇ। ਮੇਰੀ ਪਤਨੀ ਮੰਜੇ ਉਪਰ ਬੈਠੀ ਨਾਨੀ ਦੇ ਗਲ਼ ਲੱਗਦੀ ਤਾਂ ਮੇਰੀ ਪਤਨੀ ਦੇ ਕੰਨ ਵਿਚ ਉਹ ਫੁਸਫੁਸਾਉਂਦੀ, ‘‘ਏਹ ਦੱਸ ਮੈਨੂੰ ਵਹੁਟੀਏ! ਤੈਨੂੰ ਕੁਛ ਦਿੱਤਾ ਵੀ ਐ, ਮੇਰੀ ਨੂੰਹ ਨੇ? ਮੇਰੇ ਦੋਹਤੇ ਅਰ ਪੜਦੋਹਤਿਆਂ ਦੇ ਹੱਥਾਂ ’ਤੇ ਕੋਈ ਪੈਸਾ ਟਕਾ ਧਰਿਐ? ਮੇਰੇ ਦੋਹਤਮਾਨ ਦੀ ਟੱਬਰੀ ਨੂੰ ਸੱਖਣੀ ਤਾਂ ਨ੍ਹੀਂ ਤੋਰ ਦਊ? ਅੱਖਾਂ ਕੰਨੀਂਓਂ ਮੇਰਾ ਜੱਗ ਜਹਾਨ ਸੁੰਨਾ ਹੋ ਗਿਐ। ਨਹੀਂ ਤਾਂ ਮੈਂ ਕਾਹਨੂੰ ਬਿਗਾਨੀਆਂ ਦੇ ਵੱਸ ਪੈਂਦੀ।’’ ਨਾਨੀ ਦੀ ਫੁਸਫੁਸਾਹਟ ਜਾਰੀ ਰਹਿੰਦੀ ਜਦੋਂ ਤੱਕ ਮੇਰੀ ਜੀਵਨ ਸਾਥਣ ਮਾਮੀ ਵੱਲੋਂ ਦਿੱਤੇ ਸਾਰੇ ਨੋਟ ਉਸ ਦੀ ਹਥੇਲੀ ਉਪਰ ਨਾ ਰੱਖ ਦਿੰਦੀ।ਕਦੇ ਕਦਾਈਂ ਨਾਨੀ ਆਪਣੀ ਅੰਤਿਮ ਇੱਛਾ ਦੱਸਦੀ। ਸਾਡੇ ਨਾਨੇ ਦੇ ਹੱਥਾਂ ਵਿਚ ਸਵਾਸ ਛੱਡਣ ਦੀਆਂ ਅਰਜੋਈਆਂ ਕਰਦੀ। ਉਸ ਦੀ ਇਹ ਅਰਦਾਸ ਜਿਵੇਂ ਧਰਮਰਾਜ ਨੇ ਨੇੜੇ ਹੋ ਕੇ ਸੁਣ ਲਈ ਹੋਵੇ। ਜਦੋਂ ਪੰਜਾਬ ਵਿਚ ਤੱਤੀ ਲਹਿਰ ਚਲਦੀ, ਨਾਨੀ ਇਕ ਸਵੇਰ ਚੁੱਪਚਾਪ ਉਡਾਰੀ ਮਾਰ ਗਈ। ਕਈ ਸਾਲ ਮਗਰੋਂ ਨਾਨਾ ਵੀ ਤੁਰ ਗਿਆ। ਉਦੋਂ ਮੇਰੇ ਗੁਆਂਢ ਵਿਚ ਜੇ ਕੋਈ ਜਵਾਕ ਨਾਨਕੀਂ ਆਉਂਦਾ, ਮੈਨੂੰ ਨਾਨੀ ਤੇ ਆਂਢ-ਗੁਆਂਢ ਦੀਆਂ ਤ੍ਰੀਮਤਾਂ ਵਾਂਗ ਪਿੰਡ ਦੇ ਦੋਹਤੇ ਜਾਂ ਦੋਹਤੀ ਨੂੰ ਦੇਖ ਕੇ ਮੋਹ ਜਾਗਦਾ। ਮੈਂ ਉਸ ਨੂੰ ਦੁਕਾਨ ਉੱਤੇ ਲੈ ਜਾਂਦਾ, ਘਰ ਆਏ ਦੀ ਪੁੱਛ ਪਰਤੀਤ ਕਰਦਾ, ਬਿਲਕੁਲ ਉਵੇਂ ਜਿਵੇਂ ਮੇਰੇ ਨਾਨਕੇ ਪਿੰਡ ਤੇਲੂ ਰਾਮ ਖੱਤਰੀ ਦੀ ਪਤਨੀ ਤੇ ਮੇਰੀ ਨਾਨੀ ਦੀ ਸਹੇਲੀ ਪ੍ਰਸਿੰਨੀ ਮੈਨੂੰ ਉਨ੍ਹਾਂ ਦੇ ਪੁੱਤਰ ਚਰਨੀ ਨਾਲ ਘਰ ਗਏ ਨੂੰ ਪਿੰਨੀਆਂ ਖਵਾਉਂਦੀ।
ਮੈਂ ਅਤੇ ਮੇਰਾ ਮਸੇਰ ਹੁਣ ਦਾਦੇ, ਨਾਨੇ ਬਣੇ ਵੀ ਕਦੇ ਕਦਾਈਂ ਨਾਨਕੇ ਪਿੰਡ ਜਾਂਦੇ ਹਾਂ। ਮਾਮਿਆਂ ਦਾ ਅੰਦਰਲਾ ਕੱਚਾ ਮਕਾਨ ਦੇਖਣ ਨੂੰ ਸਾਡਾ ਚਿੱਤ ਕਰਦਾ ਹੈ। ਅਜੀਬ ਵਾਸ਼ਨਾ ਛੱਡਦਾ ਦਰਵਾਜ਼ਾ ਕਦੋਂ ਦਾ ਢਹਿ ਢੇਰੀ ਹੋ ਚੁੱਕਾ ਹੈ। ਲਾਲੇ ਦੀ ਹਵੇਲੀ ਵਿਚ ਕਬੂਤਰ ਬੋਲਦੇ। ਮਾਮਿਆਂ ਦੇ ਮਕਾਨ ਦੀ ਥਾਂ ਸਫ਼ੈਦੇ ਖੜ੍ਹੇ ਹਨ। ਗੁਆਂਢ ਵਿਚ ਇਮਲੀ ਵਾਲੇ ਘਰ ਪਰਵਾਸੀ ਮਜ਼ਦੂਰ ਵੱਸਦੇ। ਆਲੇ-ਦੁਆਲੇ ਸਭ ਖਾਲਮ ਖ਼ਾਲੀ ਖੋਲ਼ੇ!
ਹੁਣ ਦੇ ਨਿਆਣੇ ਆਪਣੇ ਨਾਨਕੀਂ ਨਹੀਂ ਆਉਂਦੇ। ਨਾਨਕੇ ਹੁੰਦੇ ਸੁੰਦੇ, ਨਾਨਕੇ ਖੁੱਸ ਚੁੱਕੇ ਹਨ। ਮਾਪਿਆਂ ਦੇ ਮਨਾਂ ਦੀ ਤੜਫਣ ਭਟਕਣ ਤੇ ਅਜੀਬ ਖੁਤਖੁਤੀ ਨੇ ਬੱਚਿਆਂ ਦਾ ਬਚਪਨ ਖੋਹ ਲਿਆ ਹੈ। ‘ਮੇਰਾ ਬੱਚਾ! ਮੈਂ ਅਪਣੇ ਢੰਗ ਨਾਲ਼ ਪਾਲ਼ੂੰ!’ ਅਜਿਹੀ ਧਾਰਨਾ ਮਾਪਿਆਂ ਦੇ ਧੁਰ ਅੰਦਰ ਘਰ ਕਰ ਚੁੱਕੀ ਹੈ। ਨਾਨਕੇੇ, ਭੂਆ ਜਾਂ ਮਾਸੀ ਦੇ ਜਾਣ ਦੀ ਗੱਲ ਦੂਰ ਰਹੀ, ਹੁਣ ਦਾਦੇ ਦਾਦੀ ਜਾਂ ਨਾਨੇ ਨਾਨੀ ਉੱਤੇ ਵੀ ਉਹ ਭਰੋਸਾ ਨਹੀਂ ਰਿਹਾ। ਚਹੁੰ ਤਰਫ਼ ਬੇਭਰੋਸਗੀ ਦਾ ਮਾਹੌਲ ਹੈ। ਸਾਡੀਆਂ ਵਿਆਹੀਆਂ ਵਰੀਆਂ ਮੁਟਿਆਰਾਂ ਆਪਣੇ ਬਾਲ ਬਾਲੜੀ ਦੇ ਸੋਝੀ ਸੰਭਾਲਦੇ ਸਾਰ ਉਸ ਨੂੰ ਲੈ ਕੇ ਧਰਮ ਸਥਾਨਾਂ ਉੱਤੇ ਜਾਂਦੀਆਂ, ਪਲਾਸਟਿਕ ਦਾ ਜਹਾਜ਼ ਚੜ੍ਹਾਉਂਦੀਆਂ, ਨੰਨ੍ਹੇ-ਮੁੰਨੇ ਦੇ ਇੱਥੋਂ ਜਲਦੀ ‘ਉਡਾਰੀ’ ਭਰਨ ਦੀਆਂ ਸੁੱਖਾਂ ਸੁੱਖਦੀਆਂ ਹਨ।
ਸੰਪਰਕ: 82849-09596