ਛੋਟੀਆਂ ਬੱਚਤਾਂ ਯੋਜਨਾਵਾਂ ’ਤੇ ਵਿਆਜ ਦਰਾਂ ’ਚ ਤਬਦੀਲੀ ਨਹੀਂ
ਨਵੀਂ ਦਿੱਲੀ: ਸਰਕਾਰ ਨੇ ਅੱਜ ਵਿੱਤੀ ਸਾਲ 2025-26 ਦੀ ਅਪਰੈਲ-ਜੂਨ ਤਿਮਾਹੀ ਲਈ ਪੀਪੀਐੱਫ ਤੇ ਐੱਨਐੱਸਸੀ ਸਮੇਤ ਵੱਖ ਵੱਖ ਛੋਟੀਆਂ ਬੱਚਤਾਂ ਯੋਜਨਾਵਾਂ ’ਤੇ ਵਿਆਜ ਦਰਾਂ ਬਰਕਰਾਰ ਰੱਖਣ ਦਾ ਫ਼ੈਸਲਾ ਲਿਆ ਹੈ। ਇਹ ਲਗਾਤਾਰ ਪੰਜਵੀਂ ਤਿਮਾਹੀ ਹੈ ਜਦੋਂ ਛੋਟੀਆਂ ਬੱਚਤਾਂ ਯੋਜਨਾਵਾਂ ’ਤੇ ਵਿਆਜ ਦਰਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਵਿੱਤ ਮੰਤਰਾਲੇ ਨੇ ਨੋਟੀਫਿਕੇਸ਼ਨ ’ਚ ਕਿਹਾ ਕਿ ਪਹਿਲੀ ਅਪਰੈਲ 2025 ਤੋਂ ਸ਼ੁਰੂ ਹੋ ਕੇ 30 ਜੂਨ 2025 ਨੂੰ ਖਤਮ ਹੋਣ ਵਾਲੀ ਤਿਮਾਹੀ ’ਚ ਵੱਖ ਵੱਖ ਛੋਟੀਆਂ ਬੱਚਤਾਂ ਯੋਜਨਾਵਾਂ ’ਤੇ ਵਿਆਜ ਦਰਾਂ ਵਿੱਤੀ ਸਾਲ 2024-25 ਦੀ ਜਨਵਰੀ-ਮਾਰਚ ਤਿਮਾਹੀ ਲਈ ਨੋਟੀਫਾਈ ਦਰਾਂ ਮੁਤਾਬਕ ਬਰਕਰਾਰ ਰਹਿਣਗੀਆਂ। ਨੋਟੀਫਿਕੇਸ਼ਨ ਅਨੁਸਾਰ ਸੁਕੰਨਿਆ ਸਮ੍ਰਿਧੀ ਯੋਜਨਾ ਤਹਿਤ ਜਮ੍ਹਾਂ ਰਾਸ਼ੀ ’ਤੇ 8.2 ਫੀਸਦ ਵਿਆਜ ਦਰ ਮਿਲੇਗੀ ਜਦਕਿ ਤਿੰਨ ਸਾਲਾ ਮਿਆਦੀ ਦਰ 7.1 ਫੀਸਦ ’ਤੇ ਬਰਕਰਾਰ ਰਹੇਗੀ। ਪੀਪੀਐੱਫ ਤੇ ਡਾਕਘਰ ਬੱਚਤ ਜਮ੍ਹਾਂ ਯੋਜਨਾਵਾਂ ਦੀਆਂ ਵਿਆਜ ਦਰਾਂ ਵੀ ਕ੍ਰਮਵਾਰ 7.1 ਫੀਸਦ ਤੇ ਚਾਰ ਫੀਸਦ ’ਤੇ ਬਰਕਰਾਰ ਰੱਖੀਆਂ ਗਈਆਂ ਹਨ। ਕਿਸਾਨ ਵਿਕਾਸ ਪੱਤਰ ’ਤੇ ਵਿਆਜ ਦਰ ਪਹਿਲਾਂ ਦੀ ਤਰ੍ਹਾਂ 7.5 ਫੀਸਦ ਹੋਵੇਗੀ। -ਪੀਟੀਆਈ