ਪ੍ਰਦੂਸ਼ਣ ਭਾਰਤ ਲਈ ਸਭ ਤੋਂ ਵੱਡੀ ਚੁਣੌਤੀ: ਗਡਕਰੀ
ਠਾਣੇ, 31 ਮਾਰਚ
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਅੱਜ ਜੈਵਿਕ ਈਂਧਨ ਤੋਂ ਬਦਲਵੇਂ ਊਰਜਾ ਸਰੋਤਾਂ ਵੱਲ ਜਾਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਪ੍ਰਦੂਸ਼ਣ ਭਾਰਤ ਲਈ ਸਭ ਤੋਂ ਵੱਡੀ ਚੁਣੌਤੀ ਹੈ ਅਤੇ ਆਵਾਜਾਈ ਖੇਤਰ ਇਸ ਵਿੱਚ ਵੱਡਾ ਯੋਗਦਾਨ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਜੈਵਿਕ ਈਂਧਨ ’ਤੇ ਨਿਰਭਰਤਾ ਆਰਥਿਕ ਬੋਝ ਹੈ। 22 ਲੱਖ ਕਰੋੜ ਰੁਪਏ ਸਾਲਾਨਾ ਬਾਲਣ ਦੀ ਦਰਾਮਦ ’ਤੇ ਖਰਚੇ ਜਾਂਦੇ ਹਨ ਅਤੇ ਇਹ ਵਾਤਾਵਰਨ ਲਈ ਖ਼ਤਰਾ ਵੀ ਹੈ, ਜਿਸ ਕਰਕੇ ਦੇਸ਼ ਦੀ ਤਰੱਕੀ ਲਈ ਸਾਫ਼ ਊਰਜਾ ਨੂੰ ਅਪਣਾਉਣਾ ਬਹੁਤ ਅਹਿਮ ਹੈ।
ਠਾਣੇ ਵਿੱਚ ਵਾਤਾਵਰਨ ਅਨੁਕੂਲ ਇਲੈਕਟ੍ਰਿਕ ਸਾਈਕਲ ਲਾਂਚ ਕਰਦਿਆਂ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨੇ ਕਿਹਾ ਕਿ ਵਧਦੇ ਸ਼ਹਿਰੀਕਰਨ ਦੇ ਮੱਦੇਨਜ਼ਰ ਟਿਕਾਊ ਸ਼ਹਿਰੀ ਆਵਾਜਾਈ ਦੇ ਬਦਲ ਵਜੋਂ ਸਾਈਕਲਿੰਗ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਗਡਕਰੀ ਨੇ ਕਿਹਾ ਕਿ ਭਾਰਤ ਦਾ ਆਟੋਮੋਬਾਈਲ ਸੈਕਟਰ 2014 ਤੋਂ ਤੇਜ਼ੀ ਨਾਲ ਵਧਿਆ ਹੈ ਅਤੇ ਜਪਾਨ ਨੂੰ ਪਛਾੜ ਕੇ ਵਿਸ਼ਵ ਪੱਧਰ ’ਤੇ ਤੀਜਾ ਸਭ ਤੋਂ ਵੱਡਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ 2030 ਤੱਕ ਭਾਰਤ ਇਲੈਕਟ੍ਰਿਕ ਵਾਹਨ (ਈਵੀ) ਉਤਪਾਦਨ ਵਿੱਚ ਮੋਹਰੀ ਬਣ ਜਾਵੇਗਾ, ਜਿਸ ਦਾ ਆਲਮੀ ਆਟੋ ਬਾਜ਼ਾਰ ’ਤੇ ਅਹਿਮ ਪ੍ਰਭਾਵ ਪਵੇਗਾ। -ਪੀਟੀਆਈ