Nishikant Dubey's remarks on judiciary: ਸੁਪਰੀਮ ਕੋਰਟ ਪਟੀਸ਼ਨ ’ਤੇ ਅਗਲੇ ਹਫ਼ਤੇ ਸੁਣਵਾਈ ਲਈ ਸਹਿਮਤ
ਨਵੀਂ ਦਿੱਲੀ, 22 ਅਪਰੈਲ
Nishikant Dubey's remarks on judiciary ਸੁਪਰੀਮ ਕੋਰਟ ਭਾਜਪਾ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਵੱਲੋਂ ਸਿਖਰਲੀ ਕੋਰਟ ਅਤੇ ਭਾਰਤ ਦੇ ਚੀਫ਼ ਜਸਟਿਸ (ਸੀਜੇਆਈ) ਸੰਜੀਵ ਖੰਨਾ ਬਾਰੇ ਕੀਤੀਆਂ ਆਲੋਚਨਾਤਮਕ ਟਿੱਪਣੀਆਂ ਦੇ ਹਵਾਲੇ ਨਾਲ ਦਾਇਰ ਪਟੀਸ਼ਨ ’ਤੇ ਅਗਲੇ ਹਫ਼ਤੇ ਸੁਣਵਾਈ ਲਈ ਸਹਿਮਤ ਹੋ ਗਈ ਹੈ। ਇਸ ਮਾਮਲੇ ਨੂੰ ਜਸਟਿਸ ਬੀਆਰ ਗਵਈ ਅਤੇ ਜਸਟਿਸ ਅਗਸਟੀਨ ਜੌਰਜ ਮਸੀਹ ਦੇ ਬੈਂਚ ਅੱਗੇ ਫੌਰੀ ਸੂਚੀਬੱਧ ਕਰਨ ਲਈ ਕਿਹਾ ਗਿਆ ਸੀ।
ਵਕੀਲ ਨੇ ਬੈਂਚ ਨੂੰ ਦੱਸਿਆ ਕਿ ਦੂਬੇ ਨੇ ਕਿਹਾ ਸੀ ਕਿ ਸੀਜੇਆਈ ਦੇਸ਼ ਵਿੱਚ ‘ਖਾਨਾਜੰਗੀ’ ਲਈ ਜ਼ਿੰਮੇਵਾਰ ਹੈ ਅਤੇ ਉਨ੍ਹਾਂ ਦੀਆਂ ਟਿੱਪਣੀਆਂ ਵਾਲਾ ਵੀਡੀਓ ਵਾਇਰਲ ਹੋਣ ਤੋਂ ਬਾਅਦ, ਸੋਸ਼ਲ ਮੀਡੀਆ ’ਤੇ ਸੁਪਰੀਮ ਕੋਰਟ ਲਈ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਜਾ ਰਹੀ ਹੈ। ਵਕੀਲ ਨੇ ਕਿਹਾ, ‘‘ਇਹ ਬਹੁਤ ਹੀ ਗੰਭੀਰ ਮੁੱਦਾ ਹੈ।’’
ਜਸਟਿਸ ਗਵਈ ਨੇ ਕਿਹਾ, ‘‘ਤੁਸੀਂ ਕੀ ਦਾਇਰ ਕਰਨਾ ਚਾਹੁੰਦੇ ਹੋ? ਤੁਸੀਂ ਇੱਕ ਹੱਤਕ ਪਟੀਸ਼ਨ ਦਾਇਰ ਕਰਨਾ ਚਾਹੁੰਦੇ ਹੋ?’’ ਵਕੀਲ, ਜੋ ਪਹਿਲਾਂ ਹੀ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰ ਚੁੱਕਾ ਹੈ, ਨੇ ਕਿਹਾ ਕਿ ਸਰਕਾਰ ਦੂਬੇ ਵਿਰੁੱਧ ਕਾਰਵਾਈ ਨਹੀਂ ਕਰ ਰਹੀ ਹੈ। ਵਕੀਲ ਨੇ ਕਿਹਾ ਕਿ ਉਨ੍ਹਾਂ ਦੇ ਇੱਕ ਸਾਥੀ ਨੇ ਅਟਾਰਨੀ ਜਨਰਲ ਆਰ. ਵੈਂਕਟਰਮਨੀ ਨੂੰ ਪੱਤਰ ਲਿਖ ਕੇ ਦੂਬੇ ਵਿਰੁੱਧ ਹੱਤਕ ਕਾਰਵਾਈ ਸ਼ੁਰੂ ਕਰਨ ਲਈ ਸਹਿਮਤੀ ਮੰਗੀ ਸੀ, ਪਰ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ।
ਵਕੀਲ ਨੇ ਕਿਹਾ, ‘‘ਮਸਲਾ ਇਹ ਹੈ ਕਿ ਘੱਟੋ-ਘੱਟ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਇਹ ਵੀਡੀਓ ਹਟਾਉਣ ਲਈ ਨਿਰਦੇਸ਼ ਦਿੱਤੇ ਜਾਣ।’’ ਇਸ ’ਤੇ ਬੈਂਚ ਨੇ ਕਿਹਾ ਕਿ ਮਾਮਲਾ ਅਗਲੇ ਹਫ਼ਤੇ ਸੁਣਵਾਈ ਲਈ ਸੂਚੀਬੱਧ ਕੀਤਾ ਜਾਵੇਗਾ। -ਪੀਟੀਆਈ