‘ਆਪਰੇਸ਼ਨ Sindoor’ ਵਿਚ ਮਾਰੇ ਗਏ ਦਹਿਸ਼ਤਗਰਦਾਂ ਦੇ ਰਾਜਕੀ ਸਨਮਾਨ ਨਾਲ ਸਸਕਾਰ ਦੀ ਭਾਰਤ ਵੱਲੋਂ ਨਿਖੇਧੀ
ਨਵੀਂ ਦਿੱਲੀ, 8 ਮਈ
ਭਾਰਤ ਨੇ Operation Sindoor ਦੌਰਾਨ ਮਾਰੇ ਗਏ ਦਹਿਸ਼ਤਗਰਦਾਂ ਨੂੰ ਰਾਜਕੀ ਸਨਮਾਨਾਂ ਨਾਲ ਸਪੁਰਦੇ ਖਾਕ ਕੀਤੇ ਜਾਣ ਦੇ ਪਾਕਿਸਤਾਨ ਦੇ ਫੈਸਲੇ ਦੀ ਨਿਖੇਧੀ ਕੀਤੀ ਹੈ। ਵਿਦੇਸ਼ ਮੰਤਰਾਲੇ (MEA) ਨੇ Operation Sindoor ਬਾਰੇ ਵਿਸ਼ੇਸ਼ ਬ੍ਰੀਫਿੰਗ ਦੌਰਾਨ ਉਪਰੋਕਤ ਇਤਰਾਜ਼ ਜਤਾਇਆ ਹੈ। ਇਸ ਬ੍ਰੀਫਿੰਗ ਵਿੱਚ ਵਿਦੇਸ਼ ਸਕੱਤਰ ਵਿਕਰਮ ਮਿਸਰੀ, ਕਰਨਲ ਸੋਫੀਆ ਕੁਰੈਸ਼ੀ ਅਤੇ ਵਿੰਗ ਕਮਾਂਡਰ ਵਿਓਮਿਕਾ ਸਿੰਘ ਸ਼ਾਮਲ ਸਨ। ਇਸ ਤੋਂ ਪਹਿਲਾਂ ਅੱਜ ਦਿਨੇਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ Operation Sindoor ਬਾਰੇ ਬ੍ਰੀਫਿੰਗ ਨੂੰ ਲੈ ਕੇ ਸੱਦੀ ਸਰਬ ਪਾਰਟੀ ਬੈਠਕ ਵਿਚ ਵਿਰੋਧੀ ਧਿਰਾਂ ਅੱਗੇ ਇਸ ਪੂਰੇ ਅਪਰੇਸ਼ਨ ਦੌਰਾਨ 100 ਤੋਂ ਵੱਧ ਦਹਿਸ਼ਤਗਰਦਾਂ ਨੂੰ ਮਾਰ ਮੁਕਾਉਣ ਦਾ ਦਾਅਵਾ ਕੀਤਾ ਸੀ।
ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਵੀਰਵਾਰ ਨੂੰ ਕਿਹਾ ਕਿ ਤਣਾਅ ਘਟਾਉਣ ਦਾ ਵਿਕਲਪ ਪਾਕਿਸਤਾਨ ਕੋਲ ਹੈ ਕਿਉਂਕਿ ਪਹਿਲਗਾਮ ਦਹਿਸ਼ਤੀ ਹਮਲੇ ਨਾਲ ਸਥਿਤੀ ਹੋਰ ਵਿਗੜ ਗਈ ਸੀ ਅਤੇ ਭਾਰਤ ਨੇ ‘Operation Sindoor’ ਰਾਹੀਂ ਸਿਰਫ਼ ਇਸ ਦਾ ਜਵਾਬ ਦਿੱਤਾ ਹੈ। ਮਿਸਰੀ ਨੇ ਕਿਹਾ ਕਿ ਤਣਾਅ ਪਾਕਿਸਤਾਨ ਵਾਲੇ ਪਾਸਿਓਂ 22 ਅਪਰੈਲ ਨੂੰ ਪਹਿਲਗਾਮ ਹਮਲੇ ਨਾਲ ਸ਼ੁਰੂ ਹੋਇਆ ਸੀ, ਜਿਸ ਵਿੱਚ 26 ਲੋਕ (ਜਿਨ੍ਹਾਂ ਵਿੱਚੋਂ ਬਹੁਤੇ ਸੈਲਾਨੀ ਸਨ) ਮਾਰੇ ਗਏ ਸਨ। ਮਿਸਰੀ ਨੇ ਕਿਹਾ, ‘‘ਸਾਡਾ ਤਰੀਕਾ ਸਥਿਤੀ ਨੂੰ ਵਧਾਉਣ ਦਾ ਨਹੀਂ ਹੈ, ਅਸੀਂ ਸਿਰਫ 22 ਅਪਰੈਲ ਨੂੰ ਹੋਏ ਪਹਿਲਗਾਮ ਦਹਿਸ਼ਤੀ ਹਮਲੇ ਦਾ ਜਵਾਬ ਦਿੱਤਾ ਹੈ।’’ ਵਿਦੇਸ਼ ਸਕੱਤਰ ਨੇ ਕਿਹਾ, ‘‘ਪਾਕਿਸਤਾਨ ਨੇ ਟਕਰਾਅ ਨੂੰ ਵਧਾਇਆ, ਅਸੀਂ ਸਿਰਫ਼ ਜਵਾਬ ਦਿੱਤਾ। ਵਿਕਲਪ ਹੁਣ ਪਾਕਿਸਤਾਨ ਕੋਲ ਹੈ।’’
ਮਿਸਰੀ ਨੇ ਵੀਰਵਾਰ ਨੂੰ ਕਿਹਾ ਕਿ ਪਹਿਲਗਾਮ ਅਤਿਵਾਦੀ ਹਮਲਾ ਪਾਕਿਸਤਾਨ ਵੱਲੋਂ ਤਣਾਅ ਵਿਚ ਕੀਤਾ ਗਿਆ "ਮੂਲ ਵਾਧਾ" ਸੀ ਅਤੇ ਭਾਰਤ ਨੇ ਬੁੱਧਵਾਰ ਤੜਕੇ ਉਤੇ ਅਤਿਵਾਦੀ ਢਾਂਚੇ 'ਤੇ ਸਟੀਕ ਹਮਲੇ ਕਰਕੇ "ਨਿਯੰਤਰਿਤ, ਸਟੀਕ, ਮਾਪੇ-ਤੋਲੇ, ਵਿਚਾਰੇ ਅਤੇ ਗੈਰ-ਵਧਾਊ" ਢੰਗ ਨਾਲ ਜਵਾਬ ਦਿੱਤਾ।
ਮਿਸਰੀ ਨੇ ਕਿਹਾ, "ਪਾਕਿਸਤਾਨ 22 ਅਪਰੈਲ ਨੂੰ ਤਣਾਅ ਤੇ ਭੜਕਾਹਟ ਵਧਾਈ, ਅਸੀਂ ਸਿਰਫ਼ ਵਾਧੇ ਦਾ ਜਵਾਬ ਦੇ ਰਹੇ ਹਾਂ। ਜੇ ਹੋਰ ਟਕਰਾਅ ਵਧਾਇਆ ਜਾਂਦਾਾ ਹੈ, ਤਾਂ ਜਵਾਬ ਢੁਕਵੇਂ ਖੇਤਰ ਵਿੱਚ ਹੋਵੇਗਾ।"
ਉਨ੍ਹਾਂ ਕਿਹਾ ਕਿ ਜਦੋਂ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਵਿੱਚ ਪਹਿਲਗਾਮ ਬਾਰੇ ਗੱਲਬਾਤ ਚੱਲ ਰਹੀ ਸੀ, ਤਾਂ ਪਾਕਿਸਤਾਨ ਨੇ ਟੀਆਰਐਫ (ਦਿ ਰੇਸਿਸਟੈਂਸ ਫਰੰਟ) ਦੀ ਭੂਮਿਕਾ ਦੀ ਗੱਲ ਦਾ ਵਿਰੋਧ ਕੀਤਾ ਸੀ।
ਉਨ੍ਹਾਂ ਕਿਹਾ, "ਇਹ ਉਦੋਂ ਹੋਇਆ ਜਦੋਂ TRF ਨੇ ਇੱਕ ਵਾਰ ਨਹੀਂ, ਸਗੋਂ ਦੋ ਵਾਰ ਹਮਲੇ ਦੀ ਜ਼ਿੰਮੇਵਾਰੀ ਲਈ... ਕਰਨਲ ਕੁਰੈਸ਼ੀ ਅਤੇ ਵਿੰਗ ਕਮਾਂਡਰ ਸਿੰਘ ਨੇ ਕੱਲ੍ਹ ਅਤੇ ਅੱਜ ਵੀ ਸਪੱਸ਼ਟ ਤੌਰ 'ਤੇ ਕਿਹਾ ਕਿ ਭਾਰਤ ਦਾ ਜਵਾਬ ਗੈਰ-ਵਧਾਊ, ਸਟੀਕ ਅਤੇ ਮਾਪਿਆ ਹੋਇਆ ਹੈ। ਸਾਡਾ ਇਰਾਦਾ ਮਾਮਲਿਆਂ ਨੂੰ ਵਧਾਉਣਾ ਨਹੀਂ ਹੈ ਅਤੇ ਅਸੀਂ ਸਿਰਫ਼ ਵਧਦੇ ਤਣਾਅ ਦਾ ਜਵਾਬ ਦੇ ਰਹੇ ਹਾਂ। ਕਿਸੇ ਵੀ ਫੌਜੀ ਟਿਕਾਣੇ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਹੈ; ਪਾਕਿਸਤਾਨ ਵਿੱਚ ਸਿਰਫ਼ ਅੱਤਵਾਦੀ ਢਾਂਚੇ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਹੈ।"
ਵਿਦੇਸ਼ ਸਕੱਤਰ ਨੇ ਕਿਹਾ ਕਿ ਵਿਸ਼ਵਵਿਆਪੀ ਅੱਤਵਾਦ ਦੇ ਕੇਂਦਰ ਵਜੋਂ ਪਾਕਿਸਤਾਨ ਦੀ ਸਾਖ ਕਈ ਮਾਮਲਿਆਂ ਵਿੱਚ ਬਣੀ ਹੋਈ ਹੈ। ਉਨ੍ਹਾਂ ਕਿਹਾ, "ਮੈਨੂੰ ਚੇਤੇ ਕਰਾਉਣ ਦੀ ਜ਼ਰੂਰਤ ਨਹੀਂ ਹੈ ਕਿ ਓਸਾਮਾ ਬਿਨ ਲਾਦਿਨ ਕਿੱਥੇ ਮਿਲਿਆ ਸੀ ਅਤੇ ਉਸਨੂੰ ਕਿਸਨੇ ਸ਼ਹੀਦ ਕਿਹਾ ਸੀ... ਪਾਕਿਸਤਾਨ ਵੱਡੀ ਗਿਣਤੀ ਵਿੱਚ ਸੰਯੁਕਤ ਰਾਸ਼ਟਰ ਦੁਆਰਾ ਪਾਬੰਦੀਸ਼ੁਦਾ ਅੱਤਵਾਦੀਆਂ ਦਾ ਘਰ ਵੀ ਹੈ ਅਤੇ ਕਈ ਦੇਸ਼ਾਂ ਦੁਆਰਾ ਪਾਬੰਦੀਸ਼ੁਦਾ ਅੱਤਵਾਦੀਆਂ ਦਾ ਵੀ ਘਰ ਹੈ... ਤੁਸੀਂ ਪਿਛਲੇ ਕੁਝ ਦਿਨਾਂ ਵਿੱਚ ਦੇਖਿਆ ਹੋਵੇਗਾ, ਉਨ੍ਹਾਂ ਦੇ ਰੱਖਿਆ ਮੰਤਰੀ ਅਤੇ ਸਾਬਕਾ ਵਿਦੇਸ਼ ਮੰਤਰੀ ਨੇ ਅਜਿਹੇ ਅੱਤਵਾਦੀ ਸਮੂਹਾਂ ਨਾਲ ਆਪਣੇ ਦੇਸ਼ ਦੀ ਸ਼ਮੂਲੀਅਤ ਨੂੰ ਕਬੂਲਿਆ ਹੈ।"
ਮਿਸਰੀ ਨੇ ਪਾਕਿਸਤਾਨ ਵੱਲੋਂ ਜੰਮੂ-ਕਸ਼ਮੀਰ ਵਿੱਚ ਤੋਪਖਾਨੇ ਦੀ ਗੋਲੀਬਾਰੀ ਰਾਹੀਂ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਦੀ ਵੀ ਨਿੰਦਾ ਕੀਤੀ। -ਪੀਟੀਆਈ/ਏਐੱਨਆਈ