ਅਟਾਰੀ, ਹੁਸੈਨੀਵਾਲਾ ਤੇ ਸਾਦਕੀ ਵਿਖੇ ਅਗਲੇ ਹੁਕਮਾਂ ਤੱਕ ਰੀਟ੍ਰੀਟ ਰਸਮ ਬੰਦ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 8 ਮਈ
ਪਹਿਲਗਾਮ ਦਹਿਸ਼ਤੀ ਘਟਨਾ ਤੇ ਭਾਰਤ ਦੀ ਜਵਾਬੀ ਕਾਰਵਾਈ ਮਗਰੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਬਣੇ ਜੰਗ ਵਾਲੇ ਮਾਹੌਲ ਦਰਮਿਆਨ ਇਥੇ ਸਰਹੱਦ ’ਤੇ ਤਿੰਨ ਸਾਂਝੀਆਂ ਚੈੱਕ ਪੋਸਟਾਂ ਅਟਾਰੀ, ਹੁਸੈਨੀ ਵਾਲਾ ਅਤੇ ਸਾਦਕੀ ਵਿਖੇ ਬੀਐੱਸਐੱਫ ਵੱਲੋਂ ਝੰਡਾ ਉਤਾਰਨ ਦੀ ਹੁੰਦੀ ਰੀਟ੍ਰੀਟ ਰਸਮ ਨੂੰ ਅਗਲੇ ਹੁਕਮਾਂ ਤੱਕ ਬੰਦ ਕਰਨ ਅਤੇ ਇਹ ਰਸਮ ਦੇਖਣ ਵਾਸਤੇ ਸੈਲਾਨੀਆਂ ਦੀ ਆਮਦ ’ਤੇ ਰੋਕ ਲਾ ਦਿੱਤੀ ਹੈ। ਇਸ ਤੋਂ ਪਹਿਲਾਂ ਬੀਤੇ ਕੱਲ੍ਹ ਬੀਐਸਐਫ ਨੇ ਇਸ ਰਸਮ ਨੂੰ ਇਕ ਦਿਨ ਲਈ ਬੰਦ ਕੀਤਾ ਸੀ।
ਬੀਐੱਸਐੱਫ ਵੱਲੋਂ ਅੱਜ ਇਸ ਸਬੰਧੀ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਜਿਸ ਤਹਿਤ ਹੁਣ ਅਗਲੇ ਹੁਕਮਾਂ ਤੱਕ ਪੰਜਾਬ ਦੀ ਸਰਹੱਦ ’ਤੇ ਅਟਾਰੀ, ਹੁਸੈਨੀ ਵਾਲਾ ਅਤੇ ਸਾਦਕੀ ਜੇਸੀਪੀ ਵਿਖੇ ਝੰਡਾ ਉਤਾਰਨ ਦੀ ਰਸਮ ਸਮੇਂ ਲੋਕਾਂ ਦੀ ਆਮਦ ’ਤੇ ਰੋਕ ਰਹੇਗੀ। ਇਸ ਰਸਮ ਸਮੇਂ ਹੁੰਦੀ ਪਰੇਡ ਵੀ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤੀ ਗਈ ਹੈ। ਹੁਣ ਇਹ ਰਸਮ ਸਾਦੇ ਢੰਗ ਨਾਲ ਹੋਵੇਗੀ, ਜਿਸ ਵਿੱਚ ਸਿਰਫ ਤਿਰੰਗੇ ਝੰਡੇ ਨੂੰ ਸਨਮਾਨ ਨਾਲ ਉਤਾਰਿਆ ਜਾਵੇਗਾ।
ਦੱਸਣ ਯੋਗ ਹੈ ਕਿ ਪਹਿਲਾਂ ਇਸ ਰਸਮ ਦੌਰਾਨ ਬੀਐੱਸਐੱਫ ਦੇ ਜਵਾਨਾਂ ਵੱਲੋਂ ਪਰੇਡ ਕੀਤੀ ਜਾਂਦੀ ਸੀ ਅਤੇ ਵੱਡੀ ਗਿਣਤੀ ਵਿੱਚ ਲੋਕ ਵੀ ਇਸ ਨੂੰ ਦੇਖਣ ਵਾਸਤੇ ਸ਼ਾਮਲ ਹੁੰਦੇ ਸਨ। ਇਸ ਰਸਮ ਦੌਰਾਨ ਭਾਰਤ ਅਤੇ ਪਾਕਿਸਤਾਨ ਦੋਵਾਂ ਪਾਸਿਆਂ ਤੋਂ ਇੱਕੋ ਸਮੇਂ ਝੰਡਾ ਉਤਾਰਿਆ ਜਾਂਦਾ ਹੈ। ਦੋਵੇਂ ਪਾਸੇ ਹੀ ਭਾਰਤ ਵੱਲੋਂ ਬੀਐੱਸਐੱਫ ਅਤੇ ਪਾਕਿਸਤਾਨ ਵੱਲੋਂ ਪਾਕਿ ਰੇਂਜਰਜ਼ ਵੱਲੋਂ ਪਰੇਡ ਕੀਤੀ ਜਾਂਦੀ ਹੈ। ਇਸ ਪਰੇਡ ਦੌਰਾਨ ਕਈ ਉਤੇਜਿਕ ਸੰਕੇਤ ਅਤੇ ਚਿੰਨ ਵੀ ਦਿਖਾਏ ਜਾਂਦੇ ਸਨ। ਬੀਐੱਸਐੱਫ ਵੱਲੋਂ ਦੇਸ਼ ਭਗਤੀ ਦੇ ਗੀਤ ਵੀ ਲਾਏ ਜਾਂਦੇ ਹਨ, ਜਿਸ ਵਿੱਚ ਆਏ ਹੋਏ ਲੋਕ ਸ਼ਮੂਲੀਅਤ ਕਰਦੇ ਅਤੇ ਦੇਸ਼ ਭਗਤੀ ਦੀ ਭਾਵਨਾ ਮਹਿਸੂਸ ਕਰਦੇ ਹਨ।
ਇਸ ਤੋਂ ਇਲਾਵਾ ਭਾਰਤ ਸਰਕਾਰ ਵੱਲੋਂ ਇਸ ਘਟਨਾ ਦੇ ਰੋਸ ਅਤੇ ਵਿਰੋਧ ਵਜੋਂ ਅਟਾਰੀ ਸਰਹੱਦ ਨੂੰ ਆਵਾਜਾਈ ਅਤੇ ਵਪਾਰ ਵਾਸਤੇ ਬੰਦ ਕਰ ਦਿੱਤਾ ਗਿਆ ਹੈ। ਦੋਵਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਨਿਰਧਾਰਤ ਸਮੇਂ ਵਿੱਚ ਆਪੋ ਆਪਣੇ ਦੇਸ਼ ਵਿੱਚ ਜਾਣ ਦੇ ਵੀ ਆਦੇਸ਼ ਦਿੱਤੇ ਗਏ ਸਨ। ਇਸੇ ਤਰ੍ਹਾਂ ਪਾਕਿਸਤਾਨੀ ਦੂਤਾਵਾਸ ਦੇ ਅਮਲੇ ਨੂੰ ਵੀ ਦੇਸ਼ ਛੱਡਣ ਵਾਸਤੇ ਆਖਿਆ ਗਿਆ ਸੀ।