ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਵੀਂ ਸਵੇਰ

07:54 AM Nov 12, 2023 IST

ਕੁਲਵੰਤ ਘੋਲੀਆ

ਪਿੰਡ ਦੀ ਫਿਰਨੀ ਤੋਂ ਖੇਤਾਂ ਵਿੱਚ ਸਰਦਾਰਾਂ ਦੀ ਹਵੇਲੀ ਸਾਫ਼ ਦਿਖਾਈ ਦਿੰਦੀ। ਸਾਰੀ ਉਮਰ ਬਾਪੂ ਸਰਦਾਰਾਂ ਦੇ ਹੀ ਸੀਰ ਲੈਂਦਾ ਆਖ਼ਰਕਾਰ ਅਧਰੰਗ ਦੇ ਦੌਰੇ ਨਾਲ ਮੰਜੇ ’ਤੇ ਢਹਿ ਢੇਰੀ ਹੋ ਗਿਆ। ਇੱਕ ਪਾਸਾ ਮਾਰਿਆ ਗਿਆ ਤੇ ਚੜ੍ਹਦੀ ਉਮਰੇ ਸੀਰੀ ਵਾਲੀ ਪੰਜਾਲੀ ਆਣ ਮੇਰੇ ਮੋਢਿਆਂ ’ਤੇ ਪੈ ਗਈ। ਬਾਪੂ ਨੇ ਤਾਂ ਬਥੇਰਾ ਕਹਿਣਾ ਕਿ ਪੜ੍ਹ ਲੈ ਚਾਰ ਅੱਖਰ, ਕੋਈ ਹੱਥੀਂ ਕੰਮ ਕਾਰ ਸਿੱਖ ਲੈ। ਖੁਰਲੀਆਂ ਵਿੱਚ ਤਾਂ ਹੱਥ ਜਦੋਂ ਮਰਜ਼ੀ ਮਾਰ ਲਵੋ, ਪਰ ਕਿੱਥੇ, ਕੋਈ ਰੋਕਣ ਟੋਕਣ ਤੇ ਸਮਝਾਉਣ ਵਾਲਾ ਹੈ ਹੀ ਨਹੀਂ ਸੀ। ਦਿਨ ਚੜ੍ਹਦਿਆਂ ਹੀ ਬੇਬੇ ਪਿੰਡ ਤੋਂ ਚੜ੍ਹਦੇ ਪਾਸੇ ਪੈਂਦੀ ਡੇਢ ਮੀਲ ਦੂਰ ਵੱਡੀ ਨਹਿਰ ’ਤੇ ਸੁੱਕਾ ਬਾਲਣ ਲੈਣ ਚਲੀ ਜਾਂਦੀ। ਬਾਪੂ ਤਾਂ ਮੇਰੇ ਸੁੱਤੇ ਪਿਆਂ ਹੀ ਸਰਦਾਰਾਂ ਦੀ ਹਵੇਲੀ ਜਾ ਅੱਪੜਦਾ। ਕਈ ਵਾਰ ਪਿੰਡ ਵਿਚਲੇ ਸਕੂਲੋਂ ਮਾਸਟਰ ਬਾਪੂ ਨੂੰ ਉਲਾਂਭਾ ਜਿਹਾ ਦਿੰਦਾ, ‘‘ਬੰਤ ਸਿੰਹਾਂ ਤੇਰਾ ਮੁੰਡਾ ਮਹੀਨੇ ਵਿੱਚ ਮਸਾਂ ਤਿੰਨ ਚਾਰ ਦਿਨ ਹੀ ਸਕੂਲ ਆਉਂਦਾ, ਜੇ ਆਹੀ ਹਾਲ ਰਿਹਾ ਤਾਂ ਉਹਦਾ ਨਾਂ ਕੱਟਿਆ ਜਾਣਾ।’’ ਬਾਪੂ ਵੀ ਕੀ ਕਰਦਾ, ਸਵੇਰ ਤੋਂ ਲੈ ਸ਼ਾਮ ਤੱਕ ਹਵੇਲੀ ਦੇ ਕੰਮ ਮੱਤ ਮਾਰੀ ਰੱਖਦੇ। ਰਤਾ ਭਰ ਵਿਹਲ ਹੋਵੇ ਤਾਂ ਆਪਣੇ ਟੱਬਰ ਬਾਰੇ ਸੋਚੇ। ਅਖੀਰ ਹੌਲੀ ਹੌਲੀ ਮਾਸਟਰਾਂ ਨੇ ਵੀ ਉਲਾਂਭਾ ਦੇਣਾ ਬੰਦ ਕਰ ਦਿੱਤਾ। ਕਦੇ ਬੇਬੇ ਨਾਲ ਨਹਿਰ ’ਤੇ ਬਾਲਣ ਚੁਗਣ ਚਲੇ ਜਾਣਾ ਤੇ ਕਦੇ ਬਾਪੂ ਨਾਲ ਸਰਦਾਰਾਂ ਦੀ ਹਵੇਲੀ। ਹਵੇਲੀ ਦੇ ਨਾਲ ਹੀ ਪਸ਼ੂਆਂ ਦਾ ਵੱਡਾ ਸਾਰਾ ਵਾੜਾ, ਸਵੇਰ ਹੁੰਦਿਆਂ ਹੀ ਬਾਪੂ ਹਵੇਲੀ ਅੱਪੜ, ਪਹਿਲਾਂ ਵਾੜੇ ਦਾ ਕੁੰਡਾ ਹੀ ਖੋਲ੍ਹਦਾ। ਦੁਧਾਰੂ ਪਸ਼ੂਆਂ ਦੀਆਂ ਖੁਰਲੀਆਂ ਇੱਕ ਪਾਸੇ ਤੇ ਫੰਡਰਾਂ ਦੀਆਂ ਖੁਰਲੀਆਂ ਦੂਜੇ ਪਾਸੇ ਕੀਤੀਆਂ ਹੋਈਆਂ ਸੀ। ਜ਼ਿਆਦਾਤਰ ਦੁਧਾਰੂ ਪਸ਼ੂਆਂ ਦਾ ਹੀ ਖ਼ਾਸ ਧਿਆਨ ਰੱਖਿਆ ਜਾਂਦਾ। ਸਾਫ਼ ਸੁਥਰੀਆਂ ਖੁਰਲੀਆਂ ’ਤੇ ਦੁਧਾਰੂ ਪਸ਼ੂਆਂ ਨੂੰ ਬੰਨ੍ਹ ਹਰੇ ਚਾਰੇ ਦੇ ਟੋਕਰੇ ਭਰ ਭਰ ਸੁੱਟ ਦੇਣੇ। ਚਿੱਟੇ ਰੰਗ ਦੇ ਵੱਡੇ ਸਿੰਙਾਂ ਵਾਲੇ ਬਲਦ ਨੂੰ ਵੀ ਉਚੇਚੇ ਤੌਰ ’ਤੇ ਖੁਰਲੀ ਵਿੱਚ ਹਰਾ ਚਾਰਾ ਪਾਇਆ ਜਾਂਦਾ। ਉੱਚਾ ਲੰਮਾ ਕੱਦ, ਕਾਲੀਆਂ ਸ਼ਾਹ ਅੱਖਾਂ ਤੇ ਦੁੱਧ ਰੰਗਾ ਰੰਗ। ਬਾਪੂ ਵੀ ਜਿਵੇਂ ਬਲਦ ਵੱਲ ਖਾਸਾ ਧਿਆਨ ਦਿੰਦਾ। ਹੌਲੀ ਹੌਲੀ ਮੈਨੂੰ ਵੀ ਹਵੇਲੀ ਆਉਣ ਦਾ ਭੁਸ ਜਿਹਾ ਪੈ ਗਿਆ। ਅਕਸਰ ਬਾਪੂ ਨਾਲ ਬਲਦ ਵਾਲੀ ਰੇਹੜੀ ਜੋੜ ਖੇਤੋਂ ਪੱਠੇ ਲੈਣ ਚਲੇ ਜਾਣਾ।
ਰੇਹੜੀ ’ਤੇ ਬੈਠਿਆਂ ਮੈਂ ਚਿੱਟੇ ਬਲਦ ਦੀ ਪੂਛ ਨੂੰ ਮਰੋੜ ਦਿੰਦਾ ਤਾਂ ਇੰਝ ਮਹਿਸੂਸ ਹੋਣਾ ਜਿਵੇਂ ਬਲਦ ਨੂੰ ਖੰਭ ਲੱਗ ਗਏ ਹੋਣ। ਸਾਰਾ ਦਿਨ ਹੱਸਦੇ ਖੇਡਦੇ ਦਿਨ ਲੰਘਣਾ ਤੇ ਸਰਦਾਰਾਂ ਦੀ ਹਵੇਲੀ ਵਿੱਚੋਂ ਖਾਣ ਲਈ ਭਾਂਤ ਭਾਂਤ ਦੇ ਖਾਣੇ। ਅਸਲ ਵਿੱਚ ਬਾਪੂ ਨਾਲ ਹਵੇਲੀ ਆਉਣ ਦਾ ਵੀ ਇਹ ਕਾਰਨ ਸੀ
ਕਿ ਘਰ ਵਿੱਚ ਰੋਜ਼ ਅਚਾਰ ਨਾਲ ਸੁੱਕੀਆਂ ਰੋਟੀਆਂ ਖਾਣ ਨੂੰ ਰਤਾ ਰੂਹ ਨਾ ਕਰਦੀ। ਸਮੇਂ ਨੇ ਕਦੋਂ ਪਾਸਾ ਪਲਟਿਆ, ਪਤਾ ਹੀ ਨਹੀਂ ਲੱਗਿਆ। ਭਰ ਜਵਾਨੀ ਦੇ ਕਿੰਨੇ ਹੀ ਸੁਪਨੇ ਉਹ ਸਰਦਾਰਾਂ ਦੀ ਹਵੇਲੀ ਦੇ ਨਾਲ ਲੱਗਦੇ ਵਾੜੇ ਵਿੱਚ ਦਫ਼ਨ ਹੋ ਗਏ। ਬਾਪੂ ਥੋੜ੍ਹਾ ਢਿੱਲਾ ਮੱਠਾ ਜਿਹਾ ਰਹਿਣ ਲੱਗਿਆ ਤੇ ਬੇਬੇ ਤੋਂ ਵੀ ਹੁਣ ਘਰ ਦੇ ਕੰਮ ਨਹੀਂ ਸੀ ਹੁੰਦੇ। ਹਾਲੇ ਚੰਗੀ ਤਰ੍ਹਾਂ ਦਾੜ੍ਹੀ ਮੁੱਛ ਵੀ ਨਹੀਂ ਸੀ ਫੁੱਟੀ ਕਿ ਮਜਬੂਰੀਵੱਸ ਘਰਦਿਆਂ ਨੇ ਵਿਆਹ ਕਰ ਦਿੱਤਾ। ਖ਼ੈਰ! ਰੋਟੀ ਟੁੱਕ ਦੀ ਫ਼ਿਕਰ ਤਾਂ ਮੁੱਕ ਗਈ ਸੀ। ਜੋ ਕੰਮ ਸਰਦਾਰਾਂ ਦੀ ਹਵੇਲੀ ਬਾਪੂ ਨਾਲ ਸ਼ੌਕ ਨਾਲ ਕਰਦਾ ਸੀ। ਅੱਜ ਉਹ ਮਜਬੂਰੀ ਵੀ ਬਣ ਗਏ ਸੀ ਤੇ ਰੋਟੀ ਦਾ ਹੀਲਾ ਵਸੀਲਾ ਵੀ। ਮਿੰਦੋ ਵੀ ਨਿਰੀ ਮਾਂ ਵਰਗੀ ਹੀ ਨਿਕਲੀ। ਸਾਰਾ ਦਿਨ ਸਿਰ ਸੁੱਟ ਕੇ ਘਰ ਦੇ ਕੰਮ ਕਰੀ ਜਾਣੇ। ਕਾਨਿਆਂ ਦੀਆਂ ਚੋਂਦੀਆਂ ਛੱਤਾਂ ਵਿੱਚੋਂ ਨਿਕਲ, ਫਿਰ ਕਾਨਿਆਂ ਦੀ ਚੋਂਦੀ ਛੱਤ ਥੱਲੇ ਹੀ ਆਣ ਬੈਠੀ, ਪਰ ਕਦੇ ਕੋਈ ਗਿਲਾ ਨਹੀਂ ਕੀਤਾ। ਪਰ ਕਦੇ ਕਦੇ ਉਹ ਪੜ੍ਹੇ ਲਿਖਿਆਂ ਵਾਂਗ ਗੱਲਾਂ ਕਰਦੀ ਤਾਂ ਮੈਂ ਹੈਰਾਨ ਹੋ ਜਾਣਾ। ਆਉਣ ਵਾਲੇ ਸਮੇਂ ਨੂੰ ਸੋਚ, ਗਹਿਰ ਗੰਭੀਰ ਹੁੰਦੀ। ਗੁਰੂਘਰ ਬਾਬਾ ਬੋਲਣ ਤੋਂ ਪਹਿਲਾਂ ਹੀ ਮਿੰਦੋ ਚੁੱਲ੍ਹੇ ਚੌਂਕੇ ਜਾ ਵੜਦੀ। ਚਾਹ ਬਾਟੀ ਵਿੱਚ ਪਾ ਆ ਹਲੂਣਦੀ। ਚਾਹ ਦੀ ਘੁੱਟ ਪੀ, ਸੁਵਖਤੇ ਹੀ ਸਾਈਕਲ ਲੈ ਤਾਰਿਆਂ ਦੀ ਲੋਏ ਖੇਤਾਂ ਵਾਲੀ ਡੰਡੀ ਜਾ ਚੜ੍ਹਦਾ।
ਕਿੰਨਾ ਚਿਰ ਉਤਾਂਹ ਨੂੰ ਮੂੰਹ ਚੁੱਕ ਕੇ ਤਾਰਿਆਂ ਨੂੰ ਨਿਹਾਰਦਾ। ਭਲਾ ਇਹ ਟੁੱਟਦੇ ਤਾਰੇ ਕਿਵੇਂ ਕਿਸਮਤ ਬਦਲਦੇ ਨੇ।
ਬਾਪੂ ਬਾਰਾਂ ਵਰ੍ਹੇ ਮੰਜੇ ’ਤੇ ਪਿਆ ਰਿਹਾ। ਸਰਦਾਰਾਂ ਤੋਂ ਪੈਸੇ ਉਧਾਰ ਫੜ ਫੜ ਇਲਾਜ ਕਰਵਾਇਆ। ਬਾਪੂ ਤਾਂ ਠੀਕ ਨਹੀਂ ਹੋਇਆ ਪਰ ਕਰਜ਼ਾ ਇੰਨਾ ਕੁ ਚੜ੍ਹ ਗਿਆ ਕਿ ਬਾਪੂ ਵਾਂਗ ਸਾਰੀ ਉਮਰ ਸਰਦਾਰਾਂ ਦਾ ਸੀਰੀ ਬਣ ਕੇ ਹੀ ਰਹਿ ਗਿਆ।
ਸਮਾਂ ਬੀਤਿਆ, ਪਹਿਲਾਂ ਬਾਪੂ ਗੁਜ਼ਰ ਗਿਆ ਤੇ ਫੇਰ ਬੇਬੇ।
ਸਾਈਕਲ ਨੂੰ ਜ਼ੋਰ ਦੀ ਪੈਡਲ ਮਾਰਿਆ। ਚੰਨ ਚਾਨਣੀ ਰਾਤ ਵਿੱਚ ਹਵੇਲੀ ਕਿਸੇ ਬਰਫ਼ ਦੇ ਦਾਨਵ ਵਰਗੀ ਲੱਗਦੀ।
ਸਾਰਾ ਦਿਨ ਖੇਤ ਦੇ ਕੰਮ, ਪਸ਼ੂਆਂ ਨੂੰ ਪੱਠੇ ਤੇ ਹਵੇਲੀ ਦੇ ਹੋਰ ਕਿੰਨੇ ਸਾਰੇ ਨਿੱਕੇ ਮੋਟੇ ਕੰਮ ਕਰਦਿਆਂ ਕਦੋਂ ਸ਼ਾਮ ਹੋ ਜਾਂਦੀ ਪਤਾ ਹੀ ਨਹੀਂ ਲੱਗਦਾ। ਮਿੰਦੋ ਹੱਥ ਦੀ ਬੜੀ ਸੁਚੱਜੀ ਸੀ। ਕਈ ਵਾਰ ਉਸ ਨੇ ਆਖਿਆ, ‘‘ਮੈਂ ਸਿਲਾਈ ਕਢਾਈ ਦਾ ਕੰਮ ਸਿੱਖਿਆ ਹੋਇਆ ਏ। ਜੇ ਕਿਧਰੇ ਕੱਪੜੇ ਸਿਊਣ ਵਾਲੀ ਹੱਥ ਮਸ਼ੀਨ ਦਾ ਪ੍ਰਬੰਧ ਹੋ ਜਾਵੇ ਤਾਂ ਮੈਂ ਵੀ ਘਰ ਬੈਠੀ ਕੰਮ ਕਰ ਲਵਾਂ।’’ ਖ਼ੈਰ, ਇਧਰੋਂ ਉਧਰੋਂ ਪੈਸੇ ਇਕੱਠੇ ਕਰ ਮਿੰਦੋ ਨੂੰ ਹੱਥ ਮਸ਼ੀਨ ਲਿਆ ਦਿੱਤੀ। ਮੈਂ ਸਾਰਾ ਦਿਨ ਹਵੇਲੀ ਕੰਮ ਕਰਦਾ ਤੇ ਮਿੰਦੋ ਘਰੇ ਕੱਪੜੇ ਸਿਊਂਦੀ ਰਹਿੰਦੀ। ਬੇਬੇ ਬਾਪੂ ਦੇ ਜਾਣ ਤੋਂ ਬਾਅਦ ਘਰ ਸੁੰਨਾ ਜਿਹਾ ਹੋ ਗਿਆ ਸੀ, ਪਰ ਵਿਆਹ ਦੇ ਦੋ ਸਾਲ ਬਾਅਦ ਹੀ ਸੁੰਨੇ ਜਿਹੇ ਘਰ ਵਿੱਚ ਕਿਲਕਾਰੀਆਂ ਗੂੰਜਣ ਲੱਗੀਆਂ। ਮੇਰੇ ਲਈ ਵੀ ਜਿਵੇਂ ਜ਼ਿੰਦਗੀ ਦਾ ਕੋਈ ਨਵਾਂ ਦੌਰ ਸ਼ੁਰੂ ਹੋ ਗਿਆ ਹੋਵੇ। ਹੁਣ ਤਾਂ ਜਿਸ ਫੁਰਤੀ ਨਾਲ ਹਵੇਲੀ ਜਾਣਾ। ਉਨੀ ਹੀ ਫੁਰਤੀ ਨਾਲ ਵਾਪਸ ਆਉਣ ਦੀ ਕਾਹਲ ਜਿਹੀ ਕਰਨੀ। ਦਿਨ ਬੜੇ ਸੌਖੇ ਬਤੀਤ ਹੋਣ ਲੱਗੇ ਤੇ ਹੌਲੀ ਹੌਲੀ ਸਿਰੋਂ ਕਰਜ਼ਾ ਵੀ ਉਤਾਰ ਦਿੱਤਾ। ਸਮੇਂ ਦਾ ਗੇੜ ਜਿਵੇਂ ਫਿਰ ਤੋਂ ਅਤੀਤ ਨੂੰ ਦਹਰਾਉਣ ਲਈ ਪੱਬਾਂ ਭਾਰ ਹੋਇਆ ਖੜ੍ਹਾ ਸੀ। ਘਰ ਵਿੱਚ ਜਨਮੇ ਪੁੱਤਰ ਦੀ ਹਰ ਜਾਇਜ਼ ਨਾਜਾਇਜ਼ ਮੰਗ ਪੂਰੀ ਕਰਦਿਆਂ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਉਹ ਮੇਰੇ ਵਾਂਗ ਮੇਰੀਆਂ ਹੀ ਰਾਹਾਂ ’ਤੇ ਚੱਲ ਪਿਆ।
ਹੁਣ ਫਿਰ ਪਿੰਡ ਵਿਚਲੇ ਸਕੂਲ ਵਿੱਚੋਂ ਮਾਸਟਰ ਉਲਾਂਭਾ ਦਿੰਦਾ। ਜਿਵੇਂ ਮੈਂ ਬਾਪੂ ਦੇ ਮਗਰ ਮਗਰ ਹਵੇਲੀ ਜਾਂਦਾ, ਉਹ ਵੀ ਜਾਂਦਾ ਤੇ ਬਲਦ ਦੀਆਂ ਪੂਛਾਂ ਮਰੋੜਦਾ, ਖ਼ੁਸ਼ ਹੁੰਦਾ। ਉਹ ਵੀ ਮਹੀਨੇ ਵਿੱਚ ਤਿੰਨ ਚਾਰ ਦਿਨ ਸਕੂਲ ਜਾਂਦਾ, ਮਿੰਦੋ ਬਥੇਰਾ ਸਮਝਾਉਂਦੀ, ਪਰ ਨਾ ਸਮਝਦਾ।
ਸਵੇਰੇ ਮਿੰਦੋ ਨੇ ਰੋਜ਼ ਦੀ ਤਰ੍ਹਾਂ ਚਾਹ ਤਾਂ ਬਣਾ ਲਈ, ਪਰ ਪੀਣ ਨੂੰ ਰਤਾ ਰੂਹ ਨਾ ਕੀਤੀ। ਸਵੇਰ ਦੇ ਸੱਤ ਵੱਜ ਗਏ ਤਾਂ ਕਿਸੇ ਨੇ ਆਣ ਬੂਹਾ ਖੜਕਾਇਆ। ਜਾ ਦੇਖਿਆ ਤਾਂ ਬੂਹੇ ’ਤੇ ਨੇਕ ਠੇਕੇਦਾਰ ਖੜ੍ਹਾ ਸੀ।
ਉਹ ਬੋਲਿਆ, ‘‘ਕਰਮ ਸਿੰਹਾਂ, ਆਹ ਰਾਤੀਂ ਸਰਦਾਰਾਂ ਦੀ ਹਵੇਲੀ ਤੋਂ ਸੁਨੇਹਾ ਆਇਆ ਸੀ। ਕਹਿੰਦੇ ਬਲਦ ਮਰ ਗਿਆ। ਉਹ ਚੁੱਕਣਾ ਤੇ ਨਾਲੇ ਸਰਦਾਰਾਂ ਨੇ ਕਿਹਾ ਸੀ ਕਿ ਆਉਂਦੇ ਹੋਏ ਕਰਮੂ ਨੂੰ ਨਾਲ ਹੀ ਲੈ ਆਵੀਂ।’’ ਮਨ ਬੜਾ ਉਦਾਸ ਹੋਇਆ। ਉੱਚਾ ਲੰਮਾ ਕੱਦ, ਕਾਲੀਆਂ ਅੱਖਾਂ, ਚਿੱਟਾ ਦੁੱਧ ਰੰਗਾ ਰੰਗ, ਵੱਡੇ ਵੱਡੇ ਸਿੰਙਾਂ ਵਾਲਾ ਉਹ ਬਲਦ ਮੇਰੇ ਜ਼ਿਹਨ ਵਿੱਚ ਘੁੰਮਣ ਲੱਗਾ। ਹਵੇਲੀ ਪਹੁੰਚਿਆ ਤਾਂ ਬਲਦ ਗੋਹੇ ਵਿੱਚ ਲੱਥਪੱਥ ਹੋਇਆ ਪਿਆ ਸੀ। ਸ਼ਾਇਦ ਜ਼ਿੰਦਗੀ ਤੇ ਮੌਤ ਦੇ ਵਿਚਕਾਰਲੇ ਕੁਝ ਪਲਾਂ ਨਾਲ ਜੂਝਿਆ ਹੋਵੇਗਾ। ਚਿੱਟਾ ਦੁੱਧ ਰੰਗਾ ਰੰਗ ਕਾਲਾ ਪੈਣ ਲੱਗਿਆ। ਚਿੱਟੇ ਪਿੰਡੇ ’ਤੇ ਮੱਖੀਆਂ ਦੀ ਭਿਨਭਿਨਾਹਟ ਵਧਣ ਲੱਗੀ। ਮੈਨੂੰ ਯਾਦ ਹੈ, ਜਦ ਸ਼ੌਕ ਨਾਲ ਮੈਂ ਮੇਲੇ ਤੋਂ ਲਿਆ ਟੱਲੀ ਇਸ ਦੇ ਗਲ ਵਿੱਚ ਬੰਨ੍ਹੀ ਸੀ। ਪਰ ਅੱਜ ਟੱਲੀ ਦੇ ਅੰਦਰਲਾ ਘੁੰਗਰੂ ਟੁੱਟ ਕੇ ਕਿਧਰੇ ਡਿੱਗ ਗਿਆ ਸੀ। ਨੇਕ ਠੇਕੇਦਾਰ ਨੇ ਉਹ ਟੱਲੀ ਉਤਾਰ ਖੁਰਲੀ ’ਤੇ ਰੱਖ ਦਿੱਤੀ। ਬੜੀ ਬੇਰਹਿਮੀ ਨਾਲ ਚਾਰੇ ਲੱਤਾਂ ਰੱਸਿਆਂ ਨਾਲ ਬੰਨ੍ਹ ਰੇਹੜੀ ਉੱਤੇ ਸੁੱਟ, ਹੱਡਾ ਰੋੜੀ ਵੱਲ ਚਾਲੇ ਪਾ ਦਿੱਤੇ।
ਸਾਰਾ ਦਿਨ ਮਰੇ ਜਿਹੇ ਮਨ ਨਾਲ ਕੰਮ ਕਰਦਾ ਰਿਹਾ। ਵਾਰ ਵਾਰ ਮਨ ਵਿੱਚ ਇੱਕੋ ਖਿਆਲ ਆਉਂਦਾ, ਕੀ ਇੱਕ ਗੁਲਾਮ ਦੀ ਇਹੋ ਜ਼ਿੰਦਗੀ ਏ। ਰਤਾ ਭਰ ਵੀ ਫ਼ਰਕ ਨਹੀਂ ਪਸ਼ੂਆਂ ਤੇ ਇਨਸਾਨਾਂ ਵਿੱਚ। ਬੰਦੇ ਤੇ ਪਸ਼ੂ ਦੀ ਕੀਮਤ ਉਸ ਦੇ ਗੁਣਾ ਕਰਕੇ ਹੀ ਤਾਂ ਪੈਂਦੀ ਏ। ਜਿਵੇਂ ਦੁਧਾਰੂ ਪਸ਼ੂਆਂ ਨੂੰ ਹਰਾ ਚਾਰਾ ਤੇ ਫੰਡਰਾਂ ਨੂੰ ਸੁੱਕੀ ਤੂੜੀ। ਸ਼ਾਮ ਢਲਦੇ ਢਲਦੇ ਸਰਦਾਰਾਂ ਦੀ ਹਵੇਲੀ ਇੱਕ ਵੱਡਾ ਕੈਂਟਰ ਆਣ ਰੁਕਿਆ। ਨਵਾਂ ਨਕੋਰ ਚਿੱਟੇ ਰੰਗ ਦਾ ਵੱਡੇ ਸਿੰਙਾਂ ਵਾਲਾ ਬਲਦ ਪਸ਼ੂਆਂ ਵਾਲੇ ਵਾੜੇ ਵਿੱਚ ਲਿਆ ਕੇ ਬੰਨ੍ਹ ਦਿੱਤਾ। ਖੁਰਲੀ ’ਤੇ ਪਈ ਘੰਟੀ ਨਵੇਂ ਬਲਦ ਦੇ ਗਲ ਵਿੱਚ ਬੰਨ੍ਹੀਂ ਗਈ। ਤਾਜ਼ੇ ਹਰੇ ਚਾਰੇ ਦੇ ਦੋ ਟੋਕਰੇ ਖਾਣ ਲਈ ਖੁਰਲੀ ਵਿੱਚ ਖਲਾਰ ਦਿੱਤੇ ਗਏ। ਅਜੀਬ ਜਿਹਾ ਚੱਕਰਵਿਊ ਸਿਰਜਿਆ ਗਿਆ। ਕਦੇ ਕਦੇ ਮਹਿਸੂਸ ਹੁੰਦਾ। ਜਿਵੇਂ ਉਹ ਮਰ ਚੁੱਕਿਆ ਬਲਦ ਮੈਂ ਹੋਵਾਂ ਤੇ ਇਹ ਨਵਾਂ ਨਕੋਰ ਬਲਦ ਮੇਰਾ ਪੁੱਤ ਹੋਵੇ। ਢਲਦੀ ਸ਼ਾਮ ਦਾ ਗੂੜ੍ਹਾ ਹਨੇਰਾ ਮੇਰੇ ਧੁਰ ਅੰਦਰ ਤੱਕ ਪਸਰ ਗਿਆ। ਡਿੱਗਦਾ ਢਹਿੰਦਾ ਮਸਾਂ ਘਰ ਅੱਪੜਿਆ ਜਿਵੇਂ ਕਿਸੇ ਨੇ ਪੈਰਾਂ ਵਿੱਚ ਸੰਗਲ ਬੰਨ੍ਹ ਦਿੱਤੇ ਹੋਣ। ਮੇਰੀ ਹੀ ਕਹਾਣੀ ਮੇਰੇ ਭਵਿੱਖ ’ਤੇ ਭਾਰੀ ਪੈਂਦੀ ਦਿਖਾਈ ਦੇਣ ਲੱਗੀ। ਸਾਰੀ ਰਾਤ ਇੱਕ ਟੱਕ ਤਾਰਿਆਂ ਵੱਲ ਵੇਖਦਾ ਰਿਹਾ। ਕਿੰਨੀ ਵੱਡੀ ਰਾਤ ਏ। ਕਾਸ਼ ਜਲਦੀ ਜਲਦੀ ਸੂਰਜ ਨਿਕਲ ਆਵੇ। ਆਖ਼ਰ ਕਿੰਨਾ ਕੁਝ ਸੋਚਦਿਆਂ, ਕੁਝ ਪਲ ਲਈ ਅੱਖ ਜਿਹੀ ਲੱਗ ਗਈ। ਸਵੇਰ ਦੇ ਅੱਠ ਵੱਜ ਗਏ ਸੀ। ਆਸੇ-ਪਾਸੇ ਤੱਕਿਆ ਤਾਂ ਮਿੰਦੋ ਘਰ ਨਹੀਂ ਸੀ। ਆਂਢ-ਗੁਆਂਢ ਪੁੱਛਿਆ ਤਾਂ ਪਤਾ ਲੱਗਿਆ ਕਿ ਉਹ ਪਿੰਡ ਵਿਚਲੇ ਸਕੂਲ ਵਿੱਚ ਗਈ ਹੋਈ ਹੈ।
ਹੌਲੀ ਹੌਲੀ ਸਕੂਲ ਅੱਪੜਿਆ ਤਾਂ ਸਾਹਮਣੇ ਦੇਖਿਆ ਕਿ ਮਿੰਦੋ ਕਾਗਜ਼ ਪੱਤਰ ਮਾਸਟਰਾਂ ਨੂੰ ਫੜਾ ਰਹੀ ਸੀ ਤੇ ਪੁੱਤ ਬੋਹੜ ਥੱਲੇ ਲੱਗੀ ਕਲਾਸ ਵਿੱਚ ਬੈਠਾ ਪੜ੍ਹ ਰਿਹਾ ਸੀ। ਸ਼ਾਇਦ ਕੋਈ ਸੁਪਨਾ ਹੀ ਹੋਵੇ। ਬਸ ਇੰਨਾ ਸੋਚਿਆ ਹੀ ਸੀ ਕਿ ਸਕੂਲ ਦੇ ਵੱਡੇ ਭੈਣ ਜੀ ਨੇ ਮੋਢੇ ’ਤੇ ਆਣ ਹੱਥ ਧਰਿਆ। ਉਨ੍ਹਾਂ ਕਿਹਾ, ‘‘ਭਾਈ ਕਰਮ ਸਿੰਹਾਂ ਮਿੰਦੋ ਚਾਹੇ ਬਹੁਤੀ ਪੜ੍ਹੀ ਲਿਖੀ ਤਾਂ ਨਹੀਂ ਆ, ਪਰ ਸਿਲਾਈ ਕਢਾਈ ਦਾ ਕੰਮ ਬਹੁਤ ਵਧੀਆ ਕਰਦੀ ਏ। ਬਾਕੀ ਕੰਮਾਂ ਵਿੱਚ ਵੀ ਬਹੁਤ ਸਮਝਦਾਰ ਆ ਮਿੰਦੋ। ਬਸ ਇਸੇ ਕਰਕੇ ਹੁਣ ਮਿੰਦੋ ਸਕੂਲ ਵਿੱਚ ਵੀ ਕੰਮ ਕਰਿਆ ਕਰੇਗੀ।’’
ਸਾਰੀ ਥਕਾਵਟ ਲਹਿ ਗਈ ਜਿਵੇਂ ਪੈਰਾਂ ਵਿੱਚੋਂ ਸੰਗਲ ਟੁੱਟ ਗਏ ਹੋਣ। ਦੂਰੋਂ ਹੀ ਮਿੰਦੋ ਨਾਲ ਅੱਖ ਮਿਲਾਈ ਤਾਂ ਲੱਗਿਆ ਜਿਵੇਂ ਮਿੰਦੋ ਦੀਆਂ ਅੱਖਾਂ ਵਿੱਚ ਕੋਈ ਸੂਰਜ ਚੜ੍ਹ ਰਿਹਾ ਹੋਵੇ ਤੇ ਕਾਲੀ ਰਾਤ ਦੇ ਗੂੜ੍ਹੇ ਹਨੇਰੇ ਦਾ ਪਸਾਰਾ, ਕਿਸੇ ਨਵੀਂ ਸਵੇਰ ਨੇ ਰੁਸ਼ਨਾ ਦਿੱਤਾ ਹੋਵੇ।
ਸੰਪਰਕ: 95172-90006

Advertisement

Advertisement