... ਨਾਨਕ ਕਿਛੁ ਸੁਣੀਐ ਕਿਛੁ ਕਹੀਐ

ਕੋਈ ਵੀ ਸਮਾਜ ਉਦੋਂ ਹੀ ਸਿਹਤਮੰਦ ਅਤੇ ਮਜ਼ਬੂਤ ਹੋ ਸਕਦਾ ਹੈ, ਜਦੋਂ ਉਸ ਅੰਦਰ ਵਸਦੇ ਲੋਕ, ਇੱਕ-ਦੂਜੇ ਦੀਆਂ ਭਾਵਨਾਵਾਂ ਦਾ ਧਿਆਨ ਰੱਖਦਿਆਂ, ਨਿਰਭੈ ਹੋ ਕੇ ਆਪਣੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰ ਸਕਣ, ਆਪਣੇ ਹੰਕਾਰ ਨੂੰ ਪਰ੍ਹੇ ਰੱਖ ਕੇ ਇੱਕ-ਦੂਜੇ ਦੀ ਗੱਲ ਸੁਣਨ ਅਤੇ ਆਪਣੀ ਆਲੋਚਨਾ ਸਹਿਣ ਦੀ ਤਾਕਤ ਰੱਖਦੇ ਹੋਣ- ਭਾਵ, ਸੰਵਾਦ ਕਰ ਸਕਦੇ ਹੋਣ। ਸੰਵਾਦ ਇੱਕ ਬਿਹਤਰੀਨ ਅਤੇ ਉੱਨਤ ਸਮਾਜ ਦੀ ਸਿਰਜਣਾ ਕਰਕੇ ਲੋਕਾਂ ਲਈ ਉੱਜਲ ਭਵਿੱਖ ਦੀ ਸਥਾਪਨਾ ਵੀ ਕਰਦੀ ਹੈ।
ਸਮੱਸਿਆਵਾਂ ਉਦੋਂ ਸ਼ੁਰੂ ਹੁੰਦੀਆਂ ਹਨ ਜਦੋਂ ਅਸੀਂ ਸੰਵਾਦ ਦੀ ਥਾਂ ਵਿਵਾਦ ਦਾ ਰਾਹ ਚੁਣਦੇ ਹਾਂ, ਜਦੋਂ ਅਸੀਂ ਸਿਰਫ਼ ਆਪਣੀ ਗੱਲ ਕਹਿਣ ਵਿੱਚ ਹੀ ਯਕੀਨ ਰੱਖਣ ਲੱਗਦੇ ਹਾਂ ਅਤੇ ਦੂਜੇ ਦੀ ਗੱਲ ਨੂੰ ਤਵੱਜੋ ਨਾ ਦੇ ਕੇ ਅਣਗੌਲਿਆਂ ਕਰਦੇ ਹਾਂ। ਗੁਰਬਾਣੀ ਦੀ ਇਸ ਤੁਕ ‘ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ’ ਰਾਹੀਂ ਗੁਰੂ ਨਾਨਕ ਦੇਵ ਜੀ ਸੰਵਾਦ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ ਫ਼ਰਮਾਉਂਦੇ ਹਨ ਕਿ ਜਦ ਤੱਕ ਅਸੀਂ ਇਸ ਸੰਸਾਰ ਵਿੱਚ ਰਹਿੰਦੇ ਹਾਂ, ਸਾਨੂੰ ਨਾ ਸਿਰਫ਼ ਆਪਣੀ ਗੱਲ ਸੰਜਮ ਨਾਲ ਕਹਿਣੀ ਚਾਹੀਦੀ ਹੈ, ਬਲਕਿ ਦੂਜੇ ਦੀ ਗੱਲ ਧੀਰਜ ਨਾਲ ਸੁਣਨੀ ਵੀ ਚਾਹੀਦੀ ਹੈ। ਗੁਰੂ ਨਾਨਕ ਦੇਵ ਜੀ ਦੀ ਇਹ ਸਿੱਖਿਆ ਸੁਣਨ ਨੂੰ ਵਧੇਰੇ ਮਹੱਤਵ ਦਿੰਦੀ ਹੈ ਕਿਉਂਕਿ ਸੁਣਨਾ ਹੀ ਕਿਸੇ ਸੰਵਾਦ ਦੀ ਮੁੱਢਲੀ ਨੀਂਹ ਹੈ। ਜਦੋਂ ਅਸੀਂ ਧਿਆਨ ਨਾਲ ਸੁਣਦੇ ਹਾਂ ਤਾਂ ਦੂਜਿਆਂ ਦੀਆਂ ਭਾਵਨਾਵਾਂ ਨੂੰ ਸਮਝ ਅਤੇ ਆਪਣੀ ਗੱਲ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰ ਸਕਦੇ ਹਾਂ।
ਜਿਸ ਤਰ੍ਹਾਂ ਧੀਰਜ ਨਾਲ ਸੁਣਨਾ ਅਤੇ ਸੰਜਮ ਨਾਲ ਬੋਲਣਾ ਇੱਕ ਸੰਗਠਿਤ ਸਮਾਜ ਦੀ ਨੀਂਹ ਬਣਦੇ ਹਨ, ਉਸੇ ਤਰ੍ਹਾਂ ਇਹ ਗੁਣ ਸਰੀਰਕ ਤੰਦਰੁਸਤੀ ਦਾ ਵੀ ਆਧਾਰ ਬਣਦੇ ਹਨ। ਅੱਜ ਦੀ ਤੇਜ਼ ਰਫ਼ਤਾਰ, ਭੱਜ-ਦੌੜ, ਚਾਰੋਂ ਪਾਸਿਓਂ ਸ਼ੋਰ-ਸ਼ਰਾਬੇ, ਉਲਝਣਾਂ, ਮਾਨਸਿਕ ਤਣਾਅ ਅਤੇ ਰਿਸ਼ਤਿਆਂ ਦੀਆਂ ਗੁੰਝਲਾਂ ਨਾਲ ਘਿਰੀ ਹੋਈ ਜ਼ਿੰਦਗੀ ਵਿੱਚ ਅਸੀਂ ਸਭ ਤੋਂ ਮਹੱਤਵਪੂਰਨ ਸੰਚਾਰਕ, ਸਾਡੇ ਸਰੀਰ ਨਾਲ ਸੰਵਾਦ ਕਰਨਾ ਹੀ ਭੁੱਲ ਜਾਂਦੇ ਹਾਂ। ਸਾਡਾ ਸਰੀਰ, ਚੁੱਪ ਰਹਿ ਕੇ ਬੋਲਣ ਵਾਲਾ, ਇੱਕ ਸੰਚਾਰਕ ਹੈ। ਇਹ ਸ਼ਬਦਾਂ ਦੀ ਥਾਂ ਸੰਕੇਤਾਂ, ਸੰਵੇਦਨਾਵਾਂ ਅਤੇ ਭਾਵਨਾਵਾਂ ਜ਼ਰੀਏ ਸਾਨੂੰ ਦੱਸਦਾ ਹੈ ਕਿ ਉਸ ਨੂੰ ਸਾਡੀ ਲੋੜ ਹੈ। ਦਿਲ ਦੇ ਮਾਹਿਰ ਡਾਕਟਰ ਅਤੇ ਪਦਮ ਭੂਸ਼ਣ ਪੁਰਸਕਾਰ ਜੇਤੂ ਡਾਕਟਰ ਬੀ.ਐਮ. ਹੇਗੜੇ ਅਨੁਸਾਰ, “ਸਾਡੇ ਸਰੀਰ ਕੋਲ ਆਪਣੇ ਆਪ ਤੰਦਰੁਸਤ ਹੋਣ ਦੀ ਅਪਾਰ ਸ਼ਕਤੀ ਹੈ, ਇਸ ਨੂੰ ਸਿਰਫ਼ ਸਾਡੇ ਸਹਿਯੋਗ ਦੀ ਲੋੜ ਹੈ।” ਅਮਰੀਕੀ ਯੋਗ ਸਿੱਖਿਅਕ ਅਤੇ ਲੇਖਿਕਾ ਡੇਬੋਰਾ ਅਡੇਲ ਅਨੁਸਾਰ, “ਸਾਡਾ ਸਰੀਰ ਗਿਆਨ ਦਾ ਭੰਡਾਰ ਹੈ। ਲੋੜ ਇਸ ਦੇ ਸੰਕੇਤਾਂ ਨੂੰ ਧਿਆਨ ਨਾਲ ਸੁਣਨ, ਇਸ ਦਾ ਸਤਿਕਾਰ ਕਰਨ ਅਤੇ ਸੰਕੇਤਾਂ ਅਨੁਸਾਰ ਕਦਮ ਚੁੱਕਣ ਦੀ ਹੈ।”
ਸਰੀਰ ਨੂੰ ਸੁਣਨ ਤੋਂ ਭਾਵ ਇਸ ਵੱਲੋਂ ਮਿਲ ਰਹੇ ਅੰਦਰੂਨੀ ਸੰਕੇਤਾਂ ਵੱਲ ਧਿਆਨ ਦੇਣਾ ਅਤੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਸਮਝਣਾ ਹੈ। ਅਫ਼ਸੋਸ, ਅਸੀਂ ਇਸ ਨੂੰ ਸਿਰਫ਼ ਇੱਕ ਮਸ਼ੀਨ ਸਮਝਿਆ ਹੋਇਆ ਹੈ- ਜਿਹੜੀ ਲਗਾਤਾਰ ਕੰਮ ਕਰੇ, ਨਵ-ਜੀਵਨ ਦੀ ਸਿਰਜਣਾ ਕਰੇ ਅਤੇ ਬਿਨਾਂ ਥੱਕੇ ਚਲਦੀ ਰਹੇ - ਜਦੋਂ ਤੱਕ ਇਹ ਥੱਕ ਕੇ ਸਦਾ ਲਈ ਸ਼ਾਂਤ ਨਾ ਹੋ ਜਾਵੇ। ਕਿੰਨਾ ਚੰਗਾ ਹੋਵੇ, ਜੇਕਰ ਅਸੀਂ ਰੁਕੀਏ, ਸੁਣੀਏ ਅਤੇ ਸਰੀਰ ਨੂੰ ਇੱਕ ਸਮਝਦਾਰ ਸਾਥੀ ਦੀ ਤਰ੍ਹਾਂ ਦੇਖਣਾ ਸ਼ੁਰੂ ਕਰੀਏ, ਜਿਹੜਾ ਲਗਾਤਾਰ ਸਾਡੇ ਨਾਲ ਸੰਵਾਦ ਕਰਦਾ ਹੈ, ਨਾ ਕਿ ਇੱਕ ਗੂੰਗੇ, ਗ਼ੁਲਾਮ ਵਾਂਗੂੰ। ਥੱਕੀਆਂ ਅੱਖਾਂ, ਭੁੱਖੇ ਢਿੱਡ, ਬਦਲੇ ਮੂਡ, ਜਕੜੇ ਮੋਢੇ, ਆਕੜੀ ਪਿੱਠ ਆਦਿ ਦੇ ਜ਼ਰੀਏ ਇਹ ਹੌਲੀ-ਹੌਲੀ ਘੁਸਰ-ਮੁਸਰ ਕਰਦਾ ਹੈ। ਇਹ ਆਪ ਹੀ ਦੱਸਦਾ ਹੈ, ਕਦੋਂ ਅਤਿ ਹੋ ਗਈ ਹੈ, ਕਦੋਂ ਕੋਈ ਕਮੀ ਰਹਿ ਗਈ ਹੈ ਅਤੇ ਕਦੋਂ ਸਭ ਕੁਝ ਠੀਕ-ਠਾਕ ਹੈ। ਪਰ ਅਸੀਂ ਇਸ ਨੂੰ ਅਣਡਿੱਠ ਕਰਨਾ ਹੀ ਸਿੱਖਿਆ ਹੈ ਤੇ ਇਸੇ ਲਈ ਆਰਾਮ ਕਰਨ ਦੀ ਥਾਂ ਚਾਹ-ਕੌਫ਼ੀ ਜਾਂ ਦਰਦ ਨਿਵਾਰਕ ਦਵਾਈਆਂ ਲੈਣ ਲੱਗਦੇ ਹਾਂ, ਤਣਾਅ ਦੀ ਸਥਿਤੀ ਵਿੱਚ ਮਨ ਨੂੰ ਸ਼ਾਂਤ ਕਰਨ ਦੀ ਥਾਂ ਆਪਣਾ ਧਿਆਨ ਭਟਕਾਉਣ ਲੱਗਦੇ ਹਾਂ, ਆਦਿ।
ਸਰੀਰ ਨੂੰ ਸੁਣਨ ਲਈ ਕਿਸੇ ਵੀ ਤਰ੍ਹਾਂ ਦੇ ਔਜ਼ਾਰਾਂ ਦੀ ਲੋੜ ਨਹੀਂ ਹੈ। ਲੋੜ ਸਿਰਫ਼ ਸ਼ਾਂਤੀ ਅਤੇ ਇਕਾਗਰਤਾ ਦੀ ਹੈ। ਜਦੋਂ ਅਸੀਂ ਸ਼ਾਂਤ ਮਨ ਨਾਲ ਮਹਿਸੂਸ ਕਰਦੇ ਹਾਂ - ਬਿਨਾਂ ਆਪਣੇ ਅੰਦਰਲੀ ਆਵਾਜ਼ ਨੂੰ ਦਬਾਇਆਂ - ਉਸ ਵੇਲੇ ਅਸੀਂ ਸੁਣਨਾ ਸ਼ੁਰੂ ਕਰ ਦਿੰਦੇ ਹਾਂ। ਸਿਰ ਦਰਦ, ਦਿਲ ਦੀ ਧੜਕਣ ਦਾ ਤੇਜ਼ ਹੋਣਾ, ਅਚਾਨਕ ਭੁੱਖ ਮਰ ਜਾਣਾ, ਆਦਿ - ਸਭ ਸਰੀਰ ਦੀਆਂ ਆਵਾਜ਼ਾਂ ਹਨ। ਇਹ ਅਕਾਰਨ ਹੋਈਆਂ ਬੇਤਰਤੀਬੀਆਂ ਦੀ ਥਾਂ ਅਜਿਹੇ ਸੰਕੇਤ ਹਨ ਜਿਹੜੇ ਸਾਨੂੰ ਧਿਆਨ ਦੇਣ ਲਈ ਕਹਿ ਰਹੇ ਹਨ। ਜੇਕਰ ਅਸੀਂ ਇਨ੍ਹਾਂ ਨੂੰ ਦਬਾਉਣ ਦੀ ਥਾਂ ਸਨੇਹ ਅਤੇ ਉਤਸੁਕਤਾ ਨਾਲ ਸੁਣਦੇ ਹਾਂ ਤਾਂ ਸਰੀਰ ਬਹੁਤ ਸਮਝਦਾਰੀ ਨਾਲ ਜਵਾਬ ਦਿੰਦਾ ਹੈ।
ਅਸੀਂ ਅਕਸਰ ਹੀ ਲਾਲਸਾ ਜਾਂ ਇੱਛਾ ਨੂੰ ਸਰੀਰਕ ਭੁੱਖ ਸਮਝ ਲੈਂਦੇ ਹਾਂ ਅਤੇ ਉਸ ਨੂੰ ਦਬਾਉਣ ਲਈ ਕਿਸੇ ਵੀ ਤਰ੍ਹਾਂ ਦਾ ਤਲਿਆ-ਭੁੰਨਿਆ, ਬੇਕਾਰ (ਜੰਕ) ਭੋਜਨ ਕਰ ਲੈਂਦੇ ਹਾਂ। ਅਸਲ ਭੁੱਖ ਹਮੇਸ਼ਾ ਹੌਲੀ-ਹੌਲੀ ਵਧਦੀ ਹੈ ਅਤੇ ਇਹ ਪੌਸ਼ਟਿਕ ਆਹਾਰ ਵੀ ਸਵੀਕਾਰ ਕਰਦੀ ਹੈ ਜਦੋਂਕਿ ਲਾਲਸਾ ਵਿਸ਼ੇਸ਼ ਚੀਜ਼ ਦੀ ਤਾਂਘ ਹੁੰਦੀ ਹੈ ਜਿਹੜੀ ਤਣਾਅ, ਦੁੱਖ ਜਾਂ ਬੋਰੀਅਤ ਆਦਿ ਭਾਵਨਾ-ਆਧਾਰਿਤ ਹੁੰਦੀ ਹੈ। ਇਸ ਲਈ ਖਾਣ ਤੋਂ ਪਹਿਲਾਂ ਰੁਕ ਕੇ ਆਪਣੇ ਆਪ ਨੂੰ ਜ਼ਰੂਰ ਪੁੱਛੋ ਕਿ ਇਹ ਮੇਰੇ ਸਰੀਰ ਦੀ ਲੋੜ ਹੈ ਜਾਂ ਮਨ ਦੀ ਲਾਲਸਾ? ਇਸੇ ਤਰ੍ਹਾਂ ਜੇਕਰ ਕਮਜ਼ੋਰੀ ਮਹਿਸੂਸ ਹੋ ਰਹੀ ਹੋਵੇ ਤਾਂ ਇਹ ਸਮਝਣ ਦੀ ਲੋੜ ਹੈ ਕਿ ਇਸ ਦਾ ਕਾਰਨ ਨੀਂਦ ਦੀ ਕਮੀ ਹੈ; ਪੌਸ਼ਟਿਕ ਭੋਜਨ ਜਾਂ ਪਾਣੀ ਦੀ ਘਾਟ ਹੈ; ਜਾਂ ਫਿਰ ਆਲਸ ਜਾਂ ਅਕਿਰਿਆਸ਼ੀਲਤਾ ਦਾ ਹੋਣਾ ਹੈ; ਅਤੇ ਉਸਦਾ ਹੱਲ ਕੱਢਿਆ ਜਾਵੇ।
ਜਿੰਨਾ ਮਹੱਤਵ ਸਰੀਰ ਦੀ ਆਵਾਜ਼ ਨੂੰ ਸੁਣਨ ਦਾ ਹੈ, ਓਨਾ ਹੀ ਮਹੱਤਵ ਸੂਝ-ਬੂਝ ਨਾਲ ਇਸ ਨੂੰ ਜਵਾਬ ਦੇਣ ਦਾ ਵੀ ਹੈ। ਭਾਵ, ਜਦੋਂ ਸਰੀਰ ਨੂੰ ਆਰਾਮ ਦੀ ਲੋੜ ਹੋਵੇ ਤਾਂ ਇਸ ਨੂੰ ਮੰਨ ਲੈਣਾ; ਭੁੱਖ ਲੱਗੀ ਹੋਵੇ ਤਾਂ ਪੌਸ਼ਟਿਕ ਆਹਾਰ ਗ੍ਰਹਿਣ ਕਰਨਾ; ਮਾਨਸਿਕ ਤਣਾਅ ਹੋਵੇ ਤਾਂ ਸ਼ਾਂਤੀ ਨਾਲ ਸਮੱਸਿਆ ਦਾ ਹੱਲ ਲੱਭਣਾ; ਆਲਸ ਆ ਰਿਹਾ ਹੋਵੇ ਤਾਂ ਲੋੜ ਅਨੁਸਾਰ ਸੈਰ, ਕਸਰਤ ਜਾਂ ਕੋਈ ਕਾਰਜ ਕਰਨਾ, ਆਦਿ ਇਸ ਨੂੰ ਜਵਾਬ ਦੇਣਾ ਜਾਂ ਬੋਲਣਾ ਕਹਾਉਂਦੇ ਹਨ। ਸਰੀਰ ਨਾਲ ਗੱਲਾਂ ਕਰਨ ਲਈ ਸ਼ਬਦਾਂ ਦੀ ਥਾਂ ਇਰਾਦੇ, ਧਿਆਨ ਅਤੇ ਸਨੇਹ ਦੀ ਲੋੜ ਹੁੰਦੀ ਹੈ।
ਇੱਥੇ ਇਹ ਗੱਲ ਬਹੁਤ ਧਿਆਨ ਦੇਣ ਯੋਗ ਹੈ ਕਿ ਸਰੀਰ ਦੇ ਕਹੇ ਅਨੁਸਾਰ ਚੱਲਣਾ ਜ਼ਰੂਰ ਹੈ, ਪਰ ਉਸ ਨੂੰ ਯਾਤਨਾ ਨਹੀਂ ਦੇਣੀ, ਸੰਤੁਲਨ ਬਣਾ ਕੇ ਰੱਖਣਾ ਹੈ। ਜੇਕਰ ਕਸਰਤ ਕਰਨੀ ਹੈ ਤਾਂ ਆਪਣੀ ਸਮਰੱਥਾ ਅਨੁਸਾਰ ਕਰਨੀ ਹੈ, ਸਰੀਰ ’ਤੇ ਅੱਤਿਆਚਾਰ ਨਹੀਂ ਕਰਨਾ। ਇਸੇ ਤਰ੍ਹਾਂ ਜੇਕਰ ਸੈਰ ਕਰਨੀ ਹੈ ਤਾਂ ਓਨੀ ਕੁ ਤੇਜ਼ ਹੀ ਕਰਨੀ ਹੈ, ਜਿੰਨੀ ਕੁ ਤੇਜ਼ ਸਰੀਰ ਸਹਿ ਸਕਦਾ ਹੋਵੇ, ਸਕਾਰਾਤਮਕ ਊਰਜਾ ਪੈਦਾ ਹੋਵੇ, ਮਨ ਪ੍ਰਫੁੱਲਿਤ ਅਤੇ ਸਰੀਰ ਮੁੜ-ਸੁਰਜੀਤ ਹੋ ਸਕੇ।
ਆਪਣੇ ਸਰੀਰ ਨਾਲ ਗੱਲਾਂ ਕਰਨ ਵਿੱਚ ਸਾਕਾਰਾਤਮਕ ਕਥਨ ਜਾਂ ਧਾਰਨਾਵਾਂ (ਅਫਰਮੇਸ਼ਨਜ਼) ਵੀ ਸ਼ਾਮਿਲ ਹਨ। ਇਨ੍ਹਾਂ ਧਾਰਨਾਵਾਂ ਦੇ ਉਚਾਰਣ ਰਾਹੀਂ ਅਸੀਂ ਆਪਣੀ ਅੰਦਰੂਨੀ ਦੁਨੀਆ ਨਾਲ ਗੱਲਾਂ ਕਰਦੇ ਹਾਂ ਅਤੇ ਆਪਣੀ ਜ਼ਿੰਦਗੀ ਵਿੱਚ ਅੰਦਰੂਨੀ ਸ਼ਾਂਤੀ ਅਤੇ ਸੰਤੁਲਨ ਲਿਆਉਂਦੇ ਹਾਂ। ਜਿਵੇਂ ਹਰ ਸਵੇਰ ਉੱਠਦਿਆਂ ਕਹਿਣਾ, “ਮੈਂ ਅੱਜ ਤਾਜ਼ਗੀ ਮਹਿਸੂਸ ਕਰ ਰਿਹਾ ਹਾਂ ਅਤੇ ਮੇਰਾ ਸਰੀਰ ਤੰਦਰੁਸਤ ਹੈ”; ਬਿਮਾਰੀ ਦੀ ਹਾਲਤ ਵਿੱਚ ਕਹਿਣਾ, “ਮੈਂ ਠੀਕ ਹੋ ਰਿਹਾ ਹਾਂ” ਜਾਂ “ਮੈਂ ਹੁਣ ਠੀਕ ਹੋ ਗਿਆ ਹਾਂ”; ਕਿਸੇ ਮੁਸ਼ਕਲ ਘੜੀ ਵਿੱਚ ਆਤਮ-ਵਿਸ਼ਵਾਸ ਨਾਲ ਕਹਿਣਾ, “ਮੇਰੇ ਅੰਦਰ ਹਰ ਸਮੱਸਿਆ ਦਾ ਹੱਲ ਲੱਭਣ ਦੀ ਸਮਰੱਥਾ ਹੈ”; ਰਾਤ ਨੂੰ ਸੌਣ ਤੋਂ ਪਹਿਲਾਂ ਕਹਿਣਾ, “ਅੱਜ ਦਾ ਦਿਨ ਚੰਗਾ ਰਿਹਾ। ਨਵੀਂ ਸਵੇਰ ਦੀ ਉਮੀਦ ਵਿੱਚ ਮੇਰਾ ਮਨ ਅਤੇ ਸਰੀਰ ਆਰਾਮ ਲਈ ਤਿਆਰ ਹਨ।” ਆਦਿ। ਇਸੇ ਤਰ੍ਹਾਂ ਆਪਣੇ ਅੰਦਰ ਵਾਸ ਕਰਦੀ ਉਸ ਪਰਮ-ਆਤਮਾ ਦਾ ਧੰਨਵਾਦ ਕਰਨਾ (ਗ੍ਰੈਟਿਟੂਡ) ਵੀ ਮਨ ਨੂੰ ਸਥਿਰ ਕਰਦਾ ਹੈ, ਦਿਲ ਵਿੱਚ ਖ਼ੁਸ਼ੀ ਜਗਾਉਂਦਾ ਅਤੇ ਸਰੀਰ ਨੂੰ ਸ਼ਾਂਤੀ ਦਿੰਦਾ ਹੈ। ਜਿਵੇਂ “ਹੇ ਪ੍ਰਭੂ! ਮੈਨੂੰ ਨਵਾਂ ਦਿਨ ਅਤੇ ਨਵੀਂ ਉਮੀਦ ਦੇਣ ਲਈ ਆਪ ਜੀ ਦਾ ਕੋਟਿ-ਕੋਟਿ ਧੰਨਵਾਦ।’’ਂ, “ਹੇ ਈਸ਼ਵਰ! ਤੁਸੀਂ ਮੇਰੇ ਨਾਲ ਹੋ, ਇਹੋ ਮੇਰੀ ਸਭ ਤੋਂ ਵੱਡੀ ਤਾਕਤ ਹੈ।”
ਅਮਰੀਕੀ ਕਵਿੱਤਰੀ ਅਤੇ ਲੇਖਿਕਾ ਨਯੀਰਾ ਵਹੀਦ ਦੀਆਂ ਇਹ ਸਤਰਾਂ ਉਪਰੋਕਤ ਲੇਖ ਨੂੰ ਸਾਰਥਕਤਾ ਦਿੰਦੀਆਂ ਹਨ: ਅਤੇ ਮੈਂ ਆਪਣੇ ਸਰੀਰ ਨੂੰ ਹੌਲੀ ਜਿਹੇ ਕਿਹਾ,ੇ “ਮੈਂ ਤੇਰੀ ਦੋਸਤ ਬਣਨਾ ਚਾਹੁੰਦੀ ਹਾਂ”/ ਉਸਨੇ ਇੱਕ ਲੰਬਾ ਸਾਹ ਲਿਆ ਅਤੇ ਜਵਾਬ ਦਿੱਤਾ,/ “ਮੈਂ ਪੂਰੀ ਜ਼ਿੰਦਗੀ ਇਸੇ ਦਾ ਇੰਤਜ਼ਾਰ ਕਰ ਰਿਹਾ ਸੀ।’’
ਸੰਪਰਕ: 98147-11605