ਮਈ ਦੇ ਪਹਿਲੇ ਪੰਦਰਵਾੜੇ ਦੀਆਂ ਖੇਤੀ ਸਰਗਰਮੀਆਂ

ਕਈ ਕਿਸਾਨ ਅਗੇਤਾ ਝੋਨਾ ਲਗਾਉਣ ਦਾ ਯਤਨ ਕਰਦੇ ਹਨ। ਇਸ ਨਾਲ ਧਰਤੀ ਹੇਠਲੇ ਪਾਣੀ ਦੀ ਹੀ ਕਮੀ ਨਹੀਂ ਆਉਂਦੀ ਸਗੋਂ ਅਗੇਤੀ ਫ਼ਸਲ ਦਾ ਝਾੜ ਵੀ ਘੱਟ ਜਾਂਦਾ ਹੈ। ਝੋਨੇ ਦੀ ਪਨੀਰੀ ਦੀ ਬਿਜਾਈ 15 ਮਈ ਤੋਂ ਸ਼ੁਰੂ ਕਰਨੀ ਚਾਹੀਦੀ ਹੈ। ਪਰ ਇਸ ਵਾਰ ਪੰਜਾਬ ਸਰਕਾਰ ਨੇ ਪਹਿਲੀ ਜੂਨ ਤੋਂ ਲੁਆਈ ਸ਼ੁਰੂ ਕਰਨ ਦੀ ਮਨਜੂਰੀ ਦਿੱਤੀ ਹੈ। ਇਸ ਕਰਕੇ ਪਨੀਰੀ ਵੀ ਮਈ ਦੇ ਪਹਿਲੇ ਹਫ਼ਤੇ ਹੀ ਬੀਜਣੀ ਪਵੇਗੀ। ਬੀਜ ਹਮੇਸ਼ਾ ਸਿਫ਼ਾਰਸ਼ ਕੀਤੀ ਕਿਸਮ ਦਾ ਅਤੇ ਭਰੋਸੇਯੋਗ ਵਸੀਲੇ ਤੋਂ ਪ੍ਰਾਪਤ ਕਰੋ। ਪੰਜਾਬ ਵਿਚ ਕਾਸ਼ਤ ਲਈ ਪੀ.ਆਰ.-129, ਪੀ.ਆਰ.-132, ਪੀ.ਆਰ.-131, ਪੀ.ਆਰ.-121, ਪੀ.ਆਰ.-122, ਪੀ.ਆਰ.-123 ਅਤੇ ਪੀ.ਆਰ.-130, ਪੀ.ਆਰ.-128, ਐੱਚ.ਕੇ.ਆਰ. -47, ਪੀ.ਆਰ.- 127 ਅਤੇ ਪੀ.ਆਰ.-126 ਕਿਸਮਾਂ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਪਿਛੇਤੀ ਬਿਜਾਈ ਲਈ ਪੀ.ਆਰ.-126 ਦੀ ਕਾਸ਼ਤ ਕਰਨੀ ਚਾਹੀਦੀ ਹੈ। ਇਹ 30 ਕੁਇੰਟਲ ਝਾੜ ਪ੍ਰਤੀ ਏਕੜ ਦਿੰਦੀ ਹੈ ਤੇ 193 ਦਿਨਾਂ ਵਿਚ ਪੱਕ ਜਾਂਦੀ ਹੈ। ਇਕ ਏਕੜ ਦੀ ਬਿਜਾਈ ਲਈ 8 ਕਿਲੋ ਬੀਜ ਦੀ ਵਰਤੋਂ ਕਰੋ। ਬੀਜ ਰੋਗ ਰਹਿਤ ਹੋਣਾ ਚਾਹੀਦਾ ਹੈ। ਪਨੀਰੀ ਬੀਜਣ ਸਮੇਂ ਬੀਜ ਨੂੰ ਪਾਣੀ ਵਿਚ ਭਿਉਂ ਲਵੋ। ਇੰਝ ਕਮਜ਼ੋਰ ਬੀਜ ਉੱਤੇ ਤਰ ਪੈਣਗੇ। ਉਨ੍ਹਾਂ ਨੂੰ ਕੱਢ ਦੇਵੋ। ਪਨੀਰੀ ਬੀਜਣ ਸਮੇਂ ਖੇਤ ਨੂੰ ਪਾਣੀ ਦੇ ਦੇਵੋ ਤਾਂ ਜੋ ਨਦੀਨ ਉੱਗ ਆਉਣ। ਫਿਰ ਖੇਤ ਨੂੰ ਚੰਗੀ ਤਰ੍ਹਾਂ ਤਿਆਰ ਕਰੋ, 10x2 ਮੀਟਰ ਦੀਆਂ ਕਿਆਰੀਆਂ ਬਣਾ ਕੇ ਪਨੀਰੀ ਬੀਜੋ। ਪਨੀਰੀ ਬੀਜਣ ਸਮੇਂ 26 ਕਿਲੋ ਯੂਰੀਆ ਅਤੇ 60 ਕਿਲੋ ਸੁਪਰਫਾਸਫ਼ੇਟ ਪ੍ਰਤੀ ਏਕੜ ਵਰਤੋ। ਜੇਕਰ 40 ਕਿਲੋ ਜ਼ਿੰਕ ਸਲਫੇਟ ਪ੍ਰਤੀ ਏਕੜ ਦੇ ਹਿਸਾਬ ਪਾ ਦਿੱਤੀ ਜਾਵੇ ਤਾਂ ਪਨੀਰੀ ਚੰਗੀ ਹੋ ਜਾਂਦੀ ਹੈ।
ਝੋਨੇ ਨੂੰ ਬਹੁਤਾ ਪਾਣੀ ਲਗਾਉਣ ਕਰਕੇ ਪੰਜਾਬ ਵਿਚ ਪਾਣੀ ਦੀ ਘਾਟ ਨਜ਼ਰ ਆਉਣ ਲੱਗ ਪਈ ਹੈ। ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਫ਼ਸਲ ਦੀ ਲੁਆਈ ਅਗੇਤੀ ਨਾ ਕੀਤੀ ਜਾਵੇ। ਅਗੇਤੀ ਫ਼ਸਲ ਉੱਤੇ ਬਿਮਾਰੀਆਂ ਅਤੇ ਕੀੜਿਆਂ ਦਾ ਹਮਲਾ ਵੀ ਹੁੰਦਾ ਹੈ। ਉਂਝ ਵੀ ਜਦੋਂ ਅਗੇਤੀ ਫ਼ਸਲ ਪੱਕਦੀ ਹੈ ਤਾਂ ਉਦੋਂ ਅਜੇ ਬਰਸਾਤ ਹੁੰਦੀ ਰਹਿੰਦੀ ਹੈ। ਜਿਸ ਨਾਲ ਪੱਕੀ ਫ਼ਸਲ ਖ਼ਰਾਬ ਹੋ ਜਾਂਦੀ ਹੈ ਅਤੇ ਮੰਡੀ ਵਿਚ ਬਹੁਤ ਘੱਟ ਮੁੱਲ ਪ੍ਰਾਪਤ ਹੁੰਦਾ ਹੈ। ਝੋਨੇ ਦੀ ਪਨੀਰੀ 30 ਦਿਨ ਦੀ ਹੋਣ ਉਪਰੰਤ ਖੇਤ ਵਿਚ ਲਗਾਈ ਜਾ ਸਕਦੀ ਹੈ।
ਮਾਹਿਰਾਂ ਨੇ ਸਾਬਿਤ ਕਰ ਦਿੱਤਾ ਹੈ ਕਿ ਖੁੰਭਾਂ ਦੀ ਕਾਸ਼ਤ ਸਾਰਾ ਸਾਲ ਕੀਤੀ ਜਾ ਸਕਦੀ ਹੈ। ਪਰਾਲੀ ਵਾਲੀਆਂ ਖੁੰਭਾਂ ਉਗਾਉਣ ਦਾ ਹੁਣ ਢੁੱਕਵਾਂ ਸਮਾਂ ਹੈ। ਇਨ੍ਹਾਂ ਨੂੰ ਪਰਾਲੀ ਦੀਆਂ ਪੂਲੀਆਂ ਉੱਤੇ ਬੀਜਿਆ ਜਾਂਦਾ ਹੈ। ਖੁੰਭਾਂ ਦਾ ਬੀਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ।
ਧਰਤੀ ਦੀ ਸਿਹਤ ਠੀਕ ਰੱਖਣ ਲਈ ਅਤੇ ਫ਼ਸਲਾਂ ਦਾ ਪੂਰਾ ਝਾੜ ਲੈਣ ਲਈ ਰੂੜੀ ਦੀ ਲੋੜ ਹੈ। ਪਰ ਪਿੰਡਾਂ ਵਿਚ ਪਸ਼ੂਆਂ ਦੀ ਗਿਣਤੀ ਘੱਟ ਜਾਣ ਨਾਲ ਲੋੜ ਅਨੁਸਾਰ ਰੂੜੀ ਦੀ ਪ੍ਰਾਪਤੀ ਔਖੀ ਹੋ ਗਈ ਹੈ। ਇਸ ਘਾਟ ਨੂੰ ਕੁੱਝ ਹੱਦ ਤੱਕ ਹਰੀ ਖਾਦ ਨਾਲ ਪੂਰਾ ਕੀਤਾ ਜਾ ਸਕਦਾ ਹੈ। ਹਰੇਕ ਸਾਲ ਕੁੱਝ ਰਕਬੇ ਵਿੱਚ ਹਰੀ ਖਾਦ ਦੀ ਬਿਜਾਈ ਜ਼ਰੂਰ ਕੀਤੀ ਜਾਵੇ। ਕਣਕ ਦੀ ਵਾਢੀ ਪਿਛੋਂ ਰੌਣੀ ਕਰਕੇ ਹਰੀ ਖਾਦ ਦੀ ਬਿਜਾਈ ਕੀਤੀ ਜਾ ਸਕਦੀ ਹੈ। ਢੈਂਚਾ, ਸਣ ਅਤੇ ਰਵਾਂਹ ਨੂੰ ਹਰੀ ਖਾਦ ਲਈ ਬੀਜਿਆ ਜਾ ਸਕਦਾ ਹੈ। ਇਕ ਏਕੜ ਲਈ ਢੈਂਚਾ ਅਤੇ ਸਣ ਦਾ 20 ਕਿਲੋ ਬੀਜ ਚਾਹੀਦਾ ਹੈ ਜਦੋਂ ਕਿ ਰਵਾਂਹ ਦਾ 12 ਕਿਲੋ ਬੀਜ ਪ੍ਰਤੀ ਏਕੜ ਪਾਇਆ ਜਾਵੇ। ਢੈਂਚੇ ਦੇ ਬੀਜ ਨੂੰ ਬੀਜਣ ਤੋਂ ਪਹਿਲਾਂ ਅੱਠ ਘੰਟੇ ਪਾਣੀ ਵਿਚ ਭਿਉਂ ਕੇ ਰੱਖੋ। ਝੋਨੇ ਦੀ ਪਨੀਰੀ ਲਗਾਉਣ ਤੋਂ ਇਕ ਦਿਨ ਪਹਿਲਾਂ ਫ਼ਸਲ ਨੂੰ ਖੇਤ ਵਿਚ ਵਾਹ ਦਿੱਤਾ ਜਾਵੇ। ਹਰੀ ਖਾਦ ਨਾਲ 25 ਕਿਲੋ ਨਾਈਟ੍ਰੋਜਨ (55 ਕਿਲੋ ਯੂਰੀਆ ਪ੍ਰਤੀ ਏਕੜ ਘੱਟ ਪਾਉਣ ਦੀ ਲੋੜ ਪੈਂਦੀ ਹੈ। ਢੈਂਚੇ ਨਾਲ ਤਾਂ ਲੋਹੇ ਦੀ ਘਾਟ ਵੀ ਪੂਰੀ ਹੋ ਜਾਂਦੀ ਹੈ। ਪੰਜਾਬ ਢੈਂਚਾ-1, ਢੈਂਚੇ ਦੀ ਸਿਫ਼ਾਰਸ਼ ਕੀਤੀ ਗਈ ਕਿਸਮ ਹੈ।
ਪੀ.ਏ.ਯੂ. 1691 ਅਤੇ ਨਰਿੰਦਰ ਸਨਈ-1 ਸਣ ਦੀਆਂ ਉੱਨਤ ਕਿਸਮਾਂ ਹਨ । ਜੇਕਰ ਰਵਾਂਹ ਦੀ ਸੀ.ਐੱਲ. 367 ਕਿਸਮ ਬੀਜਣੀ ਹੋਵੇ ਤਾਂ ਬੀਜ 12 ਕਿਲੋ ਹੀ ਪਾਇਆ ਜਾਵੇ। ਇਸ ਵਾਰ ਕੁਝ ਰਕਬੇ ਵਿਚ ਹਰੀ ਖਾਦ ਦੀ ਜ਼ਰੂਰ ਬਿਜਾਈ ਕੀਤੀ ਜਾਵੇ ਤਾਂ ਜੋ ਧਰਤੀ ਦੀ ਸਿਹਤ ਨੂੰ ਬਣਾਈ ਰੱਖਿਆ ਜਾ ਸਕੇ ।
ਜੇਕਰ ਨਰਮੇ ਦੀ ਬਿਜਾਈ ਨਹੀਂ ਕੀਤੀ ਤਾਂ ਇਸ ਵਿੱਚ ਹੋਰ ਦੇਰ ਨਾ ਕਰੋ। ਕਣਕ ਦੀ ਵਾਢੀ ਪਿੱਛੋਂ ਖੇਤ ਨੂੰ ਭਰਵੀਂ ਰੌਣੀ ਦੇ ਕੇ ਤਿਆਰ ਕਰੋ। ਅਮਰੀਕਨ ਕਪਾਹ, ਜਿਸ ਨੂੰ ਨਰਮਾ ਆਖਦੇ ਹਾਂ, ਦੀ ਕਾਸ਼ਤ ਪੱਛਮੀ ਜ਼ਿਲ੍ਹਿਆਂ ਵਿੱਚ ਹੁੰਦੀ ਹੈ ਜਦੋਂ ਕਿ ਕਪਾਹ ਤਾਂ ਥੋੜ੍ਹੀ ਬਹੁਤ ਸਾਰੇ ਪੰਜਾਬ ਵਿੱਚ ਹੀ ਬੀਜੀ ਜਾਂਦੀ ਹੈ। ਅਮਰੀਕਨ ਸੁੰਡੀ ਦੇ ਹਮਲੇ ਤੋਂ ਡਰਦੇ ਹੁਣ ਬਹੁਤੇ ਕਿਸਾਨ ਬੀਟੀ ਨਰਮੇ ਦੀਆਂ ਕਿਸਮਾਂ ਹੀ ਬੀਜਦੇ ਹਨ। ਇਹ ਬੀਜ ਹਰ ਸਾਲ ਨਵਾਂ ਲੈਣਾ ਪੈਂਦਾ ਹੈ। ਬੀਜ ਹਮੇਸ਼ਾਂ ਭਰੋਸੇਯੋਗ ਵਸੀਲੇ ਤੋਂ ਪ੍ਰਾਪਤ ਕਰੋ ਤਾਂ ਜੋ ਨਕਲੀ ਬੀਜ ਦੀ ਮਾਰ ਤੋਂ ਬਚਿਆ ਜਾ ਸਕੇ। ਹਮੇਸ਼ਾਂ ਪੰਜਾਬ ਵਿੱਚ ਕਾਸ਼ਤ ਲਈ ਸਿਫ਼ਾਰਸ਼ ਕੀਤੀਆਂ ਕਿਸਮਾਂ ਦੀ ਹੀ ਕਾਸ਼ਤ ਕਰੋ। ਤੁਹਾਡੀ ਆਪਣੀ ਯੂਨੀਵਰਸਿਟੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਬੀਟੀ ਨਰਮੇ ਦੀਆਂ ਕਿਸਮਾਂ ਪੀ.ਏ.ਯੂ. ਬੀਟੀ-2 ਅਤੇ ਪੀ ਏ ਯੂ ਬੀਟੀ-3 ਕਾਸ਼ਤ ਲਈ ਦਿੱਤੀਆਂ ਹਨ। ਇਨ੍ਹਾਂ ਦਾ ਚਾਰ ਕਿਲੋ ਪ੍ਰਤੀ ਏਕੜ ਬੀਜ ਪਾਵੋ। ਕੇਵਲ ਸਿਫ਼ਾਰਸ਼ ਕੀਤੀਆਂ ਕਿਸਮਾਂ ਦੀ ਹੀ ਬਿਜਾਈ ਕੀਤੀ ਜਾਵੇ। ਇਨ੍ਹਾਂ ਤੋਂ ਬਗੈਰ ਐਫ਼ 2228, ਐਲ ਐਚ 2108 ਕਿਸਮਾਂ ਦੀ ਵੀ ਸਿਫ਼ਾਰਸ਼ ਕੀਤੀ ਗਈ ਹੈ। ਇਨ੍ਹਾਂ ਕਿਸਮਾਂ ਦਾ ਪ੍ਰਤੀ ਏਕੜ 3½ ਕਿਲੋ ਬੀਜ ਚਾਹੀਦਾ ਹੈ।
ਨਰਮੇ ਉਤੇ ਕੀੜੇ ਅਤੇ ਬਿਮਾਰੀਆਂ ਦਾ ਹਮਲਾ ਵਧੇਰੇ ਹੁੰਦਾ ਹੈ। ਜਦੋਂ ਕਿਸੇ ਕੀੜੇ ਜਾਂ ਬਿਮਾਰੀ ਦਾ ਹਮਲਾ ਨਜ਼ਰ ਆਵੇ ਤਾਂ ਤੁਰੰਤ ਮਾਹਿਰਾਂ ਨਾਲ ਸੰਪਰਕ ਕਰੋ।ਉਨ੍ਹਾਂ ਵੱਲੋਂ ਸਿਫ਼ਾਰਸ਼ ਕੀਤੀ ਜ਼ਹਿਰ ਅਤੇ ਛਿੜਕਾਅ ਦੇ ਢੰਗ ਤਰੀਕੇ ਅਨੁਸਾਰ ਹੀ ਛਿੜਕਾਅ ਕੀਤਾ ਜਾਵੇ।
ਦੇਸੀ ਕਪਾਹ ਦੀ ਕਾਸ਼ਤ ਵੀ ਕੀਤੀ ਜਾਂਦੀ ਹੈ, ਖਾਸ ਕਰਕੇ ਘਰ ਦੀ ਵਰਤੋਂ ਲਈ ਇਸ ਨੂੰ ਵਧੇਰੇ ਪਸੰਦ ਕੀਤਾ ਜਾਂਦਾ ਹੈ। ਇਸ ਉਤੇ ਕੀੜਿਆਂ ਦਾ ਹਮਲਾ ਵੀ ਘੱਟ ਹੁੰਦਾ ਹੈ। ਐਫ ਡੀ ਕੇ 124, ਐਲ ਡੀ 1019, ਐਲ ਡੀ 949 ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ, ਜਿਨ੍ਹਾਂ ਦਾ ਤਿੰਨ ਕਿਲੋ ਬੀਜ ਪ੍ਰਤੀ ਏਕੜ ਪਾਇਆ ਜਾਂਦਾ ਹੈ। ਨਰਮੇ ਅਤੇ ਕਪਾਹ ਦੀ ਬਿਜਾਈ 15 ਮਈ ਤੱਕ ਪੂਰੀ ਕਰ ਲੈਣੀ ਚਾਹੀਦੀ ਹੈ। ਬਿਜਾਈ ਕਰਦੇ ਸਮੇਂ ਲਾਈਨਾਂ ਵਿਚਕਾਰ 67.7 ਸੈਂਟੀਮੀਟਰ ਫਾਸਲਾ ਰੱਖਿਆ ਜਾਵੇ। ਬਿਜਾਈ ਸਮੇਂ 27 ਕਿਲੋ ਡੀ ਏ ਪੀ ਜਾਂ 75 ਕਿਲੋ ਸਿੰਗਲ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਪਾਵੋ। ਆਮ ਕਿਸਮਾਂ ਲਈ 65 ਕਿਲੋ ਯੂਰੀਆ ਅਤੇ ਬੀ ਟੀ ਕਿਸਾਨਾਂ ਲਈ 90 ਕਿਲੋ ਯੂਰੀਆ ਪ੍ਰਤੀ ਏਕੜ ਦੀ ਸਿਫ਼ਾਰਸ਼ ਕੀਤੀ ਗਈ ਹੈ। ਅੱਧਾ ਯੂਰੀਆ ਬੂਟੇ ਵਿਰਲੇ ਕਰਨ ਸਮੇਂ ਅਤੇ ਬਾਕੀ ਦਾ ਹਿੱਸਾ ਫੁਲ ਖਿੜਨ ਸਮੇਂ ਪਾਵੋ। ਸਿਫ਼ਾਰਸ਼ ਤੋਂ ਵੱਧ ਨਾਈਟ੍ਰੋਜਨ ਵਾਲੀ ਖਾਦ ਨਹੀਂ ਪਾਉਣੀ ਚਾਹੀਦੀ। ਨਦੀਨਾਂ ਦੀ ਰੋਕਥਾਮ ਲਈ ਲੋੜ ਅਨੁਸਾਰ ਦੋ ਜਾਂ ਤਿੰਨ ਗੋਡੀਆਂ ਕਰੋ। ਬਾਗਾਂ ਦੇ ਅੰਦਰ ਜਾਂ ਨੇੜੇ ਨਰਮੇ ਦੀ ਬਿਜਾਈ ਨਹੀਂ ਕਰਨੀ ਚਾਹੀਦੀ।
ਗਰਮੀਆਂ ਵਿਚ ਡੰਗਰਾਂ ਖਾਸ ਕਰਕੇ ਦੁਧਾਰੂ ਡੰਗਰਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਗਰਮੀਆਂ ਵਿੱਚ ਦੁਧਾਰੂਆਂ ਦਾ ਦੁੱਧ ਘਟ ਜਾਂਦਾ ਹੈ। ਇਸ ਕਰਕੇ ਉਨ੍ਹਾਂ ਦੀ ਖ਼ੁਰਾਕ ਵਿੱਚ ਪ੍ਰੋਟੀਨ ਦੀ ਮਾਤਰਾ ਵੱਧ ਕਰ ਦੇਣੀ ਚਾਹੀਦੀ ਹੈ। ਹਰੇ ਚਾਰੇ ਦੇ ਨਾਲੋ ਨਾਲ ਵਧੀਆ ਫ਼ੀਡ ਵੀ ਪਾਈ ਜਾਵੇ। ਡੰਗਰਾਂ ਨੂੰ ਮੂੰਹ-ਖੁਰ ਦੀ ਬਿਮਾਰੀ ਦਾ ਟੀਕਾ ਲਗਵਾਉਣਾ ਵੀ ਜ਼ਰੂਰੀ ਹੈ।
ਹਰੇ ਚਾਰੇ ਦੀ ਜੇਕਰ ਬਿਜਾਈ ਨਹੀਂ ਕੀਤੀ ਤਾਂ ਹੁਣ ਕਰ ਲੈਣੀ ਚਾਹੀਦੀ ਹੈ। ਕਣਕ ਦੇ ਵਿਹਲੇ ਹੋਏ ਟਿਊਬਵੈੱਲ ਦੇ ਲਾਗਲੇ ਖੇਤਾਂ ਵਿਚ ਇਹ ਬਿਜਾਈ ਕੀਤੀ ਜਾ ਸਕਦੀ ਹੈ। ਹੁਣ ਹਰੇ ਚਾਰੇ ਲਈ ਮੱਕੀ, ਚਰ੍ਹੀ ਤੇ ਬਾਜਰੇ ਦੀ ਬਿਜਾਈ ਹੋ ਸਕਦੀ ਹੈ। ਜੇਕਰ ਇਨ੍ਹਾਂ ਵਿੱਚ ਰਵਾਂਹ ਰਲਾ ਕੇ ਬੀਜੇ ਜਾਣ ਤਾਂ ਚਾਰਾ ਵਧੀਆ ਤੇ ਪੌਸ਼ਟਿਕ ਹੋ ਜਾਂਦਾ ਹੈ। ਮੱਕੀ ਦੀ ਜੇ 1006 ਸਿਫ਼ਾਰਸ਼ ਕੀਤੀ ਗਈ ਕਿਸਮ ਹੈ। ਇਸ ਦਾ 30 ਕਿਲੋ ਬੀਜ ਪ੍ਰਤੀ ਏਕੜ ਚਾਹੀਦਾ ਹੈ। ਚਰ੍ਹੀ ਲਈ ਐਸ.ਐਲ. 44 ਕਿਸਮ ਬੀਜੋ। ਇਸ ਦਾ 25 ਕਿਲੋ ਬੀਜ ਪ੍ਰਤੀ ਏਕੜ ਪਾਵੋ ਪੰਜਾਬ ਸੂਡੈਕਸ ਚਰ੍ਹੀ 4 ਅਤੇ ਪੰਜਾਬ ਸੂਰੈਕਸ ਚਰ੍ਹੀ-1 ਵੱਧ ਲੌਅ ਦੇਣ ਵਾਲੀਆਂ ਕਿਸਮਾਂ ਹਨ। ਇਨ੍ਹਾਂ ਦਾ 15 ਕਿਲੋ ਬੀਜ ਪ੍ਰਤੀ ਏਕੜ ਪਾਇਆ ਜਾਵੇ। ਪੀ.ਐਚ.ਬੀ.ਐਫ-1, ਪੀ.ਸੀ.ਬੀ.-164 ਤੇ ਐਫ.ਬੀ.ਸੀ.-16 ਬਾਜਰੇ ਦੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਇੱਕ ਏਕੜ ਵਿਚ ਅੱਠ ਕਿਲੋ ਬੀਜ ਕਾਫ਼ੀ ਹੈ। ਬੀਜ ਨੂੰ ਬੀਜਣ ਤੋਂ ਪਹਿਲਾਂ ਐਗਰੋਜ਼ੀਮ 50 ਡਬਲਯੂ ਪੀ ਅਤੇ ਥੀਰਮ ਨਾਲ ਸੋਧ ਲਵੋ। ਇੱਕ ਕਿਲੋ ਬੀਜ ਲਈ ਤਿੰਨ ਤਿੰਨ ਗ੍ਰਾਮ ਜ਼ਹਿਰਾਂ ਚਾਹੀਦੀਆਂ ਹਨ। ਗਰਮੀ ਦਾ ਮੌਸਮ ਹੋਣ ਕਰਕੇ ਫ਼ਸਲ ਨੂੰ ਸਮੇਂ ਸਿਰ ਪਾਣੀ ਦਿੰਦੇ ਰਹਿਣਾ ਚਾਹੀਦਾ ਹੈ।
ਗਰਮੀ ਦਾ ਹੁਣ ਪੂਰਾ ਜ਼ੋਰ ਹੋ ਗਿਆ ਹੈ। ਇਸ ਕਰਕੇ ਕਿਸੇ ਵੀ ਫ਼ਸਲ ਨੂੰ ਸੋਕਾ ਨਹੀਂ ਲੱਗਣ ਦੇਣਾ ਚਾਹੀਦਾ। ਸਬਜ਼ੀਆਂ ਅਤੇ ਫ਼ਲਾਂ ਦੇ ਬੂਟਿਆਂ ਦਾ ਤਾਂ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੈ। ਨਰਮੇ ਅਤੇ ਕਪਾਹ ਦੀ ਬਿਜਾਈ ਦਾ ਸਮਾਂ ਖ਼ਤਮ ਹੋ ਗਿਆ ਹੈ। ਜੇਕਰ ਅਜੇ ਬਿਜਾਈ ਰਹਿੰਦੀ ਹੈ ਤਾਂ ਉਸ ਵਿਚ ਹੋਰ ਦੇਰ ਨਹੀਂ ਕਰਨੀ ਚਾਹੀਦੀ।