ਸਰ੍ਹੋਂ ਨੂੰ ਤਾਂ ਫੁੱਲ ਲੱਗ ਜਾਂਦੇ...

ਸਰ੍ਹੋਂ ਭਾਰਤ ਦੀ ਹਾੜ੍ਹੀ ਦੀ ਪ੍ਰਮੁੱਖ ਫ਼ਸਲ ਹੈ। ਆਰਥਿਕ ਪੱਖ ਦੇ ਨਾਲ ਨਾਲ ਸਰ੍ਹੋਂ ਦਾ ਬਹੁ-ਪੱਖੀ ਮਹੱਤਵ ਹੈ। ਇਸ ਤੋਂ ਪ੍ਰਾਪਤ ਤੇਲ ਬੀਜ ਖੁਰਾਕੀ ਤੇਲ ਦਾ ਪ੍ਰਮੁੱਖ ਸਰੋਤ ਹਨ। ਉੱਤਰੀ ਭਾਰਤ ਦੇ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਗੁਜਰਾਤ ਅਤੇ ਰਾਜਸਥਾਨ ਵਿੱਚ ਮੁੱਖ ਰੂਪ ਵਿੱਚ ਇਸ ਦੀ ਖੇਤੀ ਕੀਤੀ ਜਾਂਦੀ ਹੈ। ਸਰ੍ਹੋਂ ਰੇਤਲੇ ਖੇਤਰਾਂ, ਘੱਟ ਪਾਣੀ ਅਤੇ ਮੀਂਹ ਨਾਲ ਹੋਣ ਵਾਲੀ ਫ਼ਸਲ ਹੋਣ ਕਾਰਨ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਰੇਤਲੇ ਤੇ ਘੱਟ ਪਾਣੀ ਵਾਲੇ ਖੇਤਰਾਂ ਵਿੱਚ ਬੀਜੀ ਜਾਂਦੀ ਹੈ। ਪਤਲੀਆਂ ਫਲੀਆਂ ਦੇ ਵਿਚਕਾਰ ਇੱਕ ਪਤਲੀ ਝਿਲੀ ਜਿਹੀ ਦੇ ਦੋਹੀਂ ਪਾਸੇ ਸਰ੍ਹੋਂ ਦੇ ਬਾਰੀਕ ਦਾਣੇ ਹੁੰਦੇ ਹਨ। ਪਿਛਲੇ ਸਮੇਂ ਵਿੱਚ ਪੱਕਣ ’ਤੇ ਇਸ ਦੀ ਕਟਾਈ ਤੋਂ ਬਾਅਦ ਸੁੱਕਣ ’ਤੇ ਇਸ ਦੀ ਪਸ਼ੂਆਂ ਨਾਲ ਗਹਾਈ ਕਰ ਕੇ ਇਸ ਨੂੰ ਕੱਢਿਆ ਜਾਂਦਾ ਸੀ, ਪ੍ਰੰਤੂ ਹੁਣ ਇਸ ਨੂੰ ਮਸ਼ੀਨਰੀ ਨਾਲ ਕੱਢਿਆ ਜਾ ਰਿਹਾ ਹੈ। ਬਾਕੀ ਬਚਦੇ ਫੋਕਟ ਨੂੰ ਗੂਣਾ ਕਿਹਾ ਜਾਂਦਾ ਹੈ। ਸਰ੍ਹੋਂ ਦੇ ਬੀਜ ਜਿੱਥੇ ਖੁਰਾਕੀ ਪੱਖ ਤੋਂ ਮਹੱਤਵਪੂਰਨ ਹਨ, ਉੱਥੇ ਅਚਾਰ ਵਰਗੇ ਉਤਪਾਦਾਂ ਵਿੱਚ ਇਸ ਦਾ ਉਪਯੋਗ ਹੁੰਦਾ ਹੈ, ਜਿਨ੍ਹਾਂ ਨੂੰ ਇਹ ਖ਼ਰਾਬ ਹੋਣ ਤੋਂ ਬਚਾਉਂਦਾ ਹੈ। ਤਲ ਕੇ ਬਣਾਈਆਂ ਜਾਣ ਵਾਲੀਆਂ ਵਸਤੂਆਂ ਲਈ ਇਸ ਦਾ ਤੇਲ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ। ਘਰਾਂ ਵਿੱਚ ਸਬਜ਼ੀ ਵਿੱਚ ਤੜਕਾ ਲਗਾਉਣ ਲਈ ਵੀ ਇਸ ਦੀ ਵਰਤੋਂ ਹੁੰਦੀ ਹੈ।
ਸਰ੍ਹੋਂ ਤੇਲ ਕੱਢਣ ਤੋਂ ਬਾਅਦ ਬਾਕੀ ਬਚਦੀ ਖਲ ਪਸ਼ੂਆਂ ਲਈ ਪੌਸ਼ਟਿਕ ਪੱਖ ਤੋਂ ਕਾਫ਼ੀ ਮਹੱਤਵਪੂਰਨ ਹੈ ਅਤੇ ਪਸ਼ੂਆਂ ਨੂੰ ਪਾਇਆ ਜਾਣ ਵਾਲਾ ਖਾਧ ਪਦਾਰਥ ਹੈ। ਤੇਲ ਬੀਜ ਦੇਣ ਦੇ ਨਾਲ ਹੀ ਸਰ੍ਹੋਂ ਦੇ ਪੌਦੇ ਦੀਆਂ ਨਰਮ ਗੰਦਲਾਂ ਦਾ ਸਾਗ ਭਾਰਤ ਵਿੱਚ ਵੱਡੇ ਪੱਧਰ ’ਤੇ ਬਣਾਇਆ ਜਾਂਦਾ ਹੈ। ਸਰ੍ਹੋਂ ਦਾ ਸਾਗ ਅਤੇ ਮੱੱਕੀ ਦੀ ਰੋਟੀ ਪੰਜਾਬੀਆਂ ਦਾ ਵੀ ਮਨਭਾਉਂਦਾ ਖਾਣਾ ਹੈ। ਇਹ ਸੱਭਿਆਚਾਰਕ ਪੱਖ ਤੋਂ ਵੀ ਪੰਜਾਬੀਆਂ ਦੀ ਪਹਿਚਾਣ ਦਾ ਚਿੰਨ੍ਹ ਹੈ। ਇਹ ਸਾਗ ਸੁਆਦੀ ਪੱਖ ਤੋਂ ਮਹੱਤਵ ਦੇ ਨਾਲ ਖੁਰਾਕੀ ਪੱਖ ਤੋਂ ਵੀ ਗੁਣਾਂ ਨਾਲ ਭਰਪੂਰ ਹੁੰਦਾ ਹੈ।
ਸਰ੍ਹੋਂ ਦੇ ਖੁਰਾਕੀ ਮਹੱਤਵ ਦੇ ਨਾਲ ਨਾਲ ਇਸ ਨੂੰ ਲੱਗਦੇ ਸਰ੍ਹੋਂ ਫੁੱਲੇ ਰੰਗ ਦੇ ਫੁੱਲ ਹਰ ਕਿਸੇ ਦੇ ਦਿਲ ਨੂੰ ਖਿੱਚ ਪਾਉਣ ਵਾਲੇ ਹੁੰਦੇ ਹਨ। ਇਸ ਦੀ ਸੁੰਦਰਤਾ ਨੂੰ ਪ੍ਰਤੀਕਾਤਮਕ ਰੂਪ ਵਿੱਚ ਹੋਰਨਾਂ ਸੁੰਦਰ ਵਸਤੂਆਂ ਨਾਲ ਜੋੜ ਕੇ ਪੇਸ਼ ਕੀਤਾ ਜਾਂਦਾ ਹੈ। ਕਿਸੇ ਨੂੰ ਕੋੋਈ ਮੁਟਿਆਰ ਸਰ੍ਹੋਂ ਦੇ ਫੁੱਲ ਵਰਗੀ ਕੁਝ ਇਸ ਤਰ੍ਹਾਂ ਪ੍ਰਤੀਤ ਹੁੰਦੀ ਹੈ;
ਜੱਟੀ ਸਰ੍ਹੋਂ ਦੇ ਫੁੱਲ ਵਰਗੀ
ਰੋਟੀ ਲੈ ਕੇ ਢੋਲ ਦੀ ਚੱਲੀ
ਜਦੋਂ ਕਿਸੇ ਨਾਲ ਸਬੰਧ ਵਿਗੜੇ ਹੋਣ, ਤਦ ਕਿਸੇ ਦਾ ਸੱਜਣਾ ਫੱਬਣਾ ਵੀ ਕੋਈ ਮਹੱਤਵ ਨਹੀਂ ਰੱਖਦਾ। ਅਜਿਹਾ ਹੋਣ ਕਾਰਨ ਪੇਕੇ ਆਈ ਪਤਨੀ ਸੱਜ ਫੱਬ ਕੇ ਉਸ ਨੂੰ ਲੈਣ ਆਏ ਕਿਸੇ ਆਪਣੇ ਨੂੰ ਕਹਿੰਦੀ ਹੈ;
ਕਾਹਨੂੰ ਆ ਗਿਓਂ ਸਰ੍ਹੋਂ ਦਾ ਫੁੱਲ ਬਣਕੇ
ਮਾਪਿਆਂ ਨੇ ਨਹੀਓਂ ਤੋਰਨੀ।
ਸਰ੍ਹੋਂ ਦਾ ਫੁੱਲ ਜਵਾਨੀ ਦਾ ਵੀ ਪ੍ਰਤੀਕ ਹੈ। ਕਿਸੇ ਨੂੰ ਅਜਿਹਾ ਸਮਾਂ ਸਰ੍ਹੋਂ ਦੇ ਫੁੱਲ ਖਿੜਨ ਦੇ ਸਮੇਂ ਵਰਗਾ ਪ੍ਰਤੀਤ ਹੁੰਦਾ ਹੈ। ਅਜਿਹਾ ਹੋਣ ਕਾਰਨ ਆਪਣੀ ਜਵਾਨੀ ਦਾ ਮੁੱਲ ਨਾ ਪਾਉਣ ਸਬੰਧੀ ਇਸ ਤਰ੍ਹਾਂ ਕਿਹਾ ਜਾਂਦਾ ਹੈ;
ਜਦੋਂ ਰੰਗ ਸੀ ਸਰ੍ਹੋਂ ਦੇ ਫੁੱਲ ਵਰਗਾ
ਓਦੋਂ ਕਿਉਂ ਨਾ ਤੂੰ ਮੁੱਲ ਪਾਇਆ।
ਸਾਗ ਨਾਲ ਮੱਕੀ ਦੀ ਰੋਟੀ ਪੰਜਾਬੀਆਂ ਦਾ ਸਰਦੀ ਵਿੱਚ ਪਸੰਦੀਦਾ ਖਾਣਾ ਹੈ। ਕਿਸੇ ਨੂੰ ਇਸ ਦਾ ਸੁਆਦੀ ਲੱਗਣਾ, ਇਸ ਨੂੰ ਬਣਾਉਣ ਲਈ ਉਪਯੋਗ ਕੀਤੇ ਜਾਂਦੇ ਮਸਾਲੇ ਆਦਿ ਪ੍ਰਤੀਤ ਹੁੰਦੇ ਹਨ;
ਬਣਗੇ ਸਰ੍ਹੋਂ ਦੇ ਫੁੱਲ ਆਲੂ
ਜ਼ੋਰ ਮਸਾਲੇ ਦਾ।
ਕੁਝ ਇਸੇ ਤਰ੍ਹਾਂ ਹੀ ਅਜਿਹੇ ਸਮੇਂ ਕਿਸਾਨ ਦੁਆਰਾ ਸਰ੍ਹੋਂ ਦੀ ਰਖਵਾਲੀ ਕਰਨ ਅਤੇ ਸਰ੍ਹੋਂ ਦਾ ਨੁਕਸਾਨ ਕਰਨ ਵਾਲਿਆਂ ਨੂੰ ਸਖ਼ਤੀ ਨਾਲ ਕਿਹਾ ਮਿਲਦਾ ਹੈ;
ਸਰ੍ਹੋਆਂ ਫੁੱਲੀਆਂ ਤੋਂ
ਕਦੇ ਮਾਰੀਏ ਨਾ ਖੇਤ ਗੇੜਾ।
ਬਹਾਰ ਰੁੱਤ ਵਿੱਚ ਸਰ੍ਹੋਂ ਦੇ ਫੁੱਲ ਦੀ ਸੁੰਦਰਤਾ ਹਰ ਕਿਸੇੇ ਨੂੰ ਮੋਹਣ ਦਾ ਕੰਮ ਕਰਦੀ ਹੈ। ਕਿਸੇ ਦੇ ਹਾਰ ਸ਼ਿੰਗਾਰ ਤੋਂ ਬਾਅਦ ਕੋਈ ਕਿਸੇ ਨੂੰ ਸਰ੍ਹੋਂ ਦੇ ਫੁੱਲ ਵਾਂਗ ਕੁਝ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈੈ;
ਭਾਬੀ ਮੇਰੀ ਆਈ ਮੁਕਲਾਵੇ
ਆਈ ਸਰ੍ਹੋਂ ਦਾ ਫੁੱਲ ਬਣ ਕੇ
ਗਲ਼ ਵਿੱਚ ਉਹਦੇ ਕੰਠੀ ਸੋਹੇ
ਵਿੱਚ ਸੋਨੇ ਦੇ ਮਣਕੇ
ਫ਼ਸਲਾਂ ਦਾ ਸਥਾਨਕ ਜਨ ਜੀਵਨ ਵਿੱਚ ਵਿਸ਼ੇਸ਼ ਮਹੱਤਵ ਹੁੰਦਾ ਹੈ। ਫ਼ਸਲਾਂ ਨਾਲ ਖਾਣ ਪਾਣ, ਵਿਸ਼ਵਾਸ, ਰੁੱਤਾਂ ਆਦਿ ਬਹੁਤ ਕੁਝ ਜੁੜਿਆ ਹੋਇਆ ਹੁੰਦਾ ਹੈ। ਕੁਝ ਇਸੇ ਤਰ੍ਹਾਂ ਹੀ ਫੱਗਣ ਮਹੀਨੇ ਮੀਂਹ ਪੈਣ ਤੋਂ ਬਾਅਦ ਜਿੱਥੇ ਹੋਰ ਬਦਲਾਅ ਆਉਂਦੇ ਹਨ, ਉੱਥੇ ਸਰ੍ਹੋਂ ਨੂੰ ਇਸ ਸਮੇਂ ਪੀਲੇ ਫੁੱਲ ਲੱਗੇ ਹੁੰਦੇ ਹਨ;
ਫੱਗਣ ਮਹੀਨੇ ਮੀਂਹ ਪੈ ਜਾਂਦਾ
ਲੱਗਦਾ ਕਰੀਰੀਂ ਬਾਟਾ
ਸਰ੍ਹੋਂ ਨੂੰ ਤਾਂ ਫੁੱਲ ਲੱਗ ਜਾਂਦੇ
ਛੋਲਿਆਂ ਨੂੰ ਪਏ ਪਟਾਕਾ
ਸਰ੍ਹੋਂ ਦੀ ਫ਼ਸਲ ਇਸ ਦੇ ਫੁੱਲ ਖਿੜਨ ਦੇ ਸਮੇਂ ਆਪਣੇ ਆਪ ਵਿੱਚ ਸੁਹੱਪਣ ਨਾਲ ਭਰਪੂਰ ਅਤੇ ਹਰ ਕਿਸੇ ਨੂੰ ਖਿੱਚ ਪਾਉਣ ਵਾਲੀ ਹੁੰਦੀ ਹੈ। ਕੁਝ ਅਜਿਹਾ ਹੋਣ ਕਾਰਨ ਹੀ ਕਿਸੇ ਲਈ ਕੋਈ ਪੀਲੀ ਚੁੰਨੀ ਲੈ ਕੇ ਸਬੰਧਤ ਦੇ ਖੇਤ ਦੀ ਸਰ੍ਹੋਂ ਬਣਨ ਦੀ ਕਲਪਨਾ ਕੁਝ ਇਸ ਤਰ੍ਹਾਂ ਕਰਦਾ ਹੈ;
ਬੱਲੇ ਬੱਲੇ ਬਈ ਚੁੰਨੀ ਲੈ ਕੇ ਪੀਲੇ ਰੰਗ ਦੀ
ਤੇਰੇ ਖੇਤ ਦੀ ਸਰ੍ਹੋਂ ਬਣ ਜਾਵਾਂ
ਪੰਜਾਬੀ ਲੋਕ ਗੀਤਾਂ, ਟੱਪਿਆਂ ਵਿੱਚ ਸਰ੍ਹੋਂ ਦਾ ਫੁੱਲ ਜਵਾਨ ਗੱਭਰੂ, ਮੁਟਿਆਰ ਦੇ ਰੂਪ ਵਿੱਚ ਚਿੱਤਰਿਆ ਮਿਲਦਾ ਹੈ। ਅਜਿਹਾ ਹੋਣ ਕਾਰਨ ਕੋਈ ਕਿਸੇ ਨੂੰ ਸਰ੍ਹੋਂ ਦੇ ਫੁੱਲ ਵਰਗੀ ਪ੍ਰਤੀਤ ਹੁੰਦੀ ਹੈ ਅਤੇ ਉਹ ਉਸ ਨੂੰ ਕੁਝ ਇਸ ਤਰ੍ਹਾਂ ਸਵਾਲ ਕਰਦਾ ਹੈ;
ਕਿੱਥੇ ਚੱਲੀ ਐਂ ਸਰ੍ਹੋਂ ਦਾ ਫੁੱਲ ਬਣ ਕੇ
ਕੁੜੀਏ ਸਰ੍ਹੋਂ ਫੁੱਲੀਏ।
ਕਿਸੇ ਦਾ ਪਹਿਰਾਵਾ ਕਿਸੇ ਨੂੰ ਸਰ੍ਹੋਂ ਦੇ ਫੁੱਲ ਵਰਗਾ ਲੱਗਦਾ ਹੈੈ ਅਤੇੇ ਅਜਿਹਾ ਹੋਣ ਕਾਰਨ ਸਬੰਧਤ ਬਹਾਰ ਵਰਗੀ ਪ੍ਰਤੀਤ ਹੁੰਦੀ ਹੈ;
ਪਾ ਸਰ੍ਹੋਂ ਦੇ ਫੁੱਲ ਵਰਗਾ ਸੂਟ ਕੁੜੇ
ਨਿਕਲੀ ਫੁੱਲ ਬਣ ਕੇ ਬਸੰਤੀ ਰੰਗ ਦਾ
ਕਿਸੇ ਮੁਟਿਆਰ ਨਾਲ ਕੁਝ ਇਸ ਤਰ੍ਹਾਂ ਵੀ ਵਾਪਰਦਾ ਹੈ ਕਿ ਸਬੰਧਤ ਨੂੰ ਮਿਲਿਆ ਹਾਣ ਦਾ ਗੱਭਰੂ ਰੰਗ ਪੱਖੋਂ ਕੁਝ ਉਸ ਦੇ ਮੇਚ ਦਾ ਨਹੀਂ ਹੁੰਦਾ। ਅਜਿਹੇ ਪੱਖ ਕਾਰਨ ਕਿਸੇ ਸੁੰਦਰ ਮੁਟਿਆਰ ਨੂੰ ਸਰ੍ਹੋਂ ਦੇ ਫੁੱਲ ਦੇ ਰੂਪ ਵਿੱਚ ਅਤੇ ਉਸ ਦੇ ਪਤੀ ਨੂੰ ਨਾਗ ਨਾਲ ਤੁਲਨਾ ਕੇ ਟੱਪਿਆਂ ਅਤੇ ਬੋਲੀਆਂ ਵਿੱਚ ਕੁਝ ਇਸ ਤਰ੍ਹਾਂ ਪੇਸ਼ ਕੀਤਾ ਮਿਲਦਾ ਹੈੈ;
ਲੈ ਗਿਆ ਸਰ੍ਹੋਂ ਦੇ ਫੁੱਲ ਵਰਗੀ
ਮੁੰਡਾ ਨੀਂ ਨਾਗ ਤੋਂ ਕਾਲਾ
ਸਾਗ ਸਰਦੀਆਂ ਦਾ ਪੰਜਾਬੀਆਂ ਦਾ ਪਸੰਦੀਦਾ ਖਾਣਾ ਹੈ। ਮੁਟਿਆਰਾਂ ਵੱਲੋਂ ਸਾਗ ਬਣਾਉਣ ਲਈ ਖੇਤਾਂ ਵਿੱਚੋਂ ਸਰ੍ਹੋਂ ਨੂੰ ਤੋੜ ਕੇ ਲਿਆਂਦਾ ਜਾਂਦਾ ਹੈ। ਇਸ ਲਈ ਸਰ੍ਹੋਂ ਦਾ ਸਾਗ ਤੋੜਨ ਗਈ ਮੁਟਿਆਰ ਨੂੰ ਕੱਚੇ ਗੰਦਲ ਦੇ ਨਾਲ ਤੁਲਨਾਉਂਦਿਆਂ ਕੁਝ ਇਸ ਤਰ੍ਹਾਂ ਟੱਪਿਆਂ ਵਿੱਚ ਬਿਆਨਿਆ ਮਿਲਦਾ ਹੈ;
ਕੱਚੀ ਗੰਦਲ ਸਰ੍ਹੋਂ ਦੀ ਫੁੱਲ ਵਰਗੀ
ਸਾਗ ਤੋੜੇ ਵਿੱਚ ਸਰ੍ਹੋਂ ਦੇ
ਸਰ੍ਹੋਂ ਦੀ ਫ਼ਸਲ ਹਾੜ੍ਹੀ ਦੀ ਫ਼ਸਲ ਹੈ। ਸਰਦੀ ਦੇ ਮੌਸਮ ਵਿੱਚ ਵਧੇਰੇ ਸਰਦੀ ਅਤੇ ਕੋਰਾ ਪੈਣ ਕਾਰਨ ਇਸ ਦਾ ਨੁਕਸਾਨ ਵੀ ਹੁੰਦਾ ਹੈੈ। ਪੋਹ-ਮਾਘ ਵਿੱਚ ਪੈਂਦਾ ਕੋਰਾ ਇਸ ਦਾ ਵਧੇਰੇ ਨੁਕਸਾਨ ਕਰਦਾ ਹੈ। ਅਜਿਹਾ ਹੋਣ ਕਾਰਨ ਫਲੀਆਂ ਵਿੱਚ ਦਾਣੇ ਨਹੀਂ ਬਣਦੇ ਅਤੇ ਇਸ ਦਾ ਝਾੜ ਪ੍ਰਭਾਵਿਤ ਹੁੰਦਾ ਹੈ। ਲੋਕ ਸਿਆਣਪਾਂ, ਕਹਾਵਤਾਂ ਵਿੱਚ ਅਜਿਹੇੇ ਪੱਖ ਦਾ ਵਰਣਨ ਕੁਝ ਇਸ ਤਰ੍ਹਾਂ ਮਿਲਦਾ ਹੈ;
ਜੇ ਪੱਛੋ ਚੱਲੇ ਪੋਹ ਵਿੱਚ
ਕੋਰਾ ਪਵੇ ਜ਼ਰੂਰ
ਨੁਕਸਾਨ ਕਰੇ ਸਰ੍ਹੋਂ ਫ਼ਸਲ ਦਾ
ਸਬਜ਼ੀ ਕਰੇ ਚਕਨਾ ਚੂਰ
ਕੁਝ ਇਸ ਤਰ੍ਹਾਂ ਹੀ ਪੋਹ-ਮਾਘ ਮਹੀਨਿਆਂ ਦੌਰਾਨ ਪਾਲੇ ਕਾਰਨ ਸਰ੍ਹੋਂ ਦਾ ਨੁਕਸਾਨ ਹੋਣ ਸਬੰਧੀ ਟੱਪੇ ਬੋਲੀਆਂ ਵਿੱਚ ਜ਼ਿਕਰ ਕੁਝ ਇਸ ਤਰ੍ਹਾਂ ਮਿਲਦਾ ਹੈੈ;
ਪੋਹ ਪਾਲਾ ਪਵੇ, ਬਹੁਤ ਵਿਗਾੜੇ
ਸਰ੍ਹੋਂ, ਤਾਰਾਮੀਰਾ ਤੇ ਛੋਲੇ ਮਾਰੇ
ਸਰ੍ਹੋਂ ਕੇਵਲ ਤੇਲ ਬੀਜ ਪ੍ਰਦਾਨ ਕਰਨ ਵਾਲੀ ਫ਼ਸਲ ਹੀ ਨਹੀਂ, ਸਗੋਂ ਪੰਜਾਬੀਆਂ ਦੀ ਸਰਦੀ ਦੀ ਮਨ ਪਸੰਦੀਦਾ ਖੁਰਾਕ ਸਾਗ ਲਈ ਵੀ ਨਰਮ ਗੰਦਲਾਂ ਅਤੇ ਪੱਤਿਆਂ ਦੀ ਉਪਲੱਬਧਤਾ ਦਾ ਜ਼ਰੀਆ ਹੈ। ਔਰਤਾਂ ਵੱਲੋਂ ਸਾਗ ਬਣਾਉਣ ਲਈ ਸਰ੍ਹੋਂ ਦੀਆਂ ਗੰਦਲਾਂ ਤੋੜ ਕੇੇ ਲਿਆਂਦੀਆਂ ਜਾਂਦੀਆਂ ਹਨ। ਅਜਿਹੇ ਸਮੇਂ ਕਿਸੇ ਸਾਗ ਤੋੜਨ ਵਾਲੀ ਨੂੰ ਸਰ੍ਹੋਂ ਦਾ ਮਾਲਕ ਰੋਕਦਾ ਤਾਂ ਸਬੰਧਤ ਵੱਲੋਂ ਕੁਝ ਇਸ ਤਰ੍ਹਾਂ ਕਿਹਾ ਵੀ ਟੱਪਿਆਂ ਵਿੱਚ ਮਿਲਦਾ ਹੈ;
ਸਾਗ ਤੋੜਦੀ ਮੁਰੱਬਿਆਂ ਵਾਲੀ
ਸਰ੍ਹੋਂ ਦਾ ਮਾਣ ਨਾ ਕਰੀਂ।
ਸਰ੍ਹੋਂ ਫੁੱਲਾ ਰੰਗ ਪੰਜਾਬੀਆਂ ਵਿੱਚ ਕਾਫ਼ੀ ਹਰਮਨਪਿਆਰਾ ਹੈ। ਇਸ ਰੰਗ ਦਾ ਪਹਿਰਾਵਾ, ਚੁੰਨੀਆਂ, ਪੱਗਾਂ ਪੰਜਾਬੀਆਂ ਵੱਲੋਂ ਬੜੇ ਸ਼ੌਕ ਨਾਲ ਸਜਾਈਆਂ ਜਾਂਦੀਆਂ ਹਨ। ਸਰ੍ਹੋਂ ਰੰਗੀ ਪੱਗ ਵਾਲਾ ਕਿਸੇ ਲਈ ਖਿੱਚ ਦਾ ਕਾਰਨ ਵੀ ਕੁਝ ਇਸ ਤਰ੍ਹਾਂ ਹੁੰਦਾ ਹੈ;
ਕਦੇ ਦੇਖ ਵੇ ਸਰ੍ਹੋਂ ਦੇ ਫੁੱਲ ਵਰਗੀ
ਮੁੰਡਿਆ ਸਰ੍ਹੋਂ ਰੰਗੀ ਪੱਗ ਵਾਲਿਆ
ਪੰਜਾਬੀ ਮੁਹਾਵਰਿਆਂ ਅਤੇ ਕਹਾਵਤਾਂ ਵਿੱਚ ਸਰ੍ਹੋਂ ਦਾ ਜ਼ਿਕਰ ਵੱਖ ਵੱਖ ਰੂਪਾਂ ਵਿੱਚ ਮਿਲਦਾ ਹੈ। ਕੋਈ ਕਰਾਮਾਤ ਹੋਣ, ਕਿਸੇ ਵੱਲੋਂ ਝੱਟ ਪੱਟ ਫ਼ਲ ਦੀ ਉਮੀਦ, ਕੋਈ ਕੰਮ ਝੱਟ ਕਰਨ ਦੀ ਕਾਹਲ ਲਈ ਮੁਹਾਵਰਾ ਪ੍ਰਸਿੱਧ ਹੈ;
ਹੱਥਾਂ ’ਤੇ ਸਰ੍ਹੋਂ ਜਮਾਉਣਾ।
ਬਸੰਤ ਰੁੱਤ ਤੇ ਸਰ੍ਹੋਂ ਦਾ ਵਿਸ਼ੇਸ਼ ਸਬੰਧ ਹੈ। ਬਸੰਤ ਰੁੱਤ ਆਉਣ ’ਤੇ ਖੇਤਾਂ ਵਿੱਚ ਚਾਰੇ ਪਾਸੇ ਸਰ੍ਹੋਂ ਦੇ ਪੀਲੇ ਸੁੰਦਰ ਫੁੱਲ ਧਰਤੀ ਨੂੰ ਸ਼ਿੰਗਾਰਨ ਦਾ ਕੰਮ ਕਰਦੇ ਹਨ। ਇਸ ਸਮੇਂ ਸਰ੍ਹੋਂ ਦੇ ਫੁੱਲਾਂ ਦੀ ਭਿੰਨੀ ਭਿੰਨੀ ਖੁਸ਼ਬੋ ਖੇਤਾਂ ਵਿੱਚ ਮਹਿਸੂਸ ਹੋਣ ਲੱਗਦੀ ਹੈ। ਬਸੰਤ ਪੰਚਮੀ ਵਾਲੇ ਦਿਨ ਲੋਕਾਂ ਵੱਲੋਂ ਸਰ੍ਹੋਂ ਫੁੱਲੇ ਰੰਗ ਦੇ ਕੱਪੜੇੇ ਪਹਿਨੇ ਜਾਂਦੇ ਹਨ। ਸਰ੍ਹੋਂ ਫੁੱਲਾ ਰੰਗ ਕ੍ਰਾਂਤੀ ਦਾ ਵੀ ਪ੍ਰਤੀਕ ਹੈ। ਅਜਿਹਾ ਹੋਣ ਕਾਰਨ ‘ਮੇਰਾ ਰੰਗ ਦੇ ਬਸੰਤੀ ਚੋਲਾ’ ਗੀਤ ਦੇ ਬੋਲ ਪ੍ਰਸਿੱਧ ਹਨ।
ਇਸੇ ਤਰ੍ਹਾਂ ਸਰ੍ਹੋਂ ਸਬੰਧੀ ਕੁਝ ਲੋਕ ਵਿਸ਼ਵਾਸ ਵੀ ਪ੍ਰਚੱਲਿਤ ਹਨ। ਜੇਕਰ ਕਿਸੇ ਔਰਤ ਦੇ ਬੱਚਾ ਨਾ ਹੁੰਦਾ ਹੋਵੇ ਤਾਂ ਉਸ ਤੋਂ ਸਰ੍ਹੋਂ ਦੇ ਕੁਝ ਬੀਜ ਬਿਜਵਾਏ ਜਾਂਦੇ ਹਨ। ਅਜਿਹਾ ਵਿਸ਼ਵਾਸ ਕੀਤਾ ਜਾਂਦਾ ਕਿ ਇਸ ਤਰ੍ਹਾਂ ਸਰ੍ਹੋਂ ਹਰੀ ਹੋਣ ਨਾਲ ਸਬੰਧਤ ਦੀ ਕੁੱਖ ਵੀ ਹਰੀ ਹੋ ਜਾਵੇਗੀ। ਇਸ ਤਰ੍ਹਾਂ ਦੀਵਾਲੀ ਵਾਲੇ ਦਿਨ ਸਰ੍ਹੋਂ ਦਾ ਤੇਲ ਜਲਾਉਣ, ਭਾਵ ਇਸ ਨਾਲ ਗੁਲਗਲੇ, ਮੱਠੀਆਂ ਵਰਗੇ ਖਾਧ ਪਦਾਰਥ ਬਣਾਉਣ ਨੂੰ ਚੰਗਾ ਮੰਨਿਆ ਜਾਂਦਾ ਹੈ। ਪੁਰਾਣੇ ਸਮਿਆਂ ਤੋਂ ਰੋਸ਼ਨੀ ਲਈ ਦੀਵਿਆਂ ਵਿੱਚ ਸਰ੍ਹੋਂ ਦਾ ਤੇਲ ਵਰਤਿਆ ਜਾਂਦਾ ਹੈ। ਇਸ ਤਰ੍ਹਾਂ ਬਹੁਤ ਸਾਰੇ ਪੀਰਾਂ ਆਦਿ ਦੇ ਸਥਾਨਾਂ ’ਤੇ ਅੱਜ ਵੀ ਸਰ੍ਹੋਂ ਦੇ ਤੇਲ ਦੇ ਚਿਰਾਗ ਬਾਲੇ ਜਾਂਦੇ ਹਨ। ਮਜ਼ਾਰਾਂ ਆਦਿ ’ਤੇ ਤੇਲ ਚੜ੍ਹਾਉਣ ਦੀ ਪਰੰਪਰਾ ਦਰਸਾਉਂਦੀ ਹੈ ਕਿ ਸਰ੍ਹੋਂ ਦੇ ਤੇਲ ਦੀ ਮਹੱਤਤਾ ਅਤੇ ਉਪਯੋਗਤਾ ਪੁਰਾਤਨ ਸਮਿਆਂ ਤੋਂ ਰਹੀ ਹੈੈ। ਇਸ ਦੇ ਨਾਲ ਸਰ੍ਹੋਂ ਦੇ ਬੀਜ ਪੁਰਾਣੇ ਹੋਣ ’ਤੇ ਇਸ ਵਿੱਚੋਂ ਤੇਲ ਨਿਕਲਣ ਦੀ ਮਾਤਰਾ ਵਿੱਚ ਵਾਧਾ ਵੀ ਹੁੰਦਾ ਹੈ।
ਇਸ ਤਰ੍ਹਾਂ ਜਿੱਥੇ ਸਰ੍ਹੋਂ ਹਾੜ੍ਹੀ ਦੀ ਫ਼ਸਲ ਹੋਣ ਕਾਰਨ ਕਿਸਾਨੀ ਦੀ ਆਰਥਿਕਤਾ ਦਾ ਹਿੱਸਾ ਹੈ, ਉੱਥੇ ਖੁਰਾਕੀ ਤੇਲ ਦਾ ਮੁੱਖ ਸਰੋਤ ਹੈ। ਸਰ੍ਹੋਂ ਬਸੰਤ ਰੁੱਤ ਵਿੱਚ ਧਰਤੀ ਨੂੰ ਸ਼ਿੰਗਾਰਨ ਦਾ ਕੰਮ ਵੀ ਕਰਦੀ ਹੈ। ਸਰ੍ਹੋਂ ਦਾ ਸਾਗ ਪੰਜਾਬੀਆਂ ਦੀ ਸਰਦੀ ਦੀ ਪਸੰਦੀਦਾ ਖੁਰਾਕ ਹੋਣ ਕਾਰਨ ਪੰਜਾਬੀ ਲੋਕ ਗੀਤਾਂ, ਟੱਪਿਆਂ, ਬੋੋਲੀਆਂ ਵਿੱਚ ਇਸ ਸਬੰਧੀ ਜ਼ਿਕਰ ਮਿਲਦਾ ਹੈ।
ਸੰਪਰਕ: 81469-24800