ਇਮਰਾਨ ਹਾਸ਼ਮੀ ਦੀ ‘ਗਰਾਊਂਡ ਜ਼ੀਰੋ’ 24 ਨੂੰ ਹੋਵੇਗੀ ਰਿਲੀਜ਼
ਨਵੀਂ ਦਿੱਲੀ:
ਬੌਲੀਵੁੱਡ ਅਦਾਕਾਰ ਇਮਰਾਨ ਹਾਸ਼ਮੀ ਦੀ ਫਿਲਮ ‘ਗ੍ਰਾਊਂਡ ਜ਼ੀਰੋ’ 25 ਅਪਰੈਲ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। ਇਹ ਫਿਲਮ ਬਾਰਡਰ ਸਕਿਉਰਿਟੀ ਫੋਰਸ (ਬੀਐੱਸਐੱਫ) ਦੇ ਇੱਕ ਅਪਰੇਸ਼ਨ ’ਤੇ ਆਧਾਰਿਤ ਹੈ। ਜਾਣਕਾਰੀ ਅਨੁਸਾਰ ਇਸ ਫਿਲਮ ਦਾ ਟੀਜ਼ਰ 30 ਮਾਰਚ ਨੂੰ ਸਲਮਾਨ ਖਾਨ ਦੀ ਫਿਲਮ ‘ਸਿਕੰਦਰ’ ਦੇ ਨਾਲ ਹੀ ਜਾਰੀ ਕੀਤਾ ਜਾਵੇਗਾ। ਇਸ ਫਿਲਮ ਦੀ ਕਹਾਣੀ ਡਿਪਟੀ ਕਮਾਡੈਂਟ ਵਜੋਂ ਇਮਰਾਨ ਹਾਸ਼ਮੀ ਦੇ ਕਿਰਦਾਰ ਦੁਆਲੇ ਘੁੰਮਦੀ ਹੈ। ਉਹ ਦੋ ਸਾਲਾਂ ਤਕ ਇੱਕ ਵੱਡੇ ਕੌਮੀ ਖ਼ਤਰੇ ਦੀ ਜਾਂਚ ਦੀ ਅਗਵਾਈ ਕਰਦਾ ਹੈ। ਫਿਲਮ ‘ਗਰਾਊਂਡ ਜ਼ੀਰੋ’ ਵਿੱਚ ਦੇਸ਼ ਦੀ ਰੱਖਿਆ ਕਰਨ ਵਾਲਿਆਂ ਦੀ ਹਿੰਮਤ, ਕੁਰਬਾਨੀ ਅਤੇ ਅਣਦੇਖੇ ਸੰਘਰਸ਼ ਨੂੰ ਦਿਖਾਇਆ ਗਿਆ ਹੈ। ਇਸ ਫਿਲਮ ਦਾ ਨਿਰਦੇਸ਼ਨ ਤੇਜਸ ਦੇਵਸਕਰ ਨੇ ਕੀਤਾ ਹੈ। ਇਸ ਫਿਲਮ ਨੂੰ ਐਕਸਲ ਐਂਟਰਟੇਨਮੈਂਟ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਮਰਾਨ ਚਾਰ ਸਾਲਾਂ ਬਾਅਦ ਪਹਿਲੀ ਵਾਰ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗਾ। ਉਸ ਦਾ ਜਨਮ ਦਿਨ ਵੀ 24 ਮਾਰਚ ਨੂੰ ਹੁੰਦਾ ਹੈ। ਇਸੇ ਦਿਨ ਹੀ ਉਸ ਦੀ ਫਿਲਮ ਰਿਲੀਜ਼ ਹੋਣ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਫਿਲਮ ਜ਼ਰੀਏ ਇਮਰਾਨ ਆਪਣੇ ਪ੍ਰਸ਼ੰਸਕਾਂ ਨੂੰ ਖ਼ੁਸ਼ ਕਰਨ ਲਈ ਵੱਡੇ ਪਰਦੇ ’ਤੇ ਵਾਪਸੀ ਕਰ ਰਿਹਾ ਹੈ। ਇਸੇ ਹਫ਼ਤੇ ਉਸ ਦੀ ਇਸ ਆਉਣ ਵਾਲੀ ਫਿਲਮ ਦਾ ਟੀਜ਼ਰ ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਵਿੱਚ ਉਸ ਅਪਰੇਸ਼ਨ ਨੂੰ ਦਿਖਾਇਆ ਗਿਆ ਹੈ ਜੋ ਲੋਕਾਂ ਦੀਆਂ ਨਜ਼ਰਾਂ ਤੋਂ ਦੋ ਸਾਲਾਂ ਤਕ ਓਹਲੇ ਹੀ ਰਿਹਾ ਸੀ। ਇਮਰਾਨ ਆਖ਼ਰੀ ਵਾਰ ਸਾਲ 2021 ਵਿੱਚ ਆਈ ਡਰਾਉਣੀ ਫਿਲਮ ‘ਡਿਬੁਕ’ ਵਿੱਚ ਮੁੱਖ ਭੂਮਿਕਾ ਵਿੱਚ ਨਜ਼ਰ ਆਇਆ ਸੀ। ਇਸ ਫਿਲਮ ਦੇ ਨਿਰਮਾਤਾ ਇਸ ਤੋਂ ਪਹਿਲਾਂ ‘ਲਕਸ਼ੈ’ ਵਰਗੀਆਂ ਦੇਸ਼ ਭਗਤੀ ਵਾਲੀਆਂ ਫਿਲਮਾਂ ਬਣਾ ਚੁੱਕੇ ਹਨ। -ਪੀਟੀਆਈ