ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜਿੰਦ ਜਾਵੇ, ਮੁਕਲਾਵਾ ਚੇਤ ਦਾ...

04:14 AM Mar 29, 2025 IST
featuredImage featuredImage

Advertisement

ਜੱਗਾ ਸਿੰਘ ਆਦਮਕੇ

ਚੇਤ ਮਹੀਨਾ ਸੰੰਮਤ ਅਤੇ ਨਾਨਕਸ਼ਾਹੀ ਕੈਲੰਡਰ ਦਾ ਪਹਿਲਾ ਮਹੀਨਾ ਹੈ ਅਤੇ ਇਸ ਮਹੀਨੇ ਨਾਲ ਸੰੰਮਤ ਅਤੇ ਨਾਨਕਸ਼ਾਹੀ ਕੈਲੰਡਰ ਦੇ ਸਾਲ ਦੀ ਸ਼ੁਰੂਆਤ ਹੁੰਦੀ ਹੈ। ਅਜਿਹਾ ਹੋਣ ਕਾਰਨ ਇਸ ਮਹੀਨੇ ਦਾ ਵਿਸ਼ੇਸ਼ ਮਹੱਤਵ ਹੋਣਾ ਲਾਜ਼ਮੀ ਹੈੈ। ਅਜਿਹਾ ਹੋਣ ਕਾਰਨ ਇਸ ਮਹੀਨੇ ਦਾ ਆਰੰਭ, ਭਾਵ ਨਵੇਂ ਸਾਲ ਦਾ ਆਰੰਭ ਪੂਰੇ ਜੋਸ਼ੋ ਖਰੋਸ਼ ਨਾਲ ਹੁੰਦਾ ਰਿਹਾ ਹੈ। ਇਸ ਮਹੀਨੇੇ ਦਾ ਨਾਂ ਚੇਤ ਇਸ ਮਹੀਨੇ ਦੀ ਪੂਰਨਮਾਸ਼ੀ ਨੂੰ ਚੰਦਰਮਾ ਦੇ ਚਿੱਤਰਾ ਨਛੱਤਰ ਵਿੱਚ ਪ੍ਰਵੇਸ਼ ਕਰਨ ਕਰਕੇ ਹੈ। ਇਸ ਕਰਕੇ ਇਸ ਮਹੀਨੇ ਦਾ ਨਾਂ ਚੇਤਰ ਪੈ ਗਿਆ। ਸਮੇਂ ਨਾਲ ਇਸ ਮਹੀਨੇ ਨੂੰ ਚੇਤ ਕਿਹਾ ਜਾਣ ਲੱਗਿਆ।
ਪੰਜਾਬ ਦੇ ਕੁਝ ਹਿੱਸਿਆਂ ਵਿੱਚ ਹਾਲੇ ਵੀ ਇਸ ਨੂੰ ‘ਚੇਤਰ’ ਹੀ ਕਿਹਾ ਜਾਂਦਾ ਹੈ। ਇਸ ਮਹੀਨੇ ਸਰਦੀ ਵਿਦਾ ਹੋ ਜਾਂਦੀ ਹੈੈ ਅਤੇ ਮੌਸਮ ਸੁਹਾਵਣਾ ਹੋ ਜਾਂਦਾ ਹੈ। ਰਾਤਾਂ ਕੁਝ ਠੰਢੀਆਂ ਤੇ ਦਿਨ ਗਰਮ ਹੋਣੇ ਸ਼ੁਰੂ ਹੋ ਜਾਂਦੇ ਹਨ। ਮਹੀਨੇ ਦੇ ਅਖੀਰ ਤੱਕ ਕੁਝ ਕੁਝ ਗਰਮੀ ਦਾ ਅਹਿਸਾਸ ਹੋਣ ਲੱਗਦਾ ਹੈ। ਬਸੰਤ ਰੁੱਤ ਦੀ ਫੱਗਣ ਨਾਲ ਸ਼ੁਰੂਆਤ ਅਤੇ ਚੇਤ ਮਹੀਨੇ ਨਾਲ ਅੰਤ ਮੰਨਿਆ ਜਾਂਦਾ ਹੈ। ਇਸ ਮਹੀਨੇ ਦੇ ਅੰਤ ਨਾਲ ਗਰਮੀ ਦੀ ਸ਼ੁਰੂਆਤ ਮੰਨੀ ਜਾਂਦੀ ਹੈ। ਮੋਟੇ ਤੇ ਰੰਗੀਨ ਕੱਪੜਿਆਂ ਦੀ ਥਾਂ ਪਤਲੇ ਤੇ ਹਲਕੇ ਰੰਗਾਂ ਦੇ ਕੱਪੜੇ ਲੋਕਾਂ ਦੇ ਤਨ ਦਾ ਹਿੱਸਾ ਬਣ ਜਾਂਦੇ ਹਨ। ਪਿਛਲੇ ਮਹੀਨੇ ਆਈ ਬਹਾਰ ਇਸ ਮਹੀਨੇ ਦੇ ਆਰੰਭ ਵਿੱੱਚ ਵੀ ਚਾਰੇ ਪਾਸੇੇ ਆਪਣਾ ਰੰਗ ਅਤੇ ਖੁਸ਼ਬੋਆਂ ਬਿਖੇਰ ਰਹੀ ਹੁੰਦੀ ਹੈੈ। ਰੁੱਖਾਂ, ਪੌਦਿਆਂ ਉੱਤੇ ਨਵੇਂ ਪੱਤੇ, ਕਰੂੰਬਲਾਂ ਅਤੇ ਰੰਗ ਬਿਰੰਗੇੇ ਫੁੱਲ ਖਿੜੇ ਹੋਏ ਹੁੰਦੇ ਹਨ। ਇਸ ਮਹੀਨੇ ਦੇ ਅਜਿਹੇ ਪੱਖ ਕਾਰਨ ਇਸ ਸਬੰਧੀ ਬਾਰਾਮਾਹਾ ਵਿੱਚ ਰਾਗ ਮਾਂਝ ਵਿੱਚ ਗੁਰੂ ਅਰਜਨ ਦੇੇਵ ਜੀ ਅਤੇ ਰਾਗ ਤੁਖਾਰੀ ਵਿੱਚ ਗੁਰੂ ਨਾਨਕ ਦੇਵ ਜੀ ਨੇ ਕੁਝ ਇਸ ਤਰ੍ਹਾਂ ਫਰਮਾਇਆ ਹੈ;
ਚੇੇਤਿ ਗੋਵਿੰਦੁ ਅਰਾਧੀਐ ਹੋਵੇ ਆਨੰਦੁ ਘਣਾ॥
ਸੰਤ ਜਨਾ ਮਿਲਿ ਪਾਈਐ ਰਸਨਾ ਨਾਮੁ ਭਣਾ॥
***
ਚੇਤੁ ਬਸੰਤੁ ਭਲਾ ਭਵਰ ਸੁਹਾਵੜੇ॥
ਬਨ ਫੂਲੇ ਮੰਝ ਬਾਰਿ ਮੈ ਪਿਰੁ ਘਰਿ ਬਾਹੁੜੈ॥
ਪਿਰੁ ਘਰਿ ਨਹੀ ਆਵੈ ਧਨ ਕਿਉ ਸੁਖੁ ਪਾਵੈ ਬਿਰਹਿ ਬਿਰੋਧ ਤਨੁ ਛੀਜੈ॥
ਕੋਕਿਲ ਅੰਬਿ ਸੁਹਾਵੀ ਬੋਲੈ ਕਿਉ ਦੁਖੁ ਅੰਕਿ ਸਹੀਜੈ।
ਭਵਰੁ ਭਵੰਤਾ ਫੂਲੀ ਡਾਲੀ ਕਿਉ ਜੀਵਾ ਮਰੁ ਮਾਏ॥
ਨਾਨਕ ਚੇਤਿ ਸਹਜਿ ਸੁਖੁ ਪਾਵੈ ਜੇ ਹਰਿ ਵਰੁ ਘਰਿ ਧਨ ਪਾਏ॥
ਚੇਤ ਮਹੀਨਾ ਫੱਗਣ ਮਹੀਨੇ ਤੋਂ ਬਾਅਦ ਆਉਂਦਾ ਹੈ। ਫੱਗਣ ਦੇਸੀ ਸਾਲ ਦਾ ਅਖੀਰਲਾ ਅਤੇ ਚੇਤ ਮਹੀਨਾ ਸਾਲ ਦਾ ਪਹਿਲਾ ਮਹੀਨਾ ਹੁੰਦਾ ਹੈ। ਇਸ ਮਹੀਨੇ ਦੇ ਅਜਿਹੇ ਪੱਖ ਸਬੰਧੀ ਜ਼ਿਕਰ ਟੱਪਿਆਂ ਅਤੇ ਬੋਲੀਆਂ ਵਿੱਚ ਕੁਝ ਇਸ ਤਰ੍ਹਾਂ ਮਿਲਦਾ ਹੈ;
ਫੱਗਣ ਆਖੇ ਚੇਤ ਨੂੰ, ਸੁਣ ਤੂੰ ਮੇਰੇ ਭਾਈ।
ਮੈਂ ਗਿਆ, ਤੂੰ ਆਇਆ, ਆ ਭਾਗ ਲਾਈਂ।
ਚੇਤ ਮਹੀਨਾ ਜਿੱਥੇ ਦੇਸੀ ਸਾਲ ਦਾ ਪਹਿਲਾ ਮਹੀਨਾ ਹੁੰਦਾ ਹੈ, ਉੱਥੇ ਇਸ ਮਹੀਨੇ ਵੀ ਬਹਾਰਾਂ ਆਪਣੇ ਰੰਗ ਬਿਖੇਰ ਰਹੀਆਂ ਹੁੰਦੀਆਂ ਹਨ। ਅਜਿਹਾ ਹੋਣ ਕਾਰਨ ਇਸ ਦਾ ਪ੍ਰਭਾਵ ਵੀ ਵਿਖਾਈ ਦਿੰਦਾ ਹੈ। ਇਸ ਸਮੇਂ ਆਪਣੇ ਪ੍ਰੀਤਮ ਦੇ ਨਜ਼ਦੀਕ ਹੋਣ ਦੀ ਲੋੜ ਮਹਿਸੂਸ ਹੁੰਦੀ ਹੈ;
ਚੜਿ੍ਹਆ ਮਹੀਨਾ ਚੇੇਤ, ਦਿਲਾਂ ਦੇ ਭੇਤ
ਕੋਈ ਨਹੀਂ ਜਾਣਦਾ।
ਵੇਖ ਮੇਰੇ ਲੇਖ, ਉਹ ਗਿਆ ਪਰਦੇਸ
ਜੋ ਮੇਰੇੇ ਹਾਣ ਦਾ।
ਬਹਾਰਾਂ ਦੀ ਰੁੱਤ ਬਸੰਤ ਦੇ ਖਿੜੇ ਫੁੱਲ ਚੇਤ ਮਹੀਨੇ ਵੀ ਆਪਣੀ ਸੁੰਦਰਤਾ ਦੇ ਰੰਗ ਬਿਖੇਰਨ ਦੇ ਨਾਲ ਖੁਸ਼ਬੋਆਂ ਵੰਡਣਾਂ ਜਾਰੀ ਰੱਖਦੇ ਹਨ। ਸਰਦੀ ਕਾਰਨ ਪਤਝੜ ਤੋਂ ਬਾਅਦ ਰੁੱਖਾਂ ’ਤੇ ਆਈ ਬਹਾਰ ਅਤੇ ਫੁੱਟੀਆਂ ਕਰੂੰਬਲਾਂ ਤੇ ਬਹੁਤ ਸਾਰੇ ਰੁੱਖਾਂ ’ਤੇੇ ਬੂਰ ਆਉਂਦਾ ਹੈ ਅਤੇ ਫ਼ਲ ਬਣਨ ਲੱਗਦਾ ਹੈ। ਪੰਛੀਆਂ ਦੀ ਚਹਿਚਹਾਟ ਕੰਨਾਂ ਵਿੱਚ ਮਿਠਾਸ ਘੋਲਦੀ ਹੈ। ਕੁਦਰਤ ਦੇ ਅਜਿਹੇ ਰੰਗ ਦਾ ਵਰਣਨ ਕੁਝ ਇਸ ਤਰ੍ਹਾਂ ਕੀਤਾ ਮਿਲਦਾ ਹੈ;
ਚੇਤ ਮਹੀਨੇ ਰੇ ਸਖੀ
ਫੂਲ ਰਹੀ ਗੁਲਜ਼ਾਰ।
ਹਰ ਡਾਲੀ ਮਸਤ ਹੈ
ਬੁਲਬੁਲ ਕਰੇ ਪੁਕਾਰ।
ਵੱਖ ਵੱਖ ਰੁੱਤਾਂ ਦਾ ਬਨਸਪਤੀ ਅਤੇ ਜਨ ਜੀਵਨ ’ਤੇ ਆਪਣਾ ਆਪਣਾ ਪ੍ਰਭਾਵ ਸਪੱਸ਼ਟ ਵਿਖਾਈ ਦਿੰਦਾ ਹੈ। ਚੇਤ ਮਹੀਨੇ ਚੜ੍ਹਦੇ ਹੀ ਰੁੱਤ ਵਿੱਚ ਤਬਦੀਲੀ ਸਪੱਸ਼ਟ ਵਿਖਾਈ ਦਿੰਦੀ ਹੈ। ਜਿੱਥੇ ਫ਼ਸਲਾਂ ਵਿੱਚ ਤਬਦੀਲੀ ਵਿਖਾਈ ਦਿੰਦੀ ਹੈ ਅਤੇ ਉਹ ਪੱਕਣ ਵੱਲ ਨੂੰ ਵਧਦੀਆਂ ਹਨ, ਉੱਥੇ ਰੁੱਖਾਂ ’ਤੇ ਜੋਬਨ ਆਉਂਦਾ ਵਿਖਾਈ ਦਿੰਦਾ ਹੈ;
ਮਹੀਨਾ ਚੇਤਰ ਚੜਿ੍ਹਆ
ਫੁੱਟੀਆਂ ਰੁੱਖੀਂ ਕਰੂੰਬਲਾਂ
ਚੇਤ ਮਹੀਨਾ ਚੜ੍ਹਦਿਆਂ ਹਾੜ੍ਹੀ ਦੀ ਪ੍ਰਮੁੱਖ ਫ਼ਸਲ ਕਣਕ ਆਪਣਾ ਰੰਗ ਵਟਾਉਣ ਲੱਗਦੀ ਹੈ ਅਤੇ ਸੁਨਹਿਰੀ ਭਾਅ ਮਾਰਨ ਲੱਗਦੀ ਹੈ। ਬਸੰਤ ਰੁੱਤ ਵਿੱਚ ਬਸੰਤੀ ਰੰਗ ਬਿਖੇਰਨ ਵਾਲੀ ਸਰ੍ਹੋਂ ਦੇ ਫੁੱਲ ਫਲੀਆਂ ਦੇ ਰੂਪ ਵਿੱਚ ਅਤੇ ਫਲੀਆਂ ਵਿੱਚ ਸਰ੍ਹੋਂ ਦੇ ਬਾਰੀਕ ਦਾਣੇ ਕਟਾਈ ਅਤੇ ਕਢਾਈ ਲਈ ਤਿਆਰ ਹੋ ਜਾਂਦੇ ਹਨ। ਅਜਿਹੇ ਪੱਖ ਦਾ ਜ਼ਿਕਰ ਕੁਝ ਇਸ ਤਰ੍ਹਾਂ ਮਿਲਦਾ ਹੈ;
ਜਦੋਂ ਆਇਆ ਮਹੀਨਾ ਚੇਤ।
ਕਣਕਾਂ ਰੰਗ ਵਟਾਇਆ ਖੇਤ।
ਲੱਗੇ ਜਿਵੇਂ ਸੋਨਾ ਵਿਛਾਇਆ।
ਬੱਲੀ ਦਾ ਦਾਣਾ ਪੱਕਣ ’ਤੇ ਆਇਆ।
ਚੇਤ ਮਹੀਨੇ ਕਣਕਾਂ ਰੰਗ ਵਟਾ ਹਰੇ ਤੋਂ ਸੁਨਹਿਰੀ ਹੋ ਜਾਂਦੀਆਂ ਹਨ। ਮਹੀਨੇ ਦੇ ਅਖੀਰ ਤੱਕ ਵਾਢੀ ਪੂਰੇ ਜ਼ੋਰ ’ਤੇ ਹੁੰਦੀ ਹੈ। ਇਸ ਮਹੀਨੇ ਦੇ ਅਜਿਹੇ ਪੱਖ ਰਾਹੀਂ ਕੋਈ ਵਿਜੋਗਣ ਆਪਣੇ ਪਰਦੇਸ ਗਏ ਪ੍ਰੀਤਮ ਨੂੰ ਕੁਝ ਇਸ ਤਰ੍ਹਾਂ ਯਾਦ ਕਰਦੀ ਹੈ;
ਚੜਿ੍ਹਆ ਚੇਤ, ਕਣਕਾਂ ਖੇਤ, ਕੀਤੀ ਵਾਢੀ ਦੀ ਤਿਆਰੀ।
ਪ੍ਰੀਤਮ ਵਸੇ ਦੂਰ, ਕੀ ਕਸੂਰ, ਮਾੜੀਆਂ ਕਿਸਮਤਾਂ ਮਾਰੀ।
ਲਿਖ ਲਿਖ ਪਾਏ ਖ਼ਤ ਵੱਲ ਤੇਰੇ
ਵੇ ਕੀ ਦੱਸਾਂ ਤੈਨੂੰ ਵਧੇਰੇ।
ਪਰ ਤੂੰ ਨਾ ਦਿੱਤਾ ਕੋਈ ਜਵਾਬ
ਨਾ ਵੇ ਮੈਂ ਚਿੱਤ ਚੇਤੇ ਤੇਰੇ।
ਚੇਤ ਮਹੀਨੇ ਬਦਲੇ ਮੌਸਮ, ਹਾੜ੍ਹੀ ਦੀਆਂ ਫ਼ਸਲਾਂ ਦੇ ਕੰਮਾਂ ਕਾਰਾਂ ਦੇ ਰੁਝੇਵਿਆਂ ਕਾਰਨ ਵਿਆਹ ਵਰਗੇ ਸਮਾਗਮ ਘੱਟ ਹੀ ਹੁੰਦੇ ਹਨ। ਫਿਰ ਵੀ ਕਿਸੇ ਦੇ ਵਿਆਹ ਮੁਕਲਾਵੇ ਵਰਗੇ ਮੌਕੇ ਬਣਦੇ ਰਹਿੰਦੇ ਹਨ;
ਮੁਟਿਆਰ ਕੁੜੀ ਘੜੇ ਦੋ ਦੋ ਚੁੱਕਦੀ
ਤੇ ਗੜਵਾ ਚੁੱਕਦੀ ਰੇਤ ਦਾ।
ਜਿੰਦ ਜਾਵੇ, ਮੁਕਲਾਵਾ ਚੇਤ ਦਾ।
ਬਾਰਾਮਾਹ ਕਾਵਿ ਰੂਪ ਦੀ ਰਚਨਾ ਮਹੀਨਿਆਂ ਦੇ ਨਾਵਾਂ ਅਨੁਸਾਰ ਕੀਤੀ ਜਾਂਦੀ ਹੈ। ਇਸ ਦੇ ਹਰ ਕਾਵਿ ਪੈਰੇ ਦੇ ਆਰੰਭ ਵਿੱਚ ਮਹੀਨੇੇ ਦਾ ਨਾਂ ਆਉਂਦਾ ਹੈੈ ਅਤੇ ਇਸ ਰਾਹੀਂ ਕਵੀ ਆਪਣੇ ਵਿਚਾਰ ਪੇਸ਼ ਕਰਦਾ ਹੈ। ਇਹ ਕਾਵਿ ਪਰੰਪਰਾ ਕਾਫ਼ੀ ਪੁਰਾਤਨ ਹੈ ਅਤੇ ਇਸ ਕਾਵਿ ਰੂਪ ਵਿੱਚ ਵੱਡੀ ਗਿਣਤੀ ਵਿੱਚ ਕਵੀਆਂ ਨੇ ਰਚਨਾ ਕੀਤੀ ਹੈ। ਚੇਤ ਦੇਸੀ ਸਾਲ ਦਾ ਪਹਿਲਾ ਮਹੀਨਾ ਹੋੋਣ ਕਾਰਨ ਇਸ ਕਾਵਿ ਰੂਪ ਦੀ ਸ਼ੁਰੂਆਤ ਚੇਤ ਨਾਲ ਹੁੰਦੀ ਹੈ। ਬਾਰਾਮਾਹ ਜ਼ੁਲੈਖਾਂ ਵਿੱਚ ਚੇਤ ਮਹੀਨੇ ਸਬੰਧੀ ਵਰਣਨ ਕੁਝ ਇਸ ਤਰ੍ਹਾਂ ਹੈ;
ਚੜਿ੍ਹਆ ਚੇਤ ਚਿਤਾਰਾਂ ਦਿਲਬਰ
ਮੈਨੂੰ ਨਜ਼ਰ ਨਾ ਆਵੇ।
ਦਿਲ ਵਿੱਚ ਹਰਦਮ ਉਹ ਵਸਦਾ
ਨਾ ਵਿੱਚ ਚਸ਼ਮ ਸਮਾਵੇ।
ਭਗਵਾਨ ਸਿੰਘ ਨੇ ਆਪਣੇ ਕਿੱਸਾ ‘ਹੀਰ’ ਵਿੱਚ ਬਾਰਾਮਾਹ ਵਿੱਚ ਚੇਤ ਸਬੰਧੀ ਕੁਝ ਇਸ ਤਰ੍ਹਾਂ ਬਿਆਨ ਕੀਤਾ ਹੈੈ;
ਚੇੇਤ ਦੇ ਮਹੀਨੇ ਸਾਥੋਂ ਲੱਦ ਗਏ ਨਗੀਨੇ ਯਾਰ।
ਕਦੋਂ ਹੁਣ ਮਿਲਾਂ ਮੈਂ ਔਸੀਆਂ ਹਾਂ ਪਾਉਂਦੀ।
ਹੋਈ ਹਾਂ ਉਦਾਸ ਬਾਝ ਚੂਚਕ ਦੇ ਚਾਕ ਪਿੱਛੇ।
ਹੋਰਨਾਂ ਮਹੀਨਿਆਂ ਵਾਂਗ ਚੇਤ ਮਹੀਨੇ ਸਬੰਧੀ ਵੀ ਲੋਕ ਵਿਸ਼ਵਾਸ ਪ੍ਰਚੱਲਿਤ ਹਨ। ਭਾਵੇਂ ਇਸ ਮਹੀਨੇ ਕੁਝ ਕੁ ਗਰਮੀ ਹੋ ਜਾਂਦੀ ਹੈ, ਪਰ ਇਸ ਦੇ ਬਾਵਜੂਦ ਇਸ ਮਹੀਨੇ ਬਾਹਰ ਪੈਣਾ ਸ਼ੁਰੂ ਨਹੀਂ ਕਰਦੇ। ਇਸ ਸਬੰਧੀ ਕਿਹਾ ਜਾਂਦਾ ਹੈ ਕਿ ਚੇਤ ਮਹੀਨੇ ਬਾਹਰ ਪੈਣ ਨਾਲ ਚੇਤ ਦਾ ਢਿੱਡ ਪਾਟਦਾ ਹੈ। ਅਜਿਹੇ ਲੋਕ ਵਿਸ਼ਵਾਸ ਕਾਰਨ ਲੋਕ ਫੱਗਣ ਮਹੀਨੇ ਹੀ ਇੱਕ ਰਾਤ ਲਈ ਬਾਹਰ ਖੁੱਲ੍ਹੇ ਅਸਮਾਨ ਹੇਠ ਪੈਂਦੇ ਸਨ। ਅਜਿਹਾ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਸੇ ਮਹੀਨੇ ਬ੍ਰਹਮਾ ਨੇ ਸ੍ਰਿਸ਼ਟੀ ਦੀ ਰਚਨਾ ਸ਼ੁਰੂ ਕੀਤੀ ਸੀ। ਅਜਿਹਾ ਹੋਣ ਕਾਰਨ ਇਸ ਮਹੀਨੇ ਨਵਾਂ ਕੰਮ ਸ਼ੁਰੂ ਕਰਨਾ ਸ਼ੁਭ ਮੰਨਿਆ ਜਾਂਦਾ ਹੈ। ਪੁਰਾਣਾਂ ਵਿੱਚ ਸਤਯੁੱਗ ਦੀ ਸ਼ੁਰੂਆਤ ਵੀ ਚੇਤ ਮਹੀਨੇ ਮੰਨੀ ਜਾਂਦੀ ਹੈ। ਪੁੰਨ ਦਾਨ ਦਾ ਵੀ ਇਸ ਮਹੀਨੇ ਵਿਸ਼ੇਸ਼ ਮਹੱਤਵ ਮੰਨਿਆ ਜਾਂਦਾ ਹੈ। ਇਸ ਮਹੀਨੇ ਪੌਦਿਆਂ ਨੂੰ ਲਗਾਤਾਰ ਪਾਣੀ ਦੇਣਾ ਵੀ ਚੰਗਾ ਮੰਨਿਆ ਜਾਂਦਾ ਹੈ। ਇਸ ਦੇ ਪਿੱਛੇ ਸ਼ਾਇਦ ਗਰਮੀ ਅਤੇ ਖੁਸ਼ਕੀ ਕਾਰਨ ਪੌਦਿਆਂ ਦੀ ਪਾਣੀ ਦੀ ਵਧੀ ਜ਼ਰੂਰਤ ਕੰਮ ਕਰਦੀ ਹੋਵੇ।
ਇਸੇ ਤਰ੍ਹਾਂ ਕਹਾਵਤਾਂ, ਮੁਹਾਵਰਿਆਂ ਅਤੇ ਲੋਕ ਸਿਆਣਪਾਂ ਵਿੱਚ ਵੀ ਚੇਤ ਮਹੀਨੇ ਸਬੰਧੀ ਵੱਖ ਵੱਖ ਰੂਪਾਂ ਵਿੱਚ ਜ਼ਿਕਰ ਮਿਲਦਾ ਹੈ। ਇੱਕ ਲੋਕ ਸਿਆਣਪ ਅਨੁਸਾਰ ਜੇਕਰ ਚੇਤ ਮਹੀਨੇ ਮੀਂਹ ਪਵੇ ਤਾਂ ਜਿੱਥੇ ਘਰੇਂ ਦਾਣੇ ਮੁੱਕੇ ਹੁੰਦੇ ਹਨ, ਉੱਥੇ ਖੇਤੋਂ ਆਉਣ ਵਾਲੇ ਦਾਣੇ ਵੀ ਘੱਟ ਆਉਣ ਦੀ ਸੰਭਾਵਨਾ ਹੁੰਦੀ ਹੈ;
ਵਸੇ ਚੇਤ, ਨਾ ਘਰ ਨਾ ਖੇਤ
ਚੇਤ ਮਹੀਨੇ ਜਨਮੇ ਲੋਕਾਂ ਦਾ ਨਾਂ ਇਸ ਮਹੀਨੇ ਦੇ ਨਾਂ ’ਤੇ ਚੇਤ ਸਿੰਘ, ਚੇਤ ਰਾਮ ਅਤੇ ਹਰਚੇਤ ਆਦਿ ਰੱਖੇ ਜਾਂਦੇ ਰਹੇ ਹਨ। ਇਸ ਸਮੇਂ ਉੱਤਰੀ ਭਾਰਤ ਦੀ ਪ੍ਰਮੁੱਖ ਫ਼ਸਲ ਕਣਕ ਦੀ ਕਟਾਈ ਨੇੜੇ ਆਉਣ ਕਾਰਨ ਇਸ ਨਾਲ ਸਬੰਧਤ ਹਿਲ-ਜੁਲ ਸ਼ੁਰੂ ਹੋ ਜਾਂਦੀ ਹੈ। ਜਦੋਂ ਕਟਾਈ ਹੱਥੀਂ ਕੀਤੀ ਜਾਂਦੀ ਸੀ, ਤਦ ਇਸ ਮਹੀਨੇ ਦੇ ਆਰੰਭ ਵਿੱਚ ਹੀ ਸਬੰਧਤ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਸਨ। ਹਾੜ੍ਹੀ ਦੀ ਵਾਢੀ, ਕਢਾਈ ਲਈ ਮਿਸਤਰੀਆਂ ਤੋਂ ਤੰਗਲੀਆਂ, ਜੱਫੇ ਆਦਿ ਬਣਵਾਏ ਜਾਂਦੇ ਅਤੇ ਦਾਤੀਆਂ ਦੇ ਦੰਦੇ ਕਢਵਾਏ ਜਾਂਦੇ ਸਨ। ਰੱਸਿਆਂ ਨੂੰ ਵੱਟਿਆ ਜਾਂਦਾ ਸੀ। ਇਸ ਤਰ੍ਹਾਂ ਕਣਕ ਤੋਂ ਪਹਿਲਾਂ ਸਰ੍ਹੋਂ, ਛੋਲਿਆਂ, ਤਾਰੇੇਮੀਰੇ ਵਰਗੀਆਂ ਫ਼ਸਲਾਂ ਦੀ ਵੀ ਕਟਾਈ ਅਤੇ ਕਢਾਈ ਕਰ ਲਈ ਜਾਂਦੀ ਸੀ।
ਕਿਸੇ ਖਿੱਤੇ ਦੀ ਆਰਥਿਕਤਾ, ਆਰਥਿਕ ਸਾਧਨਾਂ, ਕੰਮਾਂ ਕਾਰਾਂ ਦਾ ਜਨ ਜੀਵਨ, ਸੱਭਿਆਚਾਰ ’ਤੇ ਸਪੱਸ਼ਟ ਪ੍ਰਭਾਵ ਵਿਖਾਈ ਦਿੰਦਾ ਹੈ। ਕੁਝ ਇਸ ਤਰ੍ਹਾਂ ਹੀ ਹਾੜ੍ਹੀ ਦੀ ਫ਼ਸਲ ਆਉਣ ਦੇ ਰੁਝੇਵਿਆਂ ਤੋਂ ਪਹਿਲਾਂ, ਬਦਲੀ ਰੁੱਤ ਦੇ ਪ੍ਰਭਾਵ ਅਤੇ ਗਰਮੀ ਸ਼ੁਰੂ ਹੋਣ ਤੋਂ ਪਹਿਲਾਂ ਇਸ ਖਿੱਤੇ ਵਿੱਚ ਵੱਖ ਵੱਖ ਪੱਧਰ ਦੇ ਮੇਲੇ ਲੱਗਦੇ ਹਨ। ਸਥਾਨਕ ਪੀਰਾਂ ਫ਼ਕੀਰਾਂ ਨਾਲ ਸਬੰਧਤ ਵੱਖ ਵੱਖ ਖੇਤਰਾਂ ਵਿੱਚ ਛੋਟੇ ਵੱਡੇ ਮੇਲੇ ਲੱਗਦੇ ਹਨ। ਦੇਵੀਆਂ ਦੀ ਪੂਜਾ ਹੁੰਦੀ ਹੈ, ਬਾਸੜੀਏ ਦੇ ਪਕਵਾਨ ਖਾਣ ਨੂੰ ਮਿਲਦੇ ਹਨ। ਹਾਲਾਂਕਿ, ਇਸ ਮਹੀਨੇ ਬਾਸਾ ਖਾਣਾ ਚੰਗਾ ਨਹੀਂ ਮੰਨਿਆ ਜਾਂਦਾ।
ਜਦੋਂ ਹਾੜ੍ਹੀ ਹੱਥੀਂ ਵੱਢੀ ਜਾਂਦੀ ਸੀ, ਤਦ ਚੇਤ ਮਹੀਨੇ ਦੇ ਲਗਭਗ ਅੱਧ ਤੋਂ ਬਾਅਦ ਕਣਕਾਂ ਦੀ ਵਾਢੀ ਜ਼ੋਰਾਂ ਸ਼ੋਰਾਂ ਨਾਲ ਸ਼ੁਰੂ ਹੋ ਜਾਂਦੀ ਸੀ। ਅਜਿਹਾ ਹੋਣ ਕਾਰਨ ਪੰਜਾਬ ਦਾ ਪੇਂਡੂ ਖਿੱਤਾ ਵਾਢੀ ਦੇ ਇਸ ਕੰਮ ਵਿੱਚ ਰੁੱਝ ਜਾਂਦਾ ਸੀ। ਲੋਕਾਂ ਕੋਲ ਸਿਰ ਖੁਰਕਣ ਦੀ ਵਿਹਲ ਨਹੀਂ ਸੀ ਹੁੰਦੀ। ਵਾਢੀ ਦੇ ਇਨ੍ਹਾਂ ਦਿਨਾਂ ਵਿੱਚ ਦਿਨੇ ਪਿੰਡ ਸੁੰਨ ਪਏ ਹੁੰਦੇ ਸਨ। ਚੇਤ ਮਹੀਨੇ ਵਿਆਹ ਵਰਗੇ ਸਮਾਗਮ ਨਾ ਦੇ ਬਰਾਬਰ ਰੱਖੇ ਜਾਂਦੇ, ਪ੍ਰੰਤੂ ਹੁਣ ਮਸ਼ੀਨੀਕਰਨ ਕਾਰਨ ਕਾਫੀ ਤਬਦੀਲੀ ਆਈ ਹੈ।
ਸੰਪਰਕ: 81469-24800

Advertisement

Advertisement