ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਈਦ-ਉਲ-ਫ਼ਿਤਰ ਦਾ ਤਿਉਹਾਰ

07:06 AM Mar 31, 2025 IST

ਮੁਹੰਮਦ ਅੱਬਾਸ ਧਾਲੀਵਾਲ

ਦੁਨੀਆ ’ਚ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲੇ ਕਰੋੜਾਂ ਲੋਕ ਵੱਸਦੇ ਹਨ ਤੇ ਉਨ੍ਹਾਂ ਸਭਨਾਂ ਦੇ ਆਪੋ-ਆਪਣੇ ਤਿਉਹਾਰ ਹਨ। ਹਰ ਤਿਉਹਾਰ ਦਾ ਆਪਣਾ ਮਹੱਤਵ ਤੇ ਪਿਛੋਕੜ ਹੁੰਦਾ ਹੈ। ਜੇ ਇਹ ਕਹਿ ਲਿਆ ਜਾਵੇ ਕਿ ਕੋਈ ਤਿਉਹਾਰ ਉਸ ਦੇ ਮੰਨਣ ਵਾਲਿਆਂ ਦੇ ਆਚਰਣ ਤੇ ਅਖਲਾਕ ਦੀ ਜਿਊਂਦੀ ਜਾਗਦੀ ਤਸਵੀਰ ਪੇਸ਼ ਕਰਦਾ ਹੈ ਤਾਂ ਇਸ ’ਚ ਕੋਈ ਅਤਿਕਥਨੀ ਨਹੀਂ ਹੋਵੇਗੀ।
ਗੱਲ ਜਦੋਂ ਇਸਲਾਮ ਧਰਮ ਦੀ ਚੱਲਦੀ ਹੈ ਤਾਂ ਇਸ ਨੂੰ ਮੰਨਣ ਵਾਲੇ ਅਰਥਾਤ ਮੁਸਲਮਾਨ ਮੁੱਖ ਤੌਰ ’ਤੇ ਕਮਰੀ ਸਾਲ ’ਚ ਦੋ ਤਿਉਹਾਰ ਈਦ-ਉਲ-ਫ਼ਿਤਰ ਤੇ ਈਦ-ਉਲ-ਜੁਹਾ ਮਨਾਉਂਦੇ ਹਨ। ਈਦ-ਉਲ-ਜੁਹਾ, ਜਿੱਥੇ ਪੈਗੰਬਰ ਇਬਰਾਹਿਮ ਤੇ ਇਸਮਾਈਲ ਅਲੈਹ-ਸਲਾਮ ਬੇਮਿਸਾਲ ਕੁਰਬਾਨੀ ਦੇ ਸਿਮਰਨ ਵਜੋਂ ਮਨਾਇਆ ਜਾਂਦਾ ਹੈ, ਉੱਥੇ ਈਦ-ਉਲ-ਫਿਤਰ ਰਮਜ਼ਾਨ ਦੇ ਮਹੀਨੇ ਦੇ ਖਤਮ ਹੋਣ ਉਪਰੰਤ ਮਨਾਇਆ ਜਾਂਦਾ ਹੈ।
ਜਦੋਂ ਸ਼ਬਦ ਈਦ-ਉਲ-ਫ਼ਿਤਰ ਦੀ ਗੱਲ ਕਰਦੇ ਹਾਂ ਤਾਂ ਇਹ ਦੋ ਸ਼ਬਦਾਂ ਈਦ ਅਤੇ ਫਿਤਰ ਨੂੰ ਮਿਲ ਕੇ ਬਣਿਆ ਹੈ। ਸ਼ਬਦ ‘ਈਦ’ ਅਰਬੀ ਭਾਸ਼ਾ ਦੇ ‘ਊਦ’ ਤੋਂ ਬਣਿਆ ਹੈ, ਜਿਸ ਦੇ ਅਰਥ ਹਨ ਵਾਰ-ਵਾਰ ਆਉਣਾ ਕਿਉਂਕਿ ਈਦ ਹਰ ਸਾਲ ਆਉਂਦੀ ਹੈ, ਇਸ ਲਈ ਇਸ ਦਾ ਨਾਂ ਈਦ ਪੈ ਗਿਆ ਤੇ ਦੂਜਾ ਈਦ ਸ਼ਬਦ ਨੂੰ ‘ਖ਼ੁਸ਼ੀ’ ਦੇ ਅਰਥ ਵਜੋਂ ਵੀ ਲਿਆ ਜਾਂਦਾ ਹੈ। ਫਿਤਰ ਦਾ ਅਰਥ ਹੈ ਰੋਜ਼ਾ ਖੋਲ੍ਹਣਾ, ਭਾਵ ਈਦ ਦੇ ਦਿਨ ਰਮਜ਼ਾਨ ਦਾ ਮਹੀਨਾ ਸਮਾਪਤ ਹੋ ਜਾਂਦਾ ਹੈ। ਜਦਕਿ ਈਦ ਤੋਂ ਇੱਕ ਦਿਨ ਪਹਿਲਾਂ ਸ਼ਵਾਲ ਦਾ ਮਹੀਨਾ ਸ਼ੁਰੂ ਹੋ ਜਾਂਦਾ ਹੈ ਤੇ ਸ਼ਵਾਲ ਮਹੀਨੇ ਦੀ ਪਹਿਲੀ ਸਵੇਰ ਨੂੰ ਈਦ-ਉਲ-ਫ਼ਿਤਰ ਪੜ੍ਹੀ ਜਾਂਦੀ ਹੈ।
ਉਂਜ ਈਦ ਦਾ ਇਤਿਹਾਸ ਸਦੀਆਂ ਪੁਰਾਣਾ ਹੈ। ਇਕ ਥਾਂ ਇਹ ਵੀ ਰਵਾਇਤ ਹੈ ਕਿ ਜਦੋਂ ਹਜ਼ਰਤ ਆਦਮ (ਅਲੈਹ ਅਲਸਾਮ) ਦੀ ਤੌਬਾ ਕਬੂਲ ਹੋਈ ਤਾਂ ਉਸ ਦਿਨ ਦੁਨੀਆ ਵਿਚ ਪਹਿਲੀ ਈਦ ਮਨਾਈ ਗਈ। ਇਸੇ ਤਰ੍ਹਾਂ ਜਦੋਂ ਹਜ਼ਰਤ ਇਬਰਾਹੀਮ (ਅਲੈਹ ਅਸਲਾਮ) ਨੂੰ ਨਮਰੂਦ ਵੱਲੋਂ ਅੱਗ ਦੇ ਹਵਾਲੇ ਕੀਤਾ ਗਿਆ ਤਾਂ ਅੱਗ ਨੇ ਉਨ੍ਹਾਂ ਨੂੰ ਸਾੜਨ ਦੀ ਥਾਂ ਫੁੱਲਾਂ ਦੇ ਬਗ਼ੀਚੇ ਦਾ ਰੂਪ ਧਾਰਨ ਕਰ ਲਿਆ ਤੇ ਇਬਰਾਹੀਮ ਦੀ ਕੌਮ ਨੇ ਇਸ ਖ਼ੁਸ਼ੀ ’ਚ ਈਦ ਮਨਾਈ। ਫਿਰ ਜਦੋਂ ਹਜ਼ਰਤ ਯੂਨਸ (ਅਲੈਹ ਅਸਲਾਮ) ਨੂੰ ਮੱਛੀ ਦੇ ਪੇਟ ’ਚੋਂ ਰਿਹਾਈ ਮਿਲੀ ਤਾਂ ਉਨ੍ਹਾਂ ਦੀ ਉਮਤ ਨੇ ਈਦ ਮਨਾਈ। ਇਸੇ ਤਰ੍ਹਾਂ ਜਦੋਂ ਹਜ਼ਰਤ ਮੂਸਾ (ਅਲੈਹ ਅਸਲਾਮ) ਦੀ ਕੌਮ ਬਨੀ ਇਸਰਾਈਲ ਨੂੰ ਰੱਬ ਨੇ ਫਿਰੌਨ ਦੇ ਜ਼ੁਲਮਾਂ ਤੋਂ ਛੁਟਕਾਰਾ ਦਿਵਾਇਆ ਤਾਂ ਉਨ੍ਹਾਂ ਨੇ ਵੀ ਈਦ ਮਨਾਈ ਸੀ।
ਜੋ ਈਦ-ਉਲ-ਫਿਤਰ ਦਾ ਤਿਉਹਾਰ ਅਜੋਕੇ ਸਮੇਂ ਇਸਲਾਮ ਧਰਮ ਦੇ ਮੰਨਣ ਵਾਲੇ ਮਨਾਉਂਦੇ ਹਨ ਇਸ ਦਾ ਆਰੰਭ 624 ਈ: ਤੋਂ ਹੋਇਆ ਮੰਨਿਆ ਜਾਂਦਾ ਹੈ। ਇਸ ਤੋਂ ਪਹਿਲਾਂ ਹਜ਼ਰਤ ਮੁੰਹਮਦ (ਸ) ਹਿਜ਼ਰਤ ਕਰਕੇ ਜਦੋਂ ਮੱਕੇ ਤੋਂ ਮਦੀਨੇ ਆਏ ਤਾਂ ਇੱਥੋਂ ਦੇ ਲੋਕ ਸਾਲ ’ਚ ਦੋ ਦਿਨ ਮੇਲੇ ਦੀ ਸ਼ਕਲ ’ਚ ਤਰ੍ਹਾਂ-ਤਰ੍ਹਾਂ ਦੇ ਖੇਡ ਤਮਾਸ਼ੇ ਕਰਦੇ ਤੇ ਹੁੱਲੜਬਾਜ਼ੀ ਕਰਦੇ ਸਨ। ਜਦੋਂ ਹਜ਼ਰਤ ਮੁਹੰਮਦ (ਸ) ਨੇ ਉਕਤ ਦਿਨਾਂ ਨੂੰ ਮਨਾਉਣ ਦੇ ਸੰਦਰਭ ’ਚ ਉਨ੍ਹਾਂ ਤੋਂ ਪੁੱਛਿਆ ਤਾਂ ਉਨ੍ਹਾਂ ਕਿਹਾ, ‘ਅਸੀਂ ਪਿਛਲੇ ਲੰਮੇ ਸਮੇਂ ਤੋਂ ਇਸੇ ਤਰ੍ਹਾਂ ਸਾਲ ’ਚ ਦੋ ਵਾਰ ਇਹ ਦਿਨ ਮਨਾਉਂਦੇ ਆ ਰਹੇ ਹਾਂ।’ ਹਜ਼ਰਤ ਮੁਹੰਮਦ (ਸ) ਨੇ ਉਨ੍ਹਾਂ ਨੂੰ ਆਖਿਆ, ‘ਤੁਹਾਨੂੰ ਅੱਲ੍ਹਾ ਪਾਕ ਨੇ ਇਨ੍ਹਾਂ ਨਾਲੋਂ ਬਿਹਤਰ ਦੋ ਦਿਨ ਦਿੱਤੇ ਹਨ, ਇਨ੍ਹਾਂ ’ਚੋਂ ਇੱਕ ਈਦ-ਉਲ-ਫ਼ਿਤਰ ਤੇ ਦੂਜਾ ਈਦ-ਉਲ-ਜੁਹਾ।’
ਇਸਲਾਮ ਹਰ ਮੌਕੇ ਗ਼ਰੀਬਾਂ ਨਾਲ ਭਲਾਈ ਤੇ ਹੁਸਨ-ਏ-ਸਲੂਕ ਦੀ ਪ੍ਰੇਰਨਾ ਦਿੰਦਾ ਹੈ। ਬੇਸਹਾਰਾ, ਕਮਜ਼ੋਰ ਤੇ ਆਰਥਿਕ ਪੱਖੋਂ ਪੱਛੜੇ ਲੋਕਾਂ ਦੀ ਸਹਾਇਤਾ ਕਰਨ ਦੇ ਵਿਸ਼ੇਸ਼ ਦਿਸ਼ਾ-ਨਿਰਦੇਸ਼ ਦਿੰਦਾ ਹੈ। ਇਸ ਦੀ ਪ੍ਰਤੱਖ ਝਲਕ ਸਾਨੂੰ ਈਦ-ਉਲ-ਫ਼ਿਤਰ ਨਾਲ ਜੁੜੇ ਸਦਕਾ-ਏ-ਫਿਤਰ ਤੋਂ ਮਿਲਦੀ ਹੈ। ਰੋਜ਼ਿਆਂ ਦੌਰਾਨ ਰੋਜ਼ਾਦਾਰ ਤੋਂ ਜੋ ਗਲਤੀਆਂ ਹੋ ਜਾਂਦੀਆਂ ਹਨ, ਉਨ੍ਹਾਂ ਦੀ ਤਲਾਫ਼ੀ ਲਈ ਹਜ਼ਰਤ ਮੁਹੰਮਦ(ਸ) ਨੇ ਗ਼ਰੀਬਾਂ ਵਿਚਕਾਰ ਸਦਕਾ-ਏ-ਫ਼ਿਤਰ ਤਕਸੀਮ ਕਰਨ ਦੇ ਨਿਰਦੇਸ਼ ਦਿੱਤੇ ਹਨ। ਸਦਕਾ-ਏ-ਫ਼ਿਤਰ ਘਰ ਦੇ ਹਰ ਜੀਅ (ਨਾਬਾਲਗ ਦਾ ਮਾਂ-ਬਾਪ ਜਾਂ ਉਸ ਦੇ ਵਾਰਿਸ) ਵੱਲੋਂ ਦਿੱਤਾ ਜਾਂਦਾ ਹੈ, ਭਾਵ ਈਦ ਵਾਲੇ ਦਿਨ ਸੂਰਜ ਚੜ੍ਹਨ ਤੋਂ ਪਹਿਲਾਂ ਜੇ ਕਿਸੇ ਬੱਚੇ ਨੇ ਜਨਮ ਲਿਆ ਹੈ ਤਾਂ ਉਸ ਵੱਲੋਂ ਵੀ ਇਹ ਸਦਕਾ-ਏ-ਫ਼ਿਤਰ ਉਸ ਦੇ ਮਾਂ-ਬਾਪ ਵੱਲੋਂ ਕੱਢਿਆ ਜਾਣਾ ਵਾਜਿਬ ਹੈ।
ਇਕ ਈਦ-ਮੌਕੇ ਹਜ਼ਰਤ ਮੁਹੰਮਦ (ਸਲੱਲਾਹੋ ਅਲੈਵਸਲੱਮ) ਆਪਣੇ ਦੋਵੇਂ ਦੋਹਤਿਆਂ ਹਜ਼ਰਤ ਹਸਨ ਤੇ ਹੁਸੈਨ ਨਾਲ ਈਦ ਦੀ ਨਮਾਜ਼ ਪੜ੍ਹਨ ਜਾ ਰਹੇ ਸਨ ਕਿ ਰਸਤੇ ਵਿਚ ਕੁੱਝ ਬੱਚੇ ਖੇਡਦੇ ਦਿਖਾਈ ਦਿੱਤੇ। ਉਨ੍ਹਾਂ ਬੱਚਿਆਂ ’ਚੋਂ ਇਕ ਬੱਚਾ ਬਹੁਤ ਨਿਰਾਸ਼ ਤੇ ਪਰੇਸ਼ਾਨ ਦਿਖਾਈ ਦਿੱਤਾ ਤਾਂ ਉਨ੍ਹਾਂ ਨੇ ਉਸ ਕੋਲੋਂ ਦੁਖੀ ਹੋਣ ਦਾ ਕਾਰਨ ਪੁੱਛਿਆ। ਉਸ ਨੇ ਕਿਹਾ, ‘ਮੇਰਾ ਬਾਪ ਮਰ ਚੁੱਕਾ ਹੈ ਤੇ ਮਾਂ ਨੇ ਦੂਜਾ ਵਿਆਹ ਕਰਾ ਲਿਆ ਹੈ, ਇਸ ਲਈ ਹੁਣ ਮੇਰੀ ਦੇਖ-ਭਾਲ ਕਰਨ ਵਾਲਾ ਕੋਈ ਨਹੀਂ ਹੈ।’ ਹਜ਼ਰਤ ਮੁਹੰਮਦ (ਸ) ਨੇ ਬੱਚੇ ਨੂੰ ਤਸੱਲੀ ਦਿੱਤੀ ਤੇ ਕਿਹਾ, ‘ਕੀ ਤੂੰ ਪਸੰਦ ਕਰੇਂਗਾ ਕਿ ਮੁਹੰਮਦ (ਸ) ਤੇਰਾ ਬਾਪ ਹੋਵੇ ਤੇ ਆਇਸ਼ਾ (ਰਜ਼ੀ ਅਲਾਹ ਅਨਹਾਂ) ਤੇਰੀ ਮਾਂ ਤੇ ਹਜ਼ਰਤ ਫ਼ਾਤਿਮਾ (ਰਜ਼ੀ ਅਲਾਹ ਅਨਹਾਂ) ਤੇਰੀ ਭੈਣ ਹੋਵੇ?’ ਜ਼ਿਕਰਯੋਗ ਹੈ ਕਿ ਆਇਸ਼ਾ (ਰ) ਹਜ਼ਰਤ ਮੁੰਹਮਦ (ਸਲੱਲਾਹੋ ਅਲੈਵਸਲੱਮ) ਦੀ ਪਤਨੀ ਤੇ ਫ਼ਾਤਿਮਾ ਉਨ੍ਹਾਂ ਦੀ ਲਾਡਲੀ ਧੀ ਸੀ। ਉਹ ਉਸ ਬੱਚੇ ਨੂੰ ਆਪਣੇ ਘਰ ਲੈ ਆਏ ਅਤੇ ਆਇਸ਼ਾ (ਰ) ਨੂੰ ਆਖਿਆ, ‘ਤੈਨੂੰ ਪੁੱਤਰ ਦੀ ਖ਼ਵਾਹਿਸ਼ ਸੀ, ਇਹ ਤੇਰਾ ਬੇਟਾ ਹੈ।’ ਫ਼ਾਤਿਮਾ ਨੂੰ ਕਿਹਾ, ‘ਤੈਨੂੰ ਭਰਾ ਚਾਹੀਦਾ ਸੀ, ਇਹ ਤੇਰਾ ਭਰਾ ਹੈ’ ਫਿਰ ਹਸਨ ਅਤੇ ਹੁਸੈਨ ਦੇ ਕੱਪੜੇ ਲਿਆ ਕੇ ਉਨ੍ਹਾਂ ’ਚੋਂ ਇਕ ਵਧੀਆ ਜੋੜਾ ਉਸ ਬੱਚੇ ਨੂੰ ਪਵਾਇਆ ਤੇ ਉਸ ਨੂੰ ਆਪਣੇ ਨਾਲ ਲੈ ਕੇ ਈਦ ਦੀ ਨਮਾਜ਼ ਪੜ੍ਹਨ ਲਈ ਚਲੇ ਗਏ।
ਈਦ ਦੀਆਂ ਸੁੰਨਤਾਂ ਵਿਚ ਗ਼ੁਸਲ (ਨਹਾਉਣਾ), ਅਪਣੀ ਹੈਸੀਅਤ ਮੁਤਾਬਕ ਫ਼ਜ਼ੂਲ ਖ਼ਰਚੀ ਤੋਂ ਪਰਹੇਜ਼ ਕਰਦੇ ਹੋਏ ਨਵੇਂ ਕੱਪੜੇ ਪਹਿਨਣਾ, ਖਜੂਰ ਖਾਣਾ, ਈਦ ਪੜ੍ਹਨ ਲਈ ਪੈਦਲ ਜਾਣਾ, ਇਕ ਰਸਤੇ ਜਾਣਾ ਤੇ ਦੂਜੇ ਰਸਤੇ ਘਰ ਵਾਪਸ ਆਉਣਾ, ਰਸਤੇ ਵਿਚ ਆਉਂਦੇ-ਜਾਂਦੇ ਧੀਮੀ ਆਵਾਜ਼ ਵਿਚ ਤਕਬੀਰਾਂ ( ਅਲ੍ਹਾ-ਹੂ- ਅਕਬਰ, ਅੱਲ੍ਹਾ-ਹੂ-ਅਕਬਰ, ਲਾ-ਇਲਾਹਾ ਇਲਲਾਹ ਹੂ ਵਲਾਹ- ਹੂ-ਅਕਬਰ, ਅੱਲ੍ਹਾ-ਹੂ-ਅਕਬਰ, ਵਾਲਿੱਲਾਹ ਹਿਲ-ਹਮਦ) ਪੜ੍ਹਨਾ ਸੁੰਨਤਾਂ ’ਚ ਸ਼ਾਮਲ ਹੈ।
ਈਦ ਦੀ ਨਮਾਜ਼ ਮਗਰੋਂ ਇਮਾਮ ਵੱਲੋਂ ਜੋ ਖੁਤਬਾ (ਪ੍ਰਵਚਨ) ਦਿੱਤਾ ਜਾਂਦਾ ਹੈ, ਜਿਸ ਵਿਚ ਰੱਬ ਦੀ ਵਡਿਆਈ ਤੇ ਉਸਤਤ ਦੇ ਨਾਲ-ਨਾਲ ਸੰਸਾਰ ਦੀ ਸੁੱਖ-ਸ਼ਾਂਤੀ ਲਈ ਦੁਆਵਾਂ ਤੇ ਆਪਣੇ ਗ਼ੁਨਾਹਾਂ ਦੀ ਮੁਆਫ਼ੀ ਮੰਗੀ ਜਾਂਦੀ ਹੈ, ਉਸ ਨੂੰ ਸੁਣਨਾ ਹਰ ਈਦ ਦੀ ਨਮਾਜ਼ ਪੜ੍ਹਨ ਵਾਲੇ ਮੁਸਲਮਾਨ ’ਤੇ ਵਾਜਿਬ ਹੈ। ਇਕ ਰਵਾਇਤ ਅਨੁਸਾਰ ਹਜ਼ਰਤ ਮੁਹੰਮਦ (ਸਲੱਲਾਹੋ ਅਲੈਵਸਲੱਮ) ਨੇ ਫਰਮਾਇਆ ਹੈ ਕਿ ਈਦ ਦੀ ਨਮਾਜ਼ ਤੋਂ ਫਾਰਗ਼ ਹੋ ਕੇ ਜਦੋਂ ਬੰਦੇ ਆਪਣੇ ਘਰੀਂ ਵਾਪਸ ਪਰਤਦੇ ਹਨ ਤਾਂ ਉਨ੍ਹਾਂ ਦੇ ਗੁਨਾਹ ਮੁਆਫ਼ ਹੋ ਚੁੱਕੇ ਹੁੰਦੇ ਹਨ।

Advertisement

ਸੰਪਰਕ: 98552-59650

Advertisement
Advertisement