ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬ ਨੂੰ ਸਮਰੱਥ ਅਤੇ ਦੂਰ-ਅੰਦੇਸ਼ ਆਗੂ ਦੀ ਉਡੀਕ

04:23 AM Apr 05, 2025 IST
ਦਰਬਾਰਾ ਸਿੰਘ ਕਾਹਲੋਂ
Advertisement

ਪੰਜਾਬ ਦੀ ਪੰਜ ਦਰਿਆਵਾਂ ਦੀ ਧਰਤੀ ਵਿਸ਼ਵ ਅਤੇ ਭਾਰਤ ਅੰਦਰ ਖੂਬਸੂਰਤ, ਮਨਮੋਹਕ, ਕਮਾਲ ਦੀ ਜਲਵਾਯੂ ਵਾਲੇ ਟੁਕੜੇ ਵਜੋਂ ਜਾਣੀ ਜਾਂਦੀ ਰਹੀ ਹੈ। ਗਿਆਨ ਦੇ ਸਾਗਰ ਰੂਪੀ ਵੇਦਾਂ, ਸ਼ਾਸਤਰਾਂ, ਅਜ਼ੀਮ ਗੁਰੂ ਗ੍ਰੰਥ ਸਾਹਿਬ ਆਦਿ ਗ੍ਰੰਥਾਂ ਦੀ ਰਚਨਾ ਇੱਥੇ ਹੋਈ। ਇਸ ਨੇ ਮਹਾਨ ਅਧਿਆਤਮਿਕ ਗੁਰੂਆਂ, ਪੀਰਾਂ, ਸ਼ਖ਼ਸੀਅਤਾਂ ਨੂੰ ਜਨਮ ਦਿੱਤਾ। ਸ੍ਰੀ ਗੁਰੂ ਨਾਨਕ ਜੀ ਤੋਂ ਲੈ ਕੇ ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਦਰਸ਼ ਜੀਵਨ ਅਤੇ ਕੁਰਬਾਨੀਆਂ ਦੇ ਪ੍ਰਭਾਵ ਸਦਕਾ ਪ੍ਰੋ. ਪੂਰਨ ਸਿੰਘ ਨੇ ਸਦੀਵੀ ਸੱਚ ਅਲਾਪਿਆ- ਪੰਜਾਬ ਜੀਂਦਾ ਗੁਰਾਂ ਦੇ ਨਾਂ ’ਤੇ। ਇਸ ਵਿਚ ਮੁੱਖ ਤੌਰ ’ਤੇ ਸਵੈ-ਨਿਰਭਰ, ਸਮਰੱਥ, ਸ਼ਕਤੀਸ਼ਾਲੀ, ਸਭ ਨੂੰ ਇਕ ਮਾਲਾ ਵਿਚ ਪਰੋ ਕੇ ਰੱਖਣ ਵਾਲਾ ਗੁਰਮੰਤਰ ਹਰ ਪ੍ਰਾਣੀ ਲਈ ਸੀ ਕਿ ਕਿਰਤ ਕਰੋ, ਵੰਡ ਛਕੋ, ਨਾਮ ਜਪੋ। ਤਾਕਤਵਰ, ਪ੍ਰਭਾਵਸ਼ਾਲੀ, ਗਤੀਸ਼ੀਲ ਅਤੇ ਦੂਰ-ਅੰਦੇਸ਼ ਨਿਰਸੁਆਰਥ ਲੀਡਰਸ਼ਿਪ ਦੀ ਸਿਰਜਣਾ ਦਾ ਲੋਕਤੰਤਰੀ ਗੁਰਮੰਤਰ ਸੀ- ਇਨ ਹੀ ਕੀ ਕ੍ਰਿਪਾ ਕੇ ਸਜੇ ਹਮ ਹੈ, ਨਹੀਂ ਮੋ ਸੇ ਗਰੀਬ ਕਰੋਰ ਪਰੇ।

ਪੰਜਾਬ ਦੀ ਧਰਤੀ ’ਤੇ ਵਸਣ ਵਾਲੇ ਹਿੰਦੂ, ਮੁਸਲਮਾਨ, ਸਿੱਖ, ਇਸਾਈ ਨੂੰ ਹਮੇਸ਼ਾ ਇਨ੍ਹਾਂ ਦੇ ਅਜ਼ੀਮ ਧਾਰਮਿਕ ਆਗੂਆਂ ਨੇ ਏਕਤਾ, ਸਮਾਨਤਾ, ਭਾਈਚਾਰਕ ਸਾਂਝ, ਸਹਿਨਸ਼ੀਲਤਾ ਦਾ ਸੰਦੇਸ਼ ਦਿੱਤਾ। ਪੰਜਾਬ ਦੇ ਇਕਜੁੱਟ ਭਾਈਚਾਰੇ ਨੂੰ ਨਾ ਤਾਂ ਗਰੀਕ, ਹੂਣ, ਪਾਰਥੀ, ਤੁਰਕ, ਮੁਗਲ, ਨਾ ਹੀ ਮੁਸਲਿਮ ਧਾੜਵੀ ਕਮਜ਼ੋਰ ਕਰ ਸਕੇ, ਨਾ ਵੰਡ ਸਕੇ। ਇਹ ਪੰਜਾਬੀ ਭਾਈਚਾਰੇ ਦੀ ਧਾਰਮਿਕ ਅਤੇ ਸਮਾਜਿਕ ਸੂਝ-ਬੂਝ, ਮਿਲਵਰਤਣ, ਆਪਸੀ ਸਹਿਣਸ਼ੀਲ ਸਹਿਹੋਂਦ ਦਾ ਸਿੱਟਾ ਸੀ। ਪੋਰਸ, ਜੈਪਾਲ, ਅਨੰਦ ਪਾਲ ਜਿਹੇ ਦਲੇਰ ਸ਼ਾਸਕਾਂ ਨੇ ਪੰਜਾਬ ’ਤੇ ਵਿਦੇਸ਼ੀ ਹਮਲਿਆਂ ਦਾ ਮੁਕਾਬਲਾ ਕੀਤਾ ਭਾਵੇਂ ਅਸਫਲ ਰਹੇ ਲੇਕਿਨ ਸਿੱਖ ਮਿਸਲਾਂ ਵੱਲੋਂ ਨਾਦਰਸ਼ਾਹ, ਅਹਿਮਦ ਸ਼ਾਹ, ਜਹਾਨ ਖਾਂ ਦੁਰਾਨੀਆ ਨੂੰ ਨੱਕੋਂ ਚਨੇ ਚਬਾਉਣ ਬਾਅਦ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਿਚ 50 ਸਾਲ ਕਿਸੇ ਨੇ ਇੱਧਰ ਝਾਤ ਮਾਰਨ ਦਾ ਹੀਆ ਨਾ ਕੀਤਾ। ਤਮਾਮ ਪੰਜਾਬੀਆਂ ਦੇ ਵੱਖ-ਵੱਖ ਵਰਗਾਂ, ਧਰਮਾਂ, ਜਾਤਾਂ ਅਤੇ ਇਲਾਕਿਆਂ ਦੇ ਲੋਕਾਂ ਦੀ ਸ਼ਮੂਲੀਅਤ ਅਤੇ ਸਲਾਹ-ਮਸ਼ਵਰਿਆਂ ਨਾਲ ਜਿਹੋ ਜਿਹਾ ਪਾਰਦਰਸ਼ੀ, ਜਨਤਕ ਹਿਤੂ ਅਤੇ ਹਰਮਨ ਪਿਆਰਾ ਸ਼ਾਸਨ ਉਸ ਨੇ ਦਿੱਤਾ, ਉਸ ਨੂੰ ਅੱਜ ਵੀ ਪੂਰੇ ਵਿਸ਼ਵ ਵਿਚ ਸਲਾਹਿਆ ਜਾਂਦਾ ਹੈ। 8-10 ਪ੍ਰਤੀਸ਼ਤ ਸਿੱਖ ਆਬਾਦੀ ਨਾਲ ਸਬੰਧਿਤ ਇਸ ਸ਼ਾਸਕ ਤੋਂ ਬਾਕੀ 90-92 ਪ੍ਰਤੀਸ਼ਤ ਹੋਰ ਧਰਮਾਂ ਦੇ ਲੋਕ ਪੂਰੀ ਤਰ੍ਹਾਂ ਸੰਤੁਸ਼ਟ ਸਨ। ਪੰਜਾਬ ਦਾ ਰੁਪਿਆ ਬਰਤਾਨੀਆ ਦੇ 13 ਪਾਊਂਡਾਂ ਬਰਾਬਰ ਸੀ। ਅਮਨ-ਕਾਨੂੰਨ ਮਜ਼ਬੂਤ ਸੀ।

Advertisement

1849 ਵਿਚ ਅੰਗਰੇਜ਼ਾਂ ਦੇ ਪੰਜਾਬ ’ਤੇ ਕਬਜ਼ੇ ਬਾਅਦ ਇਸ ਦੀ ਰਾਜਨੀਤਕ, ਧਾਰਮਿਕ, ਸਮਾਜਿਕ, ਆਰਥਿਕ ਅਤੇ ਸਭਿਆਚਾਰਕ ਬਰਬਾਦੀ ਦੀ ਦਾਸਤਾਨ ਸ਼ੁਰੂ ਹੋ ਗਈ। ਅੰਗਰੇਜ਼ ਇਸ ਧਰਤੀ ਦੀ ਭਾਈਚਾਰਕ ਸਾਂਝ ਅਤੇ ਮਾਰਸ਼ਲ ਰੁਚੀਆਂ ਤੋਂ ਭਲੀਭਾਂਤ ਜਾਣੂ ਸੀ। ਸੋ, ਉਸ ਨੇ ਇਸ ਨੂੰ ਆਪਣੇ ਰਾਜਕੀ ਖੁਫੀਆ ਤੰਤਰ, ਸ਼ਕਤੀ, ਜਗੀਰਦਾਰੀ ਅਤੇ ਫਿਰਕੂ ਲਾਲਚੀ ਜਮਾਤਾਂ ਦੇ ਪਿੱਠੂਪੁਣੇ ਬਲਬੂਤੇ ਤੋੜਨਾ ਸ਼ੁਰੂ ਕਰ ਦਿੱਤਾ। ਪੰਜਾਬੀ ਸਮਾਜ ਦੀ ਰੀੜ੍ਹ ਦੀ ਹੱਡੀ ਕਿਸਾਨੀ ਅਤੇ ਸਬੰਧਿਤ ਕਿਰਤੀ ਜਮਾਤ ਨੂੰ ਨਵੀਂ ਟੈਕਸਸ਼ਾਹੀ ਨਾਲ ਕਮਜ਼ੋਰ ਕਰਨਾ ਸ਼ੁਰੂ ਕਰ ਦਿੱਤੀ। ਸਦੀਆਂ ਤੋਂ ਘੁੱਗ ਵਸਦੇ ਭਾਈਚਾਰੇ ਨੂੰ ਧਾਰਮਿਕ ਫਿਰਕਾਪ੍ਰਸਤੀ ਰਾਹੀਂ ਦੇਸ਼ ਨੂੰ ਆਜ਼ਾਦੀ ਤੱਕ (1947 ਵੇਲੇ) ਵੰਡ ਕੇ ਕਮਜ਼ੋਰ ਕਰ ਦਿੱਤਾ। ਜੇ ਅੱਜ ਸਾਂਝਾ ਪੰਜਾਬ ਭਾਰਤ ਵਿਚ ਹੰੁਦਾ ਤਾਂ ਭਾਰਤੀ ਪਾਰਲੀਮੈਂਟ ਵਿਚ ਇਸ ਦੀਆਂ ਉੱਤਰ ਪ੍ਰਦੇਸ਼ ਨਾਲੋਂ ਵੀ ਵੱਧ 113 ਸੀਟਾਂ ਹੁੰਦੀਆਂ। ਉਦੋਂ ਪਹਿਲੀ ਵਾਰ ਇਤਿਹਾਸ ਵਿਚ ਦੇਸ਼ ਦੀ ਫਿਰਕੂ ਆਧਾਰ ’ਤੇ ਆਬਾਦੀ ਵੰਡਣ ਦਾ ਬੱਜਰ ਗੁਨਾਹ ਕੀਤਾ ਗਿਆ।

ਚੜ੍ਹਦੇ ਪੰਜਾਬ ਵਾਲੇ ਲੋਕ ਪੰਜਾਬ ਨੂੰ ਫਿਰ ਭਾਸ਼ਾ ਤੇ ਫਿਰਕੂ ਸੋਚ ਕਰਕੇ ਵੰਡਣ ਤੋਂ ਬਾਜ ਨਹੀਂ ਆਏ। ਪਹਿਲੀ ਨਵੰਬਰ 1966 ਨੂੰ ਇਹ ਪੰਜਾਬ ਅਤੇ ਹਰਿਆਣਾ ਵਿਚ ਵੰਡਿਆ ਗਿਆ। ਇਸ ਵਿਚੋਂ ਪਹਿਲੀ ਨਵੰਬਰ 1956 ਨੂੰ ਵੱਖ ਕਰ ਕੇ ਬਣਾਇਆ ਕੇਂਦਰੀ ਸ਼ਾਸਤ ਇਲਾਕਾ ਹਿਮਾਚਲ ਪ੍ਰਦੇਸ਼ 25 ਜਨਵਰੀ 1971 ਨੂੰ ਸੰਸਦ ਦੁਆਰਾ ਪਾਸ ਐਕਟ ਰਾਹੀਂ ਵੱਖਰਾ ਰਾਜ ਬਣਾ ਦਿੱਤਾ। ਦੋਵੇਂ ਵੰਡਾਂ ਪੰਜਾਬ ਵਿਚ ਸਮਰੱਥ ਅਤੇ ਦੂਰ-ਅੰਦੇਸ਼ ਲੀਡਰਸ਼ਿਪ ਦੀ ਘਾਟ ਦਾ ਨਤੀਜਾ ਹਨ।

ਭਾਰਤ ਨੇ ਸਿੱਖ ਭਾਈਚਾਰੇ ਨੂੰ ਚਹੁੰ ਪਾਸਿਓਂ ਨਕੇਲ ਪਾ ਕੇ ਰੱਖਣ ਦੀ ਸਥਾਈ ਰਾਜਕੀ ਨੀਤੀ ਬਣਾਈ। ਇਸੇ ਲਈ ਨਵੇਂ ਪੰਜਾਬ ਦੇ ਬਹੁਤ ਸਾਰੇ ਮਸਲੇ ਭਾਰਤੀ ਸਟੇਟ ਨੇ ਜਾਣਬੁੱਝ ਕੇ ਖੜ੍ਹੇ ਰੱਖੇ ਤਾਂ ਕਿ ਜਦੋਂ-ਜਦੋਂ ਇਨ੍ਹਾਂ ਦੇ ਆਗੂ ਅਤੇ ਲੋਕ ਇਨ੍ਹਾਂ ਨੂੰ ਉਠਾਉਣ, ਉਨ੍ਹਾਂ ਨੂੰ ਰਾਜਕੀ ਸ਼ਕਤੀ ਨਾਲ ਇਸ ਕਦਰ ਦਬਾਇਆ ਜਾਵੇ ਕਿ ਮੁੜ ਛੇਤੀ ਉੱਠਣ ਦਾ ਹੀਆ ਨਾ ਕਰਨ। ਪੰਜਾਬ ਦੀ ਰਾਜਨੀਤਕ ਅਤੇ ਡਿਪਲੋਮੈਟਿਕ ਤੌਰ ’ਤੇ ਅਨਪੜ੍ਹ ਲੀਡਰਸਿ਼ਪ ਅਜੇ ਤੱਕ ਭਾਰਤੀ ਸਟੇਟ ਦੀਆਂ ਇਨ੍ਹਾਂ ਮਾਰੂ ਚਾਲਾਂ ਅਤੇ ਫਾਹੀਆਂ ਨੂੰ ਸਮਝ ਨਹੀਂ ਸਕੀ।

ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਪੰਜਾਬੀ ਬੋਲਦੇ ਪਿੰਡ ਉਜਾੜ ਕੇ ਬਣਾਈ ਪਰ ਇਸ ਨੂੰ ਜਾਣਬੁੱਝ ਕੇ ਇਸ ਨੂੰ ਕੇਂਦਰੀ ਸ਼ਾਸਿਤ ਪ੍ਰਦੇਸ਼ ਬਣਾ ਦਿੱਤਾ। ਪੰਜਾਬੀ ਭਾਸ਼ਾਈ ਇਲਾਕੇ ਤਹਿਸੀਲ ਵੰਡ ਕੇਂਦਰ ਸਥਾਪਿਤ ਕਰ ਕੇ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਵਿਚ ਸ਼ਾਮਿਲ ਕੀਤੇ ਗਏ। ਪੰਜਾਬ ਦੇ ਪਾਣੀਆਂ ਦੀ ਵੰਡ ਕੌਮਾਂਤਰੀ ਰਿਪੇਰੀਅਨ ਕਾਨੂੰਨ ਛਿੱਕੇ ’ਤੇ ਟੰਗ ਕੇ ਕਾਣੀ ਕੀਤੀ ਗਈ। ਡੈਮ ਹੈੱਡਵਰਕਸਾਂ ਦਾ ਕੰਟਰੋਲ ਧੱਕੇ ਨਾਲ ਕੇਂਦਰ ਸਰਕਾਰ ਅਧੀਨ ਰੱਖਿਆ। ਸਤਲੁਜ ਯਮੁਨਾ ਲਿੰਕ ਨਹਿਰ ਦਾ ਜਿੰਨ ਪੰਜਾਬੀਆਂ ਨੂੰ ਨਿਗਲਣ ਲਈ ਪੈਦਾ ਕੀਤਾ ਗਿਆ।

ਪੰਜਾਬ ਵਿੱਚ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਦੀ ਲੀਡਰਸ਼ਿਪ ਨੇ ਪੰਜਾਬ ਅਤੇ ਪੰਜਾਬ ਦੀ ਨੌਜਵਾਨੀ ਦਾ ਘਾਣ ਕਰਵਾਇਆ। ਸਮਰੱਥ ਅਤੇ ਦੂਰ-ਅੰਦੇਸ਼ ਲੀਡਰਸ਼ਿਪ ਦੀ ਪਨੀਰੀ ਦਾ ਘਾਣ ਕਰ ਦਿੱਤਾ। ਇਨ੍ਹਾਂ ਗੁਰਬਾਣੀ ਦੇ ਇਸ ਕਥਨ ‘ਵਖਤੁ ਵੀਚਾਰੇ ਸੁ ਬੰਦਾ ਹੋਇ॥’ ਤੋਂ ਕੁਝ ਨਹੀਂ ਸਿੱਖਿਆ। 5 ਵਾਰ ਮੁੱਖ ਮੰਤਰੀ ਰਹੇ ਅਕਾਲੀ ਆਗੂ ਪ੍ਰਕਾਸ਼ ਸਿੰਘ ਬਾਦਲ, ਸੁਰਜੀਤ ਸਿੰਘ ਬਰਨਾਲਾ, ਕਾਂਗਰਸੀ ਆਗੂ ਗਿਆਨ ਜ਼ੈਲ ਸਿੰਘ, ਦਰਬਾਰਾ ਸਿੰਘ, ਬੇਅੰਤ ਸਿੰਘ ਤੇ ਕੈਪਟਨ ਅਮਰਿੰਦਰ ਸਿੰਘ ਦੇ ਸ਼ਾਸਨ ਵੇਲੇ ਅਕਾਲੀ, ਕਾਂਗਰਸੀ ਪਰਿਵਾਰਾਂ, ਕਾਕਿਆਂ, ਬੀਬੀਆਂ, ਰਿਸ਼ਤੇਦਾਰਾਂ, ਲੰਗੋਟੀਏ ਅਫਸਰਸ਼ਾਹਾਂ ਦੋਹੀਂ ਹੱਥੀਂ ਪੰਜਾਬ ਅਤੇ ਪੰਜਾਬੀਆਂ ਨੂੰ ਲੁੱਟਿਆ। ਨਸ਼ੀਲੇ ਪਦਾਰਥ, ਗੈਂਗਸਟਰਵਾਦ, ਰੇਤ, ਬਜਰੀ, ਕੇਬਲ, ਟਰਾਂਸਪੋਰਟ, ਜ਼ਮੀਨ, ਸ਼ਰਾਬ, ਹਵਾਲਾ ਮਾਫੀਆ ਇਨ੍ਹਾਂ ਦੀ ਕਾਢ ਹਨ। ਨਾਨਕ ਦੇ ਕਿਰਤ ਸਭਿਆਚਾਰ ਦਾ ਭੋਗ ਪਾ ਦਿੱਤਾ ਗਿਆ।

ਇੱਕ ਨੌਜਵਾਨ ਪੀੜ੍ਹੀ ਝੂਠੇ ਪੁਲੀਸ ਮੁਕਾਬਲਿਆਂ ਰਾਹੀਂ, ਦੂਜੀ ਨਸ਼ੀਲੇ ਪਦਾਰਥਾਂ ਅਤੇ ਗੈਂਗਸਟਰਵਾਦ ਰਾਹੀਂ ਮਾਰਨ ਅਤੇ ਤੀਜੀ ਵਿਦੇਸ਼ ਪਰਵਾਸ ਹਵਾਲੇ ਕਰਨ ਲਈ ਇਹ ਅਸਮਰੱਥ ਲੀਡਰ ਜ਼ਿੰਮੇਵਾਰ ਹਨ। ਹੁਣ ਪੰਜਾਬ ਦੀ ਕਿਸਾਨੀ ਨੂੰ ਬਰਬਾਦ ਕਰ ਕੇ ਜ਼ਮੀਨ ਕਾਰਪੋਰੇਟਾਂ ਹਵਾਲੇ ਕਰਨ ਦੀ ਸਾਜਿ਼ਸ਼ ਘੜੀ ਜਾ ਰਹੀ ਹੈ ਪਰ ਪੰਜਾਬ ਦੇ ਲੀਡਰ ਕੋਈ ਰਣਨੀਤੀ ਨਹੀਂ ਘੜ ਰਹੇ।

ਰਾਜ ਦਾ ਮੁੱਖ ਮੰਤਰੀ ਲੋਕਾਂ ਪ੍ਰਤੀ ਜਵਾਬਦੇਹ ਹੁੰਦਾ ਹੈ। ਉਹ ਆਪਣੇ ਮੰਤਰੀ ਮੰਡਲ ਨਾਲ ਮਿਲ ਕੇ ਨੀਤੀਆਂ ਦਾ ਨਿਰਮਾਣ ਕਰਦਾ ਹੈ ਜਿਸ ਨੂੰ ਅਫਸਰਸ਼ਾਹੀ ਲਾਗੂ ਕਰਦੀ ਹੈ। ਭਗਵੰਤ ਮਾਨ ਪੰਜਾਬ ਦਾ ਪਹਿਲਾ ਐਸਾ ਮੁੱਖ ਮੰਤਰੀ ਹੈ ਜਿਸ ਨੇ ਮੁੱਖ ਮੰਤਰੀ, ਸ਼ਾਸਨ, ਨੀਤੀਆਂ ਅਤੇ ਅਮਲ ਦੇ ਹੱਕ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ, ਉਸ ਦੀ ਟੀਮ ਹਵਾਲੇ ਕੀਤੇ ਹੋਏ ਹਨ। ਪੰਜਾਬ ਦੇ ਨਵੇਂ ਇੰਚਾਰਜ ਮੁਨੀਸ਼ ਸਿਸੋਦੀਆ ਅਤੇ ਸਹਿ-ਇੰਚਾਰਜ ਸਤੇਂਦਰ ਜੈਨ ਕਿਸ ਦੇ ਹੁਕਮ ਨਾਲ ਪੰਜਾਬ ਸਰਕਾਰ ਦੇ ਵਿਭਾਗ ਦੇਖ ਰਹੇ ਹਨ? ਦੂਜੇ ਪਾਸੇ ਅਕਾਲੀ ਘਰੋਗੀ ਯੁੱਧ ਵਿਚ ਫਸੇ ਹੋਏ ਹਨ। ਕਾਂਗਰਸ ਪਾਰਟੀ ਦਾ ਵੀ ਇਹੀ ਹਾਲ ਹੈ। ਭਾਜਪਾ ਦਾ ਪ੍ਰਧਾਨ ਸੁਨੀਲ ਜਾਖੜ ਅਸਤੀਫਾ ਦੇ ਚੁੱਕਾ ਹੈ। ਅਜਿਹੇ ਰਾਜਨੀਤਕ ਖਲਾਅ ਵਿਚ ਪੰਜਾਬ ਦਾ ਭਵਿੱਖ ਦਾਅ ’ਤੇ ਹੈ। ਪੰਜਾਬ ਨੂੰ ਸਮਰੱਥ, ਦੂਰ-ਅੰਦੇਸ਼ ਅਤੇ ਗਤੀਸ਼ੀਲ ਲੀਡਰਸ਼ਿਪ ਕਦੋਂ ਮਿਲੇਗੀ?

ਸੰਪਰਕ: 1-289-829-2929

Advertisement