ਕਪਿਲ ਸ਼ਰਮਾ ਨੇ ‘ਕਿਸ ਕਿਸ ਕੋ ਪਿਆਰ ਕਰੂੰ 2’ ਦਾ ਪੋਸਟਰ ਸਾਂਝਾ ਕੀਤਾ
ਨਵੀਂ ਦਿੱਲੀ:
ਅਦਾਕਾਰ ਕਪਿਲ ਸ਼ਰਮਾ ਨੇ ਈਦ ਮੌਕੇ ਸੋਮਵਾਰ ਨੂੰ ਆਪਣੀ ਨਵੀਂ ਫਿਲਮ ‘ਕਿਸ ਕਿਸ ਕੋ ਪਿਆਰ ਕਰੂੰ 2’ ਦਾ ਪੋਸਟਰ ਸਾਂਝਾ ਕੀਤਾ ਹੈ। ਇਹ ਫਿਲਮ ਉਸ ਦੀ ਸਾਲ 2015 ਵਿੱਚ ਆਈ ਫਿਲਮ ‘ਕਿਸ ਕਿਸ ਕੋ ਪਿਆਰ ਕਰੂੰ’ ਦਾ ਹੀ ਸੀਕਵਲ ਹੈ। ਕਪਿਲ ਸ਼ਰਮਾ ਨੇ ਇਸ ਫਿਲਮ ਤੋਂ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਸ ਨੇ ਆਪਣੀ ਨਵੀਂ ਫਿਲਮ ਦੀ ਸ਼ੂਟਿੰਗ ਇਸ ਸਾਲ ਜਨਵਰੀ ਮਹੀਨੇ ਵਿੱਚ ਸ਼ੁਰੂ ਕੀਤੀ ਸੀ। 43 ਸਾਲਾ ਅਦਾਕਾਰ ਨੇ ਇੰਸਟਾਗ੍ਰਾਮ ਦੇ ਆਪਣੇ ਖਾਤੇ ’ਤੇ ਫਿਲਮ ਦਾ ਪੋਸਟਰ ਸਾਂਝਾ ਕੀਤਾ ਹੈ। ਇਸ ਪੋਸਟਰ ਵਿੱਚ ਸ਼ਰਮਾ ਨੇ ਲਾੜੇ ਵਾਲੇ ਕੱਪੜੇ ਪਾਏ ਹੋਏ ਹਨ। ਉਸ ਦੇ ਨਾਲ ਖੜ੍ਹੀ ਅਦਾਕਾਰਾ ਨੇ ਘੁੰਡ ਨਾਲ ਮੂੰਹ ਢਕਿਆ ਹੋਇਆ ਹੈ। ਇਸ ਪੋਸਟ ਨਾਲ ਪਾਈ ਕੈਪਸ਼ਨ ਵਿੱਚ ਅਦਾਕਾਰ ਨੇ ਈਦ ਦੀਆਂ ਵਧਾਈਆਂ ਦਿੱਤੀਆਂ ਹਨ। ‘ਕਿਸ ਕਿਸ ਕੋ ਪਿਆਰ ਕਰੂੰ 2’ ਦਾ ਨਿਰਦੇਸ਼ਨ ਅਨੁਕਲਪ ਗੋਸਵਾਮੀ ਨੇ ਕੀਤਾ ਹੈ, ਜਦੋਂਕਿ ਨਿਰਮਾਤਾ ਰਮਨ ਜੈਨ ਅਤੇ ਗਨੇਸ਼ ਜੈਨ ਵੱਲੋਂ ਵੀਨਸ ਵਲਰਡਵਾਈਡ ਐਂਟਰਟੇਨਮੈਂਟ ਤਹਿਤ ਅੱਬਾਸ ਮਸਤਾਨ ਫਿਲਮ ਪ੍ਰੋਡਕਸ਼ਨ ਦੇ ਸਹਿਯੋਗ ਨਾਲ ਕੀਤਾ ਗਿਆ ਹੈ। ਇਸ ਫਿਲਮ ਵਿੱਚ ਮਨਜੋਤ ਸਿੰਘ ਵੀ ਨਜ਼ਰ ਆਵੇਗਾ। -ਪੀਟੀਆਈ