ਕ੍ਰਿਕਟ ਵਿੱਚ ਅਭਿਨੇਤਾ ਇਲੈਵਨ ਨੇ ਨੇਤਾ ਇਲੈਵਨ ਨੂੰ ਹਰਾਇਆ
ਮੁੰਬਈ:
‘ਟੀਬੀ ਮੁਕਤ ਭਾਰਤ’ ਮੁਹਿੰਮ ਤਹਿਤ ਟੀਬੀ ਤੋਂ ਬਚਾਅ ਲਈ ਜਾਗਰੂਕਤਾ ਪੈਦਾ ਕਰਨ ਵਾਸਤੇ ਇੱਥੇ ਬੌਲੀਵੁੱਡ ਅਦਾਕਾਰਾਂ ਅਤੇ ਸਿਆਸੀ ਆਗੂਆਂ ਵਿਚਾਲੇ ਕ੍ਰਿਕਟ ਮੈਚ ਕਰਵਾਇਆ ਗਿਆ। ਇਸ ਟੀ-20 ਫਰੈਂਡਲੀ ਮੈਚ ਵਿੱਚ ਅਭਿਨੇਤਾ XI ਟੀਮ ਦੀ ਅਗਵਾਈ ਸੁਨੀਲ ਸ਼ੈੱਟੀ ਨੇ ਕੀਤੀ ਜਦੋਂਕਿ ਨੇਤਾ XI ਟੀਮ ਦੇ ਕਪਤਾਨ ਭਾਜਪਾ ਦੇ ਸੰਸਦ ਮੈਂਬਰ ਅਨੁਰਾਗ ਠਾਕੁਰ ਸਨ। ਇਸ ਦੌਰਾਨ ਅਭਿਨੇਤਾ ਟੀਮ ਨੇ ਨੇਤਾ ਟੀਮ ਨੂੰ ਹਰਾ ਕੇ ਜਿੱਤ ਦਰਜ ਕੀਤੀ। ਸੁਨੀਲ ਸ਼ੈੱਟੀ ਨੇ ਕਿਹਾ ਕਿ ਹੁਣ ਤਕ ਇਹ ਮੰਨਿਆ ਜਾਂਦਾ ਰਿਹਾ ਸੀ ਕਿ ਨੇਤਾ ਲੋਕ ਕੁੜਤੇ ਪਾਉਂਦੇ ਹਨ ਤੇ ਆਪਣੇ ਦਿਮਾਗ ਚਲਾਉਂਦੇ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਨੇਤਾ ਦਿਮਾਗੀ ਤੌਰ ’ਤੇ ਹੀ ਤੰਦਰੁਸਤ ਨਹੀਂ ਬਲਿਕ ਸਰੀਰਕ ਤੌਰ ’ਤੇ ਵੀ ਤੰਦਰੁਸਤ ਹਨ। ਅਦਾਕਾਰ ਨੇ ਕਿਹਾ ਕਿ ਨਵੇਂ ਭਾਰਤ ਵਿੱਚ ਕਈ ਸੰਸਦ ਮੈਂਬਰ ਅਥਲੀਟ ਹਨ। ਇਸ ਮੈਚ ਨਾਲ ਇਹ ਸੁਨੇਹਾ ਜਾਵੇਗਾ ਕਿ ਸਹੀ ਇਲਾਜ ਕਰਵਾਉਣ ਨਾਲ ਟੀਬੀ ਦੀ ਬਿਮਾਰੀ ਤੋਂ ਰਾਹਤ ਪਾਈ ਜਾ ਸਕਦੀ ਹੈ। ਇਸ ਮੌਕੇ ਗੱਲਬਾਤ ਕਰਦਿਆਂ ਸ੍ਰੀ ਠਾਕੁਰ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੇ ਜਿਸ ਤਰ੍ਹਾਂ ਗੇਂਦ ਨੂੰ ਮੈਦਾਨ ਤੋਂ ਬਾਹਰ ਸੁੱਟਿਆ ਹੈ, ਉਸੇ ਤਰ੍ਹਾਂ ਟੀਬੀ ਦੀ ਬਿਮਾਰੀ ਨੂੰ ਭਾਰਤ ਤੋਂ ਬਾਹਰ ਸੁੱਟਿਆ ਜਾ ਸਕਦਾ ਹੈ। ਨੇਤਾ XI ਦੀ ਟੀਮ ਵਿੱਚ ਕੈਪਟਨ ਠਾਕੁਰ ਤੋਂ ਇਲਾਵਾ ਕਮਲੇਸ਼ ਪਾਸਵਾਨ, ਰਾਮ ਮੋਹਨ ਨਾਇਡੂ, ਮਨੋਜ ਤਿਵਾੜੀ, ਮੁਹੰਮਦ ਅਜ਼ਹਰੂਦੀਨ, ਇਰਫਾਨ ਪਠਾਨ, ਸ੍ਰੀਕਾਂਤ ਛਿੰਦੇ, ਲਵੂ ਸ੍ਰੀ ਕ੍ਰਿਸ਼ਨਾ, ਦੀਪੇਂਦਰ ਹੁੱਡਾ, ਗੁਰਮੀਤ ਹੇਅਰ, ਕੇ ਸੁਧਾਕਰ ਅਤੇ ਚੰਦਰ ਸ਼ੇਖਰ ਆਜ਼ਾਦ ਸ਼ਾਮਲ ਸਨ। ਦੂਜੇ ਪਾਸੇ, ਅਭਿਨੇਤਾ 11 ਟੀਮ ’ਚ ਸ਼ੈੱਟੀ ਸਣੇ ਸੁਹੇਲ ਖਾਨ, ਸ਼ਰਦ ਕੇਲਕਰ, ਰਾਜਾ ਭੇਰਵਾਨੀ, ਸ਼ਬੀਰ ਆਹਲੂਵਾਲੀਆ, ਫਰੈਡੀ ਦਾਰੂਵਾਲਾ, ਸ਼ਮੀਰ ਕੋਚਰ, ਨਵਦੀਪ ਤੋਮਰ, ਸਨੀ ਦਿਓਲ, ਅਭਿਸ਼ੇਕ ਕਪੂਰ, ਸਿਧਾਰਥ ਜਾਦਵ ਅਤੇ ਮੁਦੱਸਰ ਭੱਟ ਸ਼ਾਮਲ ਸਨ। -ਏਐੱਨਆਈ