ਅਕਾਲੀ ਦਲ ਦੀ ਭਰਤੀ ਸਬੰਧੀ ਆਗੂਆਂ ਤੇ ਵਰਕਰਾਂ ਦੀ ਮੀਟਿੰਗ
ਦਿੜ੍ਹਬਾ ਮੰਡੀ, 27 ਮਾਰਚ
ਅਕਾਲ ਤਖ਼ਤ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦੀ ਭਰਤੀ ਸਬੰਧੀ ਬਣਾਈ ਗਈ ਭਰਤੀ ਕਮੇਟੀ ਦੁਆਰਾ ਸ਼ੁਰੂ ਕੀਤੀ ਗਈ ਭਰਤੀ ਮੁਹਿੰਮ ਤਹਿਤ ਸ਼੍ਰੋਮਣੀ ਅਕਾਲੀ ਦਲ ਹਲਕਾ ਦਿੜ੍ਹਬਾ ਦੇ ਅਕਾਲੀ ਆਗੂਆਂ ਤੇ ਵਰਕਰਾਂ ਦੀ ਵਿਸ਼ੇਸ਼ ਮੀਟਿੰਗ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਦਿੜ੍ਹਬਾ ਵਿਖੇ ਹੋਈ, ਜਿਸ ਵਿੱਚ ਵਿਧਾਨ ਸਭਾ ਹਲਕਾ ਦਿੜ੍ਹਬਾ ਦੇ 55 ਦੇ ਕਰੀਬ ਪਿੰਡਾਂ ਵਿੱਚੋਂ ਆਗੂਆਂ ਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਲਦੇਵ ਸਿੰਘ ਮਾਨ ਨੇ ਕਿਹਾ ਕਿ ਆਪਸੀ ਧੜੇਬੰਦੀ ਕਾਰਨ ਸ਼੍ਰੋਮਣੀ ਅਕਾਲੀ ਦਲ ਦਾ ਬਹੁਤ ਨੁਕਸਾਨ ਹੋਇਆ ਹੈ, ਜਿਸ ਕਰਕੇ ਕਮੇਟੀ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਆਪਸੀ ਮਤਭੇਦ ਭੁਲਾ ਕੇ ਇਕੱਠੇ ਹੋਣ ਦੀ ਲੋੜ ਹੈ। ਪੰਜਾਬ ਰਾਜ ਬਿਜਲੀ ਨਿਗਮ ਦੇ ਸਾਬਕਾ ਪ੍ਰਬੰਧਕੀ ਮੈਂਬਰ ਜਥੇਦਾਰ ਗੁਰਬਚਨ ਸਿੰਘ ਬਚੀ ਅਤੇ ਸੀਨੀਅਰ ਆਗੂ ਕਰਨ ਘੁਮਾਣ ਕਨੇਡਾ ਨੇ ਵੀ ਪਾਰਟੀ ਵਰਕਰਾਂ ਨੂੰ ਪਾਰਟੀ ਦੀ ਮਜ਼ਬੂਤੀ ਲਈ ਪੂਰੀ ਤਨਦੇਹੀ ਨਾਲ ਕੰਮ ਕਰਨ ਅਤੇ ਪਾਰਟੀ ਵੱਲੋਂ ਆਰੰਭ ਕੀਤੀ ਨਵੀਂ ਭਰਤੀ ਤਹਿਤ ਪਾਰਟੀ ਨਾਲ ਵੱਧ ਤੋਂ ਵੱਧ ਮੈਂਬਰ ਜੋੜਨ ਦੀ ਲੋੜ ’ਤੇ ਜ਼ੋਰ ਦਿੱਤਾ। ਸੀਨੀਅਰ ਆਗੂ ਰਣਧੀਰ ਸਿੰਘ ਸਮੁੰਰਾਂ ਨੇ ਦੱਸਿਆ ਕਿ 29 ਮਾਰਚ ਨੂੰ ਕੈਲੇਫੋਰਨੀਆ ਪੈਲਿਸ ਸੰਗਰੂਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਦਾ ਆਗਾਜ਼ ਕੀਤਾ ਜਾਵੇਗਾ, ਜਿਸ ਵਿੱਚ ਵੱਡਾ ਇਕੱਠ ਹੋਵੇਗਾ।
ਇਸ ਮੌਕੇ ਮਾਸਟਰ ਬਲਵਿੰਦਰ ਸਿੰਘ ਕੌਹਰੀਆਂ, ਨਾਜਰ ਸਿੰਘ ਖਾਨਪੁਰ, ਜੀਤ ਜਨਾਲ, ਤੇਜਾ ਸਿੰਘ ਕਮਾਲਪੁਰ, ਹਰਦੇਵ ਸਿੰਘ ਰੋਗਲਾ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ। ਮੀਟਿੰਗ ਵਿੱਚ ਹਰਜਿੰਦਰ ਸਿੰਘ ਢੰਡੋਲੀਕਲਾਂ, ਭੁਪਿੰਦਰ ਸਿੰਘ ਘੁਮਾਣ, ਹਰਦੇਵ ਸਿੰਘ ਗੁੱਜਰਾਂ, ਗੁਰਦੀਪ ਸਿੰਘ ਛਾਹੜ, ਸੁਖਦੇਵ ਸਿੰਘ ਚੱਠਾ, ਸੰਗਾਰਾ ਸਿੰਘ ਖਡਿਆਲ, ਸੁਖਦੇਵ ਸਿੰਘ ਛਾਹੜ ਅਤੇ ਭਰਪੂਰ ਸਿੰਘ ਛਾਜਲੀ ਹਾਜ਼ਰ ਸਨ।