ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੀਰਾ

11:42 AM Nov 26, 2023 IST

ਨੀਲਮ ਹਰੀਸ਼ ਦੋਸ਼ੀ
ਬਚਪਨ ’ਚ ਮੀਰਾ ਜਦੋਂ ਉੱਡਦੇ ਹੋਏ ਜਹਾਜ਼ ਨੂੰ ਵੇਖਦੀ ਸੀ ਤਾਂ ਉਹਦੀਆਂ ਨੰਨ੍ਹੀਆਂ ਅੱਖਾਂ ’ਚ ਹੈਰਾਨੀ ਝਲਕ ਉੱਠਦੀ ਸੀ ਕਿ ਐਡੇ ਛੋਟੇ ਜਹਾਜ਼ ’ਚ ਲੋਕ ਕਿਵੇਂ ਰਹਿੰਦੇ ਹੋਣਗੇ, ਕੀ ਡਰ ਨਹੀਂ ਲੱਗਦਾ ਹੋਵੇਗਾ! ਵੱਡੀ ਹੋਣ ਤੱਕ ਹਵਾਈ ਜਹਾਜ਼ ’ਚ ਬੈਠਣ ਦਾ ਤਾਂ ਉਹਨੂੰ ਕਦੇ ਸੁਪਨਾ ਵੀ ਨਹੀਂ ਸੀ ਆਇਆ ਪਰ ਜਿਹੜੀ ਗੱਲ ਦਾ ਕਦੇ ਸੁਪਨਾ ਵੀ ਨਹੀਂ ਸੀ ਦੇਖਿਆ, ਉਹ ਅੱਜ ਸੱਚ ਹੋ ਗਈ ਸੀ। ਸਮੇਂ ਨੇ ਕੁਝ ਅਜਿਹੀ ਕਰਵਟ ਲਈ ਸੀ ਕਿ ਉਹ ਜਹਾਜ਼ ’ਚ ਬੈਠ ਕੇ ਸੱਤ ਸਮੁੰਦਰ ਪਾਰ ਜਾ ਰਹੀ ਸੀ। ਇਹੀ ਇੱਕ ਸੱਚ ਸੀ, ਬਾਕੀ ਸਭ ਝੂਠ। ਵੈਸੇ ਅਜਿਹਾ ਤਾਂ ਕਹਾਣੀਆਂ ਜਾਂ ਫਿਲਮਾਂ ਵਿੱਚ ਹੁੰਦਾ ਹੈ ਕਿ ਕੋਈ ਰਾਜਕੁਮਾਰ ਆ ਕੇ ਕਿਸੇ ਗ਼ਰੀਬ ਘਰ ਦੀ ਕੁੜੀ ਨੂੰ ਵਿਆਹ ਕੇ ਲੈ ਜਾਵੇ, ਪਰ ਇੱਥੇ ਤਾਂ ਸੱਚਮੁੱਚ ਹੀ ਉਹਦੇ ਜੀਵਨ ਵਿੱਚ ਇਹ ਹੋਇਆ ਸੀ।
ਕਾਲਜ ਦੀ ਪੜ੍ਹਾਈ ਪੂਰੀ ਹੁੰਦਿਆਂ ਹੀ ਅੰਗਦ ਉਹਦੀ ਜ਼ਿੰਦਗੀ ’ਚ ਕਿਧਰੋਂ ਆ ਗਿਆ ਸੀ। ਉਹਦੀ ਇੱਕ ਦੂਰ ਦੀ ਰਿਸ਼ਤੇਦਾਰ ਨੇ ਅੰਗਦ ਨੂੰ ਵਿਖਾਇਆ ਸੀ ਅਤੇ ਉਹ ਅੰਗਦ ਨੂੰ ਪਸੰਦ ਆ ਗਈ ਸੀ। ਸਭ ਕੁਝ ਇੰਨੀ ਛੇਤੀ ਹੋਇਆ ਸੀ ਕਿ ਸੋਚਣ ਦਾ ਕੋਈ ਮੌਕਾ ਹੀ ਨਹੀਂ ਸੀ ਮਿਲਿਆ। ਘਰ ਵਾਲਿਆਂ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਸੀ। ਬਿਨਾਂ ਕਿਸੇ ਲੈਣ-ਦੇਣ ਦੇ ਧੀ ਨੂੰ ਅਜਿਹਾ ਵਰ ਘਰ ਮਿਲਿਆ। ਕਿਸੇ ਗ਼ਰੀਬ ਮਾਪਿਆਂ ਨੂੰ ਇਸ ਤੋਂ ਵੱਧ ਹੋਰ ਕੀ ਚਾਹੀਦਾ ਹੈ? ਧੀ ਰਾਜ ਕਰੇਗੀ। ਇੱਕ ਹਫ਼ਤੇ ਵਿੱਚ ਹੀ ਝੱਟ ਮੰਗਣੀ ਪਟ ਵਿਆਹ ਹੋ ਗਿਆ।
ਅੰਗਦ ਜ਼ਿਆਦਾ ਰੁਕ ਨਹੀਂ ਸੀ ਸਕਦਾ। ਵਿਆਹ ਦੇ ਦੂਸਰੇ ਦਿਨ ਹੀ ਉਸ ਨੂੰ ਵਿਦੇਸ਼ ਜਾਣਾ ਪਿਆ। ਮੀਰਾ ਦੇ ਸਾਰੇ ਦਸਤਾਵੇਜ਼ ਤਿਆਰ ਕਰਨੇ ਸਨ। ਵੀਜ਼ਾ ਜੋ ਲੈਣਾ ਸੀ ਸੋ ਜਾਣ ’ਚ ਥੋੜ੍ਹਾ ਸਮਾਂ ਤਾਂ ਲੱਗਣਾ ਹੀ ਸੀ। ਮੀਰਾ ਓਨੇ ਦਿਨ ਸੱਸ ਸਹੁਰੇ ਕੋਲ ਹੀ ਰਹੀ। ਬਜ਼ੁਰਗ ਸੱਸ ਸਹੁਰਾ ਬਹੁਤ ਚੰਗੇ ਸਨ। ਫਿਰ ਥੋੜ੍ਹੇ ਦਿਨਾਂ ਬਾਅਦ ਹੀ ਮੀਰਾ ਨੂੰ ਜਾਣਾ ਪਿਆ। ਅੱਖਾਂ ਵਿੱਚ ਸੁਪਨੇ ਭਰ ਕੇ ਮੀਰਾ ਅੱਜ ਜਹਾਜ਼ ’ਚ ਉੱਡ ਰਹੀ ਸੀ। ਉਸ ਨੇ ਜੋ ਸੁਪਨਾ ਦੇਖਿਆ ਵੀ ਨਹੀਂ ਸੀ ਅੱਜ ਉਹ ਹਕੀਕਤ ਬਣ ਗਿਆ ਸੀ। ਹਵਾਈ ਜਹਾਜ਼ ’ਚ ਬੈਠਿਆਂ ਉਸ ਨੇ ਅੱਜ ਪਹਿਲੀ ਵਾਰ ਕੁਝ ਰੰਗੀਨ ਸੁਪਨੇ ਵੇਖਣੇ ਸ਼ੁਰੂ ਕੀਤੇ।
ਸ਼ਿਕਾਗੋ ਦੇ ਓਹੋਰ ਹਵਾਈ ਅੱਡੇ ਉੱਤੇ ਅੰਗਦ ਉਹਨੂੰ ਲੈਣ ਆਇਆ ਸੀ। ਉਹਦੇ ਨਾਲ ਉਸ ਦੀ ਇੱਕ ਦੋਸਤ ਵੀ ਸੀ। ਅੰਗਦ ਨੇ ਉਹਦੀ ਜਾਣ-ਪਛਾਣ ਕਰਵਾਈ।
‘‘ਮੀਰਾ, ਇਹ ਮੇਰੀ ਦੋਸਤ ਮੇਰੀਅਨ ਅਤੇ ਮੇਰੀਅਨ, ਇਹ ਹੈ ਮੀਰਾ।’’ ਵਿਦੇਸ਼ਾਂ ਵਿੱਚ ਤਾਂ ਇਹ ਸਭ ਸਹਿਜ ਹੈ, ਅਜਿਹਾ ਮੀਰਾ ਨੇ ਸੁਣਿਆ ਹੋਇਆ ਸੀ। ਇਸ ਲਈ ਉਹਨੂੰ ਕੋਈ ਬੁਰਾ ਨਹੀਂ ਲੱਗਿਆ। ਹੱਸ ਕੇ ਉਹਨੇ ਮੇਰੀਅਨ ਨਾਲ ਹੱਥ ਮਿਲਾਇਆ। ਮੇਰੀਅਨ, ਮੀਰਾ ਦੀ ਦਿਲਕਸ਼ ਸੁੰਦਰਤਾ ਵੇਖ ਕੇ ਹੈਰਾਨ ਰਹਿ ਗਈ ਸੀ। ਤਿੰਨੇ ਇਕੱਠੇ ਹੀ ਘਰ ਪਹੁੰਚੇ। ਨਵੀਂ ਦੁਲਹਨ ਦਾ ਸੁਆਗਤ ਤਾਂ ਇੱਥੇ ਕਿਸ ਨੇ ਕਰਨਾ ਸੀ। ਮੀਰਾ ਨੇ ਇੰਝ ਹੀ ਘਰ ’ਚ ਪ੍ਰਵੇਸ਼ ਕੀਤਾ। ਅੰਗਦ ਨੇ ਬਾਹਰੋਂ ਕੁਝ ਮੰਗਵਾ ਕੇ ਰੱਖਿਆ ਹੋਇਆ ਸੀ। ਮੀਰਾ ਨੂੰ ਅੰਗਦ ਦੀਆਂ ਗੱਲਾਂ ’ਚੋਂ ਨਿੱਘ ਦੀ ਘਾਟ ਮਹਿਸੂਸ ਹੋਈ। ਸ਼ਾਇਦ ਮੇਰੀਅਨ ਦੀ ਮੌਜੂਦਗੀ ਕਰਕੇ ਹੋਇਆ ਹੋਵੇਗਾ, ਇਹ ਸੋਚ ਕੇ ਮੀਰਾ ਕੁਝ ਨਾ ਬੋਲੀ। ਖਾਣਾ ਖਾਣ ਤੋਂ ਬਾਅਦ ਅੰਗਦ ਨੇ ਮੀਰਾ ਨੂੰ ਇੱਕ ਕਮਰਾ ਦਿਖਾ ਕੇ ਕਿਹਾ, ‘‘ਮੀਰਾ, ਅੱਜ ਤੋਂ ਇਹ ਤੇਰਾ ਕਮਰਾ।’’
‘‘ਮੇਰਾ...’’ ਮੀਰਾ ਕੁਝ ਨਾ ਸਮਝੀ। ਉਸ ਨੇ ਅੰਗਦ ਵੱਲ ਵੇਖਿਆ। ਮੀਰਾ ਦੀਆਂ ਅੱਖਾਂ ’ਚ ਤੈਰਦਾ ਸੁਆਲ ਅੰਗਦ ਸਮਝ ਰਿਹਾ ਸੀ। ਹੁਣ ਸਪੱਸ਼ਟ ਕਰਨ ਦਾ ਵੇਲਾ ਆ ਗਿਆ ਸੀ।
‘‘ਦੇਖ ਮੀਰਾ, ਮੇਰੀਅਨ ਮੇਰੀ ਦੋਸਤ ਹੀ ਨਹੀਂ ਸਗੋਂ ਪ੍ਰੇਮਿਕਾ ਵੀ ਹੈ। ਅਸੀਂ ਦੋਵੇ ਇੱਕ ਸਾਲ ਤੋਂ ਇਕੱਠੇ ਰਹਿ ਰਹੇ ਹਾਂ। ਮੈਨੂੰ ਪਤਾ ਹੈ ਕਿ ਤੈਨੂੰ ਚੰਗਾ ਨਹੀਂ ਲੱਗਣਾ। ਪਰ ਕੀ ਕਰਾਂ... ਤੇਰੇ ਨਾਲ ਵਿਆਹ ਕਰਨਾ ਮੇਰੀ ਮਜਬੂਰੀ ਸੀ। ਮੇਰੀ ਮਾਤਾ-ਪਿਤਾ ਨੇ ਸ਼ਰਤ ਰੱਖੀ ਸੀ ਕਿ ਜੇਕਰ ਮੈਂ ਕਿਸੇ ਭਾਰਤੀ ਕੁੜੀ ਨਾਲ ਸ਼ਾਦੀ ਕਰਾਂਗਾ ਤਾਂ ਹੀ ਉਨ੍ਹਾਂ ਦੀ ਜਾਇਦਾਦ ਮੈਨੂੰ ਮਿਲੇਗੀ। ਇਸ ਲਈ ਮੈਨੂੰ ਤੇਰੇ ਨਾਲ ਵਿਆਹ ਕਰਨਾ ਪਿਆ। ਉਨ੍ਹਾਂ ਨੂੰ ਮੇਰੀਅਨ ਬਾਰੇ ਕੁਝ ਨਹੀਂ ਪਤਾ। ਵੈਸੇ ਤਾਂ ਮੈਨੂੰ ਪਹਿਲੇ ਹੀ ਦਿਨ ਇਹ ਸਭ ਕੁਝ ਤੈਨੂੰ ਨਹੀਂ ਦੱਸਣਾ ਚਾਹੀਦਾ ਸੀ, ਪਰ ਮੇਰੀਅਨ ਨੇ ਕਿਹਾ ਸੀ ਕਿ ਮੈਨੂੰ ਅੱਜ ਹੀ ਦੱਸਣਾ ਪਵੇਗਾ। ਮੁਆਫ਼ ਕਰਨਾ, ਪਰ ਮੇਰੇ ਕੋਲ ਹੋਰ ਕੋਈ ਚਾਰਾ ਨਹੀਂ ਸੀ।’’ ਮੇਰੀਅਨ ਸਾਹਮਣੇ ਬੈਠੀ ਸਭ ਕੁਝ ਸੁਣ ਰਹੀ ਸੀ। ਅੰਗਦ ਦੇ ਨਾਲ ਰਹਿੰਦਿਆਂ ਉਹ ਭਾਸ਼ਾ ਸਮਝਣ ਲੱਗੀ ਸੀ ਅਤੇ ਥੋੜ੍ਹਾ ਬਹੁਤ ਬੋਲ ਵੀ ਲੈਂਦੀ ਸੀ। ਮੇਰੀਅਨ ਸਾਹਮਣੇ ਬੈਠੀ ਸਭ ਕੁਝ ਦੇਖ ਰਹੀ ਸੀ। ਹੁਣ ਮੀਰਾ ਕੀ ਕਰੇਗੀ...। ਥੋੜ੍ਹਾ ਚਿਰ ਮੀਰਾ ਕੁਝ ਬੋਲ ਨਾ ਸਕੀ। ਬੱਸ ਇੱਕ ਚੁੱਪ। ਮੀਰਾ ਦਾ ਵੈਸੇ ਜ਼ੋਰ-ਜ਼ੋਰ ਦੀ ਚੀਕਾਂ ਮਾਰਨ ਨੂੰ ਦਿਲ ਕਰ ਰਿਹਾ ਸੀ, ਪਰ ਇੱਥੇ ਕੌਣ ਸੁਣੇਗਾ?
ਜਿਸ ਨੂੰ ਆਪਣਾ ਸਮਝ ਕੇ, ਜਿਸ ਦੇ ਸਹਾਰੇ ਇੱਥੇ ਆਈ ਸੀ ਉਹ ਤਾਂ ਖ਼ੁਦ ਹੀ ਬਿਗਾਨਾ ਸੀ। ਰੋਣ ਦਾ ਕੋਈ ਮਤਲਬ ਹੀ ਨਹੀਂ ਸੀ। ਇਸ ਆਦਮੀ ਨੇ ਪੈਸਿਆਂ ਦੀ ਖਾਤਰ ਇੱਕ ਕੁੜੀ ਦੀ ਜ਼ਿੰਦਗੀ ਦਾਅ ’ਤੇ ਲਾ ਦਿੱਤੀ ਸੀ। ਕੀ ਕਰ ਸਕਦੀ ਹੈ ਹੁਣ ਉਹ... ਥੋੜ੍ਹਾ ਚਿਰ ਚੁੱਪ ਵਰਤੀ ਰਹੀ। ਫਿਰ ਮੀਰਾ ਨੇ ਹੌਲੀ ਜਿਹੀ ਪੁੱਛਿਆ, ‘‘ਮੈਂ ਹੁਣ ਕੀ ਕਰਾ?’’ ‘‘ਦੇਖ ਮੀਰਾ, ਮੈਂ ਕੋਈ ਇੰਨਾ ਬੁਰਾ ਆਦਮੀ ਨਹੀਂ ਹਾਂ। ਤੈਨੂੰ ਦੁਖੀ ਕਰਨ ਦਾ ਮੇਰਾ ਕੋਈ ਇਰਾਦਾ ਵੀ ਨਹੀਂ ਹੈ ਅਤੇ ਮੈਂ ਇਹ ਗੱਲ ਵੀ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਤੇਰੇ ਲਈ ਇਸ ਤੋ ਜ਼ਿਆਦਾ ਦੁੱਖ ਦੀ ਗੱਲ ਹੋਰ ਕੋਈ ਨਹੀਂ ਹੋ ਸਕਦੀ। ਮੈਨੂੰ ਮੁਆਫ ਕਰ ਦੇਵੀਂ। ਮੇਰਾ ਪਿਆਰ ਮੇਰੀ ਮਜਬੂਰੀ ਹੈ। ਤੂੰ ਇੱਥੇ ਆਰਾਮ ਨਾਲ ਰਹਿ ਸਕਦੀ ਏਂ। ਤੈਨੂੰ ਇੱਥੇ ਕੋਈ ਤਕਲੀਫ਼ ਨਹੀਂ ਹੋਵੇਗੀ, ਪਰ ਸਾਡੇ ਵਿੱਚ ਪਤੀ-ਪਤਨੀ ਵਾਲਾ ਕੋਈ ਸਬੰਧ ਨਹੀਂ ਰਹੇਗਾ। ਤੂੰ ਭੁੱਲ ਜਾਵੀਂ ਕਿ ਮੈਂ ਤੇਰਾ ਪਤੀ ਹਾਂ ਅਤੇ ਮੈਂ ਵੀ ਭੁੱਲ ਜਾਵਾਂਗਾ ਕਿ ਮੈਂ ਤੇਰਾ ਪਤੀ ਹਾਂ। ਅਸੀਂ ਦੋਸਤ ਦੀ ਹੈਸੀਅਤ ’ਚ ਇਕੱਠੇ ਰਹਾਂਗੇ। ਦੋ ਸਾਲ ਬਾਅਦ ਤੂੰ ਵਾਪਸ ਜਾਣਾ ਚਾਹੇਂ ਤਾਂ ਜਾ ਸਕਦੀ ਏਂ। ਮੇਰੇ ਮਾਤਾ-ਪਿਤਾ ਦੀ ਸ਼ਰਤ ਸਿਰਫ਼ ਦੋ ਸਾਲ ਲਈ ਹੀ ਹੈ। ਫਿਰ ਮੈਨੂੰ ਉਨ੍ਹਾਂ ਦੀ ਜਾਇਦਾਦ ਮਿਲ ਜਾਵੇਗੀ ਅਤੇ ਫਿਰ ਤੂੰ ਚਾਹੇਂ ਤਾਂ ਦੂਜਾ ਵਿਆਹ ਵੀ ਕਰ ਸਕਦੀ ਏਂ।’’
ਮੀਰਾ ਦੇ ਮਨ ਵਿੱਚ ਸਵਾਲ ਉੱਠਿਆ, ‘ਵਿਆਹ ਤੋਂ ਬਾਅਦ ਇੱਕ ਰਾਤ ਜੋ ਅਸੀਂ ਇਕੱਠੇ ਗੁਜ਼ਾਰੀ ਸੀ, ਉਸ ਦਾ ਕੀ?’ ਉਸ ਦੇ ਮਨ ’ਚ ਆਇਆ ਕਿ ਅੰਗਦ ਨੂੰ ਝੰਜੋੜ ਕੇ ਇਸ ਗੱਲ ਦਾ ਜਵਾਬ ਪੁੱਛੇ ਕਿ ਕੀ ਮੇਰਾ ਕੁਆਰਾਪਣ ਵਾਪਸ ਮੋੜ ਸਕਦਾ ਏ। ਪਰ ਕੋਈ ਫ਼ਾਇਦਾ ਨਹੀਂ ਸੀ। ਉਹਨੇ ਸਬਰ ਰੱਖਦਿਆਂ ਪੁੱਛਿਆ, ‘‘ਤੇ ਇੱਥੇ ਰਹਿ ਕੇ ਮੈਂ ਕੀ ਕਰਾਂਗੀ?’’
‘‘ਕੁਝ ਨਹੀਂ। ਮੈਂ ਤੇ ਮੇਰੀਅਨ ਵੀ ਇੱਥੇ ਰਹਾਂਗੇ ਕਿਉਂਕਿ ਇਸ ਕੋਲ ਆਪਣਾ ਕੋਈ ਘਰ ਨਹੀਂ। ਤੂੰ ਆਪਣੇ ਢੰਗ ਨਾਲ ਇੱਥੇ ਰਹਿ ਸਕਦੀ ਏਂ। ਜੋ ਜੀਅ ’ਚ ਆਵੇ ਕਰੀਂ ਅਤੇ ਖ਼ੁਸ਼ ਰਹੀਂ।’’ ਅੰਗਦ ਨੇ ਉਦਾਰਤਾ ਵਿਖਾਉਂਦਿਆਂ ਕਿਹਾ। ਮੀਰਾ ਦੋ ਤਿੰਨ ਮਿੰਟ ਚੁੱਪ ਰਹੀ ਅਤੇ ਫਿਰ ਉੱਚੀ-ਉੱਚੀ ਹੱਸ ਪਈ। ਅੰਗਦ ਬੁੱਤ ਬਣਿਆ ਉਹਨੂੰ ਹੱਸਦਿਆਂ ਵੇਖਦਾ ਰਹਿ ਗਿਆ, ‘ਇਹ ਔਰਤ ਪਾਗਲ ਤਾਂ ਨਹੀਂ, ਰੋਣ ਦੀ ਬਜਾਏ ਹੱਸਦੀ ਏ...?’ ਉਸ ਨੇ ਤਾਂ ਸੋਚਿਆ ਸੀ ਕਿ ਮੇਰੀਅਨ ਬਾਰੇ ਸੁਣਦਿਆਂ ਹੀ ਉਹ ਇੱਕ ਭਾਰਤੀ ਔਰਤ ਵਾਂਗ ਰੋਣ ਲੱਗ ਪਵੇਗੀ, ਬੁਰਾ ਭਲਾ ਕਹੇਗੀ। ਮੇਰੀਅਨ ਨੂੰ ਵੀ ਕੁਝ ਸੁਣਾਏਗੀ, ਪਰ ਇਸ ਨੂੰ ਤਾਂ ਜਿਵੇਂ ਕੋਈ ਅਸਰ ਵੀ ਨਹੀਂ ਹੋਇਆ। ਮੇਰੀਅਨ ਨੂੰ ਵੀ ਕੁਝ ਹੈਰਾਨੀ ਹੋਈ। ਅੰਗਦ ਨੇ ਤਾਂ ਉਸ ਨੂੰ ਕੁਝ ਹੋਰ ਹੀ ਕਿਹਾ ਸੀ। ਅੰਗਦ ਤੋਂ ਰਿਹਾ ਨਾ ਗਿਆ। ਉਹਨੇ ਪੁੱਛਿਆ, ‘‘ਤੈਨੂੰ ਇਹ ਗੱਲ ਸੁਣ ਕੇ ਦੁੱਖ ਨਹੀਂ ਹੋਇਆ? ਹਾਸਾ ਕਿਉਂ ਆਇਆ?’’
‘‘ਸੱਚੀ ਗੱਲ ਦੱਸਾਂ...?’’ ਅੰਗਦ ਮੀਰਾ ਵੱਲ ਵੇਖਣ ਲੱਗਾ। ‘‘ਤੁਸੀਂ ਤਾਂ ਮੇਰੀ ਸਮੱਸਿਆ ਹੀ ਹੱਲ ਕਰ ਦਿੱਤੀ। ਅੰਗਦ, ਸੱਚੀ ਗੱਲ ਤਾਂ ਇਹ ਹੈ ਕਿ ਵਿਆਹ ਤੋਂ ਪਹਿਲਾਂ ਮੈਂ ਕਿਸੇ ਹੋਰ ਨਾਲ ਪਿਆਰ ਕਰਦੀ ਸੀ। ਇਹ ਵਿਆਹ ਮੇਰੀ ਇੱਛਾ ਦੇ ਉਲਟ ਹੋਇਆ ਹੈ। ਮੇਰੇ ਪ੍ਰੇਮੀ ਮਾਘਵ ਦੀ ਪੜ੍ਹਾਈ ਪੂਰੀ ਹੋਣ ’ਚ ਅਜੇ ਦੋ ਸਾਲ ਬਾਕੀ ਹਨ। ਇਸ ਲਈ ਕਿਸੇ ਵੀ ਤਰ੍ਹਾਂ ਮੈਂ ਵੀ ਦੋ ਸਾਲ ਦਾ ਇੰਤਜ਼ਾਰ ਕਰਨਾ ਹੀ ਸੀ। ਮੈਂ ਤਾਂ ਉਲਝਣ ਵਿੱਚ ਫਸੀ ਹੋਈ ਸਾਂ, ਪਰ ਤੁਸੀਂ ਤਾਂ ਮੇਰੀ ਉਲਝਣ ਆਸਾਨ ਕਰ ਦਿੱਤੀ। ਸ਼ੁਕਰੀਆ ਅੰਗਦ, ਇਹ ਤਾਂ ਬਹੁਤ ਚੰਗੀ ਗੱਲ ਹੋਈ। ਅਸੀਂ ਦੋਵੇਂ ਇੱਕੋ ਕਿਸ਼ਤੀ ਦੇ ਮੁਸਾਫ਼ਿਰ ਨਿਕਲੇ।’’
‘‘ਕੀ? ਕੀ ਤੂੰ ਸੱਚ ਕਹਿੰਦੀ ਏਂ?’’ ਅੰਗਦ ਨੂੰ ਜਿਵੇਂ ਵਿਸ਼ਵਾਸ ਹੀ ਨਹੀਂ ਹੋਇਆ। ਪਤਾ ਨਹੀਂ ਕਿਉਂ ਉਸ ਨੂੰ ਇਹ ਸੁਣਨਾ ਚੰਗਾ ਨਹੀਂ ਲੱਗਾ।
‘‘ਇਹਦੇ ’ਚ ਹੈਰਾਨ ਹੋਣ ਵਾਲੀ ਗੱਲ ਕਿਹੜੀ ਏ? ਜੇਕਰ ਅਜਿਹਾ ਨਾ ਹੁੰਦਾ ਤਾਂ ਪਹਿਲੇ ਹੀ ਦਿਨ ਪਤੀ ਦੀ ਅਜਿਹੀ ਗੱਲ ਸੁਣ ਕੇ ਕਿਹੜੀ ਪਤਨੀ ਹੈ ਜੋ ਹੰਝੂ ਨਾ ਵਹਾਏ।’’
‘‘ਚਲੋ ਸਾਡੀ ਦੋਵਾਂ ਦੀ ਮੁਸੀਬਤ ਹੱਲ ਹੋ ਗਈ।’’ ਅੰਗਦ ਨੇ ਕਹਿ ਤਾਂ ਦਿੱਤਾ, ਪਰ ਉਸ ਦੀ ਆਵਾਜ਼ ਵਿੱਚ ਖ਼ੁਸ਼ੀ ਨਹੀਂ ਸੀ। ਇਹ ਸਭ ਗੱਲਾਂ ਸੁਣ ਕੇ ਮੇਰੀਅਨ ਬਹੁਤ ਖ਼ੁਸ਼ ਹੋ ਰਹੀ ਸੀ। ਚਲੋ ਇੱਕ ਬਲਾ ਤਾਂ ਟਲੀ। ਉਸ ਨੂੰ ਡਰ ਸੀ ਕਿ ਪਤਾ ਨਹੀਂ ਮੀਰਾ ਕੀ ਕਹੇਗੀ। ਹੁਣ ਕੁਝ ਨਹੀਂ ਹੋਵੇਗਾ। ਉਸ ਨੇ ਸੁਖ ਦਾ ਸਾਹ ਲਿਆ...। ਅਤੇ ਫਿਰ ਇੱਕ ਹੀ ਛੱਤ ਥੱਲੇ ਇੱਕ ਹੀ ਘਰ ’ਚ ‘ਪਤੀ ਪਤਨੀ ਔਰ ਵੋ’ ਦਾ ਸਿਲਸਿਲਾ ਸ਼ੁਰੂ ਹੋ ਗਿਆ।
ਸਵੇਰੇ ਅੰਗਦ ਅਤੇ ਮੇਰੀਅਨ ਦੋਵੇਂ ਹੀ ਆਪਣੀ ਜੌਬ ’ਤੇ ਚਲੇ ਜਾਂਦੇ। ਮੀਰਾ ਤਿੰਨਾਂ ਲਈ ਖਾਣਾ ਬਣਾਉਂਦੀ। ਘਰ ਦੇ ਸਾਰੇ ਕੰਮ ਕਰਦੀ। ਥੋੜ੍ਹੇ ਦਿਨਾਂ ਤੱਕ ਸਭ ਠੀਕ ਹੀ ਰਿਹਾ। ਇੱਕ ਮਹੀਨੇ ’ਚ ਮੀਰਾ ਇੱਥੋਂ ਦੇ ਤੌਰ ਤਰੀਕੇ, ਰਹਿਣ-ਸਹਿਣ ਸਭ ਕੁਝ ਸਿੱਖ ਗਈ। ਇੱਕ ਦਿਨ ਅੰਗਦ ਅਤੇ ਮੇਰੀਅਨ ਸ਼ਾਮ ਨੂੰ ਘਰ ਆਏ ਤਾਂ ਖਾਣਾ ਨਹੀਂ ਸੀ ਬਣਿਆ ਹੋਇਆ। ਉਸ ਤੋਂ ਪੁੱਛਿਆ ਤਾਂ ਉਸ ਨੇ ਕਿਹਾ, ‘‘ਸੌਰੀ ਅੰਗਦ, ਅੱਜ ਭੁੱਖ ਨਹੀਂ ਸੀ। ਇਸ ਲਈ ਕੁਝ ਨਹੀਂ ਬਣਾਇਆ। ਰੋਜ਼ ਆਪਣੇ ਲਈ ਬਣਾਉਂਦੀ ਸੀ ਤਾਂ ਤੁਹਾਡੇ ਲਈ ਵੀ ਬਣਾ ਲੈਂਦੀ ਸੀ।’’
‘‘ਤਾਂ ਅੱਜ ਕੌਣ ਬਣਾਵੇਗਾ ਖਾਣਾ?’’
‘‘ਕਿਉਂ ਮੇਰੇ ਆਉਣ ਤੋਂ ਪਹਿਲਾਂ ਤੁਸੀਂ ਬਣਾਉਂਦੇ ਹੀ ਹੋਵੋਂਗੇ!’’ ‘‘ਹਾਂ ਪਰ ਉਦੋਂ ਘਰ ’ਚ ਦੂਸਰੀ ਹੋਰ ਕੋਈ ਨਹੀਂ ਸੀ ਖਾਣਾ ਬਣਾਉਣ ਲਈ ਇਸ ਲਈ।’’ ‘‘ਹੁਣ ਵੀ ਅਜਿਹਾ ਹੀ ਸੋਚ ਲਓ।’’
‘‘ਕਿਉਂ? ਹੁਣ ਤਾਂ ਤੂੰ ਹੈ ਨਾ!’’ ‘‘ਤਾਂ ਕੀ ਮੈਂ ਖਾਣਾ ਬਣਾਉਣ ਵਾਲੀ ਹਾਂ?’’ ‘‘ਜੇਕਰ ਇੱਥੇ ਰਹਿਣਾ ਹੈ ਤਾਂ ਕੰਮ ਵੀ ਕਰਨਾ ਪਵੇਗਾ।’’
‘‘ਤਾਂ ਮੈਨੂੰ ਕਿਹੜਾ ਇੱਥੇ ਰਹਿਣ ਦਾ ਸ਼ੌਕ ਏ? ਦੋ ਸਾਲ ਦੀ ਸ਼ਰਤ ਤੁਹਾਡੇ ਵੱਲੋਂ ਸੀ। ਜੇਕਰ ਤੁਹਾਨੂੰ ਨਹੀਂ ਪਸੰਦ ਤਾਂ ਮੈਂ ਚਲੀ ਜਾਂਦੀ ਹਾਂ।’’ ਮੀਰਾ ਨੇ ਸ਼ਾਂਤ ਰਹਿੰਦਿਆਂ ਜਵਾਬ ਦਿੱਤਾ। ਅੰਗਦ ਨੂੰ ਬਹੁਤ ਗੁੱਸਾ ਆਇਆ, ਪਰ ਬੋਲਿਆ ਨਹੀਂ। ਵੈਸੇ ਦੂਜੇ ਦਿਨ ਜਦ ਉਹ ਆਏ ਤਾਂ ਖਾਣਾ ਤਿਆਰ ਸੀ। ਮੀਰਾ ਨੇ ਅੱਜ ਤਰ੍ਹਾਂ-ਤਰ੍ਹਾਂ ਦਾ ਖਾਣਾ ਬਣਾਇਆ ਸੀ। ਅੰਗਦ ਨੂੰ ਹੈਰਾਨੀ ਹੋਈ। ਉਹਨੇ ਪੁੱਛਿਆ, ‘‘ਅੱਜ ਕਿਹੜੀ ਖ਼ਾਸ ਗੱਲ ਐ?’’
‘‘ਓ ਅੰਗਦ, ਮੈਂ ਬਹੁਤ ਖ਼ੁਸ਼ ਹਾਂ।’’
‘‘ਕਿਉਂ?’’
‘‘ਮੇਰਾ ਮਾਘਵ ਵੀ ਇੱਥੇ ਆ ਗਿਆ ਹੈ ਅਤੇ ਅੱਜ ਉਹ ਮੈਨੂੰ ਇੱਥੇ ਮਿਲਣ ਆਉਣ ਵਾਲਾ ਹੈ। ਓ ਅੰਗਦ, ਟੂ ਡੇ ਐਈ ਐਮ ਸੋ ਹੈਪੀ। ਮਾਘਵ ਦੀ ਪੜ੍ਹਾਈ ਪੂਰੀ ਹੋ ਜਾਵੇਗੀ ਅਤੇ ਫਿਰ ਅਸੀਂ ਦੋਵੇਂ ਵਿਆਹ ਕਰ ਲਵਾਂਗੇ। ਹੁਣ ਤਾਂ ਅਸੀਂ ਦੋਵੇਂ ਤੁਹਾਡੇ ਵਾਂਗ ਹੀ ਮਿਲ ਸਕਾਂਗੇ। ਹੈ ਨਾ ਖ਼ੁਸ਼ੀ ਦੀ ਗੱਲ...!’’ ਉਸੇ ਵੇਲੇ ਮੀਰਾ ਦਾ ਮੋਬਾਈਲ ਖੜਕਿਆ।
‘‘ਓ ਮਾਘਵ...! ਸੌਰੀ ਅੰਗਦ ਤੁਸੀਂ ਦੋਵੇਂ ਖਾ ਲਓ। ਮੇਰਾ ਫੋਨ ਤਾਂ ਲੰਮਾ ਚੱਲੇਗਾ।’’ ਖ਼ੁਸ਼ ਹੁੰਦੀ ਹੋਈ ਮੀਰਾ ਆਪਣੇ ਕਮਰੇ ’ਚ ਚਲੀ ਗਈ। ਅੱਜ ਖਾਣਾ ਤਾਂ ਬਹੁਤ ਵਧੀਆ ਬਣਿਆ ਸੀ, ਪਰ ਅੰਗਦ ਨੂੰ ਮਜ਼ਾ ਨਹੀਂ ਆਇਆ। ਉਹਦਾ ਧਿਆਨ ਖਾਣੇ ਦੀ ਬਜਾਏ ਮੀਰਾ ਦੇ ਕਮਰੇ ਤੋਂ ਆਉਂਦੇ ਹਾਸੇ ਦੀ ਆਵਾਜ਼ ’ਤੇ ਜ਼ਿਆਦਾ ਸੀ। ਪਤਾ ਨਹੀਂ ਕਿਉਂ ਅੱਜ ਉਹ ਬੇਚੈਨ ਹੋ ਗਿਆ ਸੀ। ਮੇਰੀਅਨ ਨੇ ਇੱਕ-ਦੋ ਵਾਰ ਪੁੱਛਿਆ, ਪਰ ਉਸ ਨੇ ਕੋਈ ਜਵਾਬ ਨਾ ਦਿੱਤਾ। ਅਗਲੇ ਦਿਨ ਅੰਗਦ ਤੇ ਮੇਰੀਅਨ ਕੰਮ ’ਤੇ ਜਾ ਰਹੇ ਸਨ ਤਾਂ ਮੀਰਾ ਨੇ ਘਰ ਦੀ ਇੱਕ ਚਾਬੀ ਅੰਗਦ ਨੂੰ ਫੜਾਉਂਦਿਆ ਕਿਹਾ, ‘‘ਲਉ ਇਹ ਇੱਕ ਚਾਬੀ ਤੁਸੀਂ ਆਪਣੇ ਕੋਲ ਵੀ ਰੱਖੋ।’’ ਮੀਰਾ ਦੇ ਚਿਹਰੇ ’ਤੇ ਖ਼ੁਸ਼ੀ ਝਲਕ ਰਹੀ ਸੀ।
‘‘ਕਿਉਂ ਤੂੰ ਕਿਧਰੇ ਜਾਣਾ ਹੈ?’’
‘‘ਕੱਲ੍ਹ ਦੱਸਿਆ ਤਾਂ ਸੀ ਕਿ ਮਾਘਵ ਵੀ ਇੱਥੇ ਆ ਰਿਹਾ ਹੈ। ਅੱਜ ਮੈਂ ਉਸ ਨੂੰ ਮਿਲਣ ਜਾ ਰਹੀ ਹਾਂ। ਕਿੰਨੇ ਲੰਮੇ ਅਰਸੇ ਬਾਅਦ ਅਸੀਂ ਦੋਵੇਂ ਮਿਲਾਂਗੇ। ਅੰਗਦ, ਅੱਜ ਮੈਂ ਬਹੁਤ ਖ਼ੁਸ਼ ਹਾਂ। ਚੰਗਾ ਹੈ ਕਿ ਤੁਹਾਡੇ ਜੀਵਨ ਵਿੱਚ ਮੇਰੀਅਨ ਹੈ ਵਰਨਾ ਮੈਨੂੰ ਸਾਰੀ ਜ਼ਿੰਦਗੀ ਤੁਹਾਡੇ ਨਾਲ ਗੁਜ਼ਾਰਨੀ ਪੈਂਦੀ। ਫਿਰ ਮੇਰੇ ਪਿਆਰ ਦਾ ਕੀ ਬਣਦਾ!’’
‘‘ਤੈਨੂੰ ਸ਼ਰਮ ਨਹੀਂ ਆਉਂਦੀ ਆਪਣੇ ਪਤੀ ਸਾਹਮਣੇ ਪਰਾਏ ਮਰਦ ਦੀਆਂ ਗੱਲਾਂ ਕਰਦਿਆਂ।’’
‘‘ਪਤੀ...’’ ਹੱਸਦਿਆਂ ਮੀਰਾ ਨੇ ਕਿਹਾ, ‘‘ਭੁੱਲ ਗਏ...? ਤੁਸੀਂ ਹੀ ਤਾਂ ਕਿਹਾ ਸੀ ਕਿ ਆਪਾਂ ਦੋਵੇਂ ਪਤੀ ਪਤਨੀ ਨਹੀਂ ਹਾਂ। ਕਿਉਂ ਠੀਕ ਹੈ ਨਾ ਮੇਰੀਅਨ?’’
‘‘ਯਾ ਰਾਈਟ, ਇਟਸ ਕੁਆਈਟ ਓ.ਕੇ.। ਫਾਈਨ, ਨਾਓ ਕਮ ਔਨ ਅੰਗਦ ਵੀ ਆਰ ਗੈਟਿੰਗ ਲੇਟ।’’ ਅੰਗਦ ਦਾ ਹੱਥ ਖਿੱਚਦਿਆਂ ਮੇਰੀਅਨ ਬੋਲੀ। ਉਸ ਸ਼ਾਮ ਜਦ ਅੰਗਦ ਆਇਆ, ਮੀਰਾ ਘਰ ਨਹੀਂ ਸੀ। ਫਿਰ ਵੀ ਪਤਾ ਨਹੀਂ ਕਿਉਂ ਅੰਗਦ ਨੂੰ ਕੁਝ ਚੰਗਾ ਨਹੀਂ ਸੀ ਲੱਗਾ।
ਅੱਜ ਉਸ ਨੇ ਮੇਰੀਅਨ ਨਾਲ ਵੀ ਠੀਕ ਤਰ੍ਹਾਂ ਗੱਲ ਨਾ ਕੀਤੀ। ਵਾਰ-ਵਾਰ ਉਸ ਦਾ ਧਿਆਨ ਘੜੀ ਦੀਆਂ ਸੂਈਆਂ ਵੱਲ ਚਲਾ ਜਾਂਦਾ। ਮੀਰਾ ਜਦ ਆਈ ਤਾਂ ਰਾਤ ਹੋ ਚੁੱਕੀ ਸੀ। ਉਸ ਦਾ ਚਿਹਰਾ ਖ਼ੁਸ਼ੀ ਨਾਲ ਚਮਕ ਰਿਹਾ ਸੀ।
ਮੀਰਾ ਨੂੰ ਦੇਖਦਿਆਂ ਹੀ ਅੰਗਦ ਵਰ੍ਹ ਪਿਆ, ‘‘ਵੇਲਾ ਕੀ ਹੋਇਐ ਪਤਾ ਵੀ ਹੈ? ਕਿੱਥੇ ਸੀ ਇੰਨੀ ਦੇਰ ਤੱਕ?’’
‘‘ਅੰਗਦ, ਤੁਸੀਂ ਤਾਂ ਇੰਝ ਕਰ ਰਹੇ ਹੋ ਜਿਵੇਂ ਮੈਂ ਤੁਹਾਡੀ ਪਤਨੀ ਹੋਵਾਂ।’’
‘‘ਤਾਂ ਕੀ ਤੂੰ ਮੇਰੀ ਪਤਨੀ ਨਹੀਂ ਏ?’’
‘‘ਤੁਸੀਂ ਵੀ ਕੀ ਮਜ਼ਾਕ ਕਰਦੇ ਓ, ਮੈਂ ਕਦੋਂ ਤੁਹਾਡੀ ਪਤਨੀ ਹੋ ਗਈ?’’
‘‘ਸਾਡਾ ਵਿਆਹ ਹੋਇਆ ਭੁੱਲ ਗਈ।’’
‘‘ਹਾਂ, ਵਿਆਹ ਹੋਇਆ ਸੀ। ਪਰ ਤੁਹਾਡੀ ਪਤਨੀ ਮੇਰੀਅਨ ਹੈ, ਮੈਂ ਨਹੀਂ। ਇਹ ਗੱਲ ਪਹਿਲੇ ਹੀ ਦਿਨ ਤੁਸੀਂ ਮੈਨੂੰ ਦੱਸੀ ਸੀ ਨਾ?’’
‘‘ਤੂੰ ਵੀ ਤਾਂ ਕਿਸੇ ਹੋਰ ਨਾਲ ਪਿਆਰ ਕਰਦੀ ਏਂ... ਕਿਹਾ ਸੀ ਨਾ...’’
‘‘ਤੁਹਾਡੇ ਕਹਿਣ ਤੋਂ ਬਾਅਦ ਕਿਹਾ ਸੀ। ਨਹੀਂ ਮੈਂ ਤਾਂ ਆਪਣੇ ਪਿਆਰ ਦਾ ਬਲੀਦਾਨ ਦੇ ਚੁੱਕੀ ਸੀ। ਪੂਰਾ ਜੀਵਨ ਤੁਹਾਡੇ ਨਾਲ ਬਿਤਾਉਣ ਲਈ ਸਿਰਫ਼ ਤੁਹਾਡੇ ਭਰੋਸੇ ਹੀ ਇੰਨੀ ਦੂਰ ਆਈ ਸੀ।’’
‘‘ਦੇਖ ਮੀਰਾ, ਮੈਂ ਤੇਰੇ ਨਾਲ ਕੋਈ ਬਹਿਸ ਨਹੀਂ ਕਰਨੀ। ਪਰ ਤੂੰ ਇੰਨੀ ਦੇਰ ਰਾਤ ਤੱਕ ਬਾਹਰ ਰਹੇਂ, ਇਹ ਮੈਨੂੰ ਚੰਗਾ ਨਹੀਂ ਲੱਗਦਾ।’’
‘‘ਤੁਹਾਨੂੰ ਜੋ ਚੰਗਾ ਨਹੀਂ ਲੱਗਦਾ, ਉਹੀ ਨਾ ਕਰਨਾ ਮੇਰੀ ਡਿਊਟੀ ਵਿੱਚ ਨਹੀਂ ਆਉਦਾ। ਤੁਹਾਡੀਆਂ ਕਈ ਗੱਲਾਂ ਮੈਨੂੰ ਵੀ ਚੰਗੀਆਂ ਨਹੀਂ ਲੱਗਦੀਆਂ, ਮੈਂ ਤਾਂ ਕਦੇ ਕੁਝ ਨਹੀਂ ਕਿਹਾ।’’
‘‘ਤੂੰ ਵੀ ਕਹਿ ਸਕਦੀ ਏਂ।’’
‘‘ਅੰਗਦ, ਅਜਿਹਾ ਕੋਈ ਵੀ ਹੱਕ ਤੁਸੀਂ ਮੇਰੇ ਕੋਲ ਰਹਿਣ ਨਹੀਂ ਦਿੱਤਾ। ਪਰ ਪਲੀਚ਼ ਜਾਉ। ਮੈਂ ਵੀ ਥੱਕ ਗਈ ਹਾਂ। ਗੁੱਡਨਾਈਟ।’’
ਅਤੇ ਮੀਰਾ ਆਪਣੇ ਕਮਰੇ ’ਚ ਚਲੀ ਗਈ। ਅੰਗਦ ਵੇਖਦਾ ਰਹਿ ਗਿਆ। ਇੱਕ ਮਹੀਨਾ ਬੀਤ ਗਿਆ। ਮੀਰਾ ਹੁਣ ਪੂਰੀ ਤਰ੍ਹਾਂ ਬਦਲ ਚੁੱਕੀ ਸੀ। ਉਹ ਕਦੇ-ਕਦੇ ਕਾਫ਼ੀ ਦੇਰ ਨਾਲ ਘਰ ਆਉਂਦੀ ਹੈ। ਅੰਗਦ ਦੇ ਪੁੱਛਣ ’ਤੇ ਉਲਟੇ-ਪੁਲਟੇ ਜਵਾਬ ਦਿੰਦੀ ਹੈ। ਅੰਗਦ ਨੂੰ ਕੁਝ ਚੁੱਭਦਾ ਰਹਿੰਦਾ ਹੈ। ਉਹ ਹੁਣ ਮੇਰੀਅਨ ਉੱਤੇ ਗੁੱਸਾ ਕੱਢਦਾ ਰਹਿੰਦਾ ਹੈ। ਮੇਰੀਅਨ ਨਾਲ ਛੋਟੀਆਂ-ਛੋਟੀਆਂ ਗੱਲਾਂ ਉੱਤੇ ਵੀ ਝਗੜਾ ਕਰਦਾ ਰਹਿੰਦਾ ਹੈ। ਅੰਗਦ ਨੂੰ ਖ਼ੁਦ ਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਉਹਨੂੰ ਕੀ ਹੋ ਗਿਆ ਹੈ। ਮੀਰਾ ਕਦੋਂ ਆਉਂਦੀ ਅਤੇ ਕਦੋਂ ਜਾਂਦੀ ਹੈ, ਇਸੇ ਗੱਲ ’ਤੇ ਉਸ ਦਾ ਧਿਆਨ ਲੱਗਾ ਰਹਿੰਦਾ। ਅੱਜ ਤਾਂ ਸਮਝੋ ਹੱਦ ਹੀ ਹੋ ਗਈ। ਅੱਜ ਮੀਰਾ ਦੇ ਨਾਲ ਮਾਘਵ ਵੀ ਆਇਆ ਹੋਇਆ ਸੀ। ਅੰਗਦ ਦੇ ਆਉਣ ’ਤੇ ਮੀਰਾ ਨੇ ਮਾਘਵ ਦੇ ਨਾਲ ਉਸ ਦੀ ਜਾਣ-ਪਛਾਣ ਕਰਵਾਈ। ਅੰਗਦ ਨੇ ਕੀ ਬੋਲਣਾ ਸੀ! ਉਹ ਖਾ ਜਾਣ ਵਾਲੀਆਂ ਨਜ਼ਰਾਂ ਨਾਲ ਦੇਖਣ ਲੱਗਾ। ਮਾਘਵ ਉੱਠ ਕੇ ਮੀਰਾ ਦੇ ਕਮਰੇ ’ਚ ਚਲਾ ਗਿਆ।
ਪੂਰੀ ਰਾਤ ਮਾਘਵ ਇੱਥੇ ਹੀ ਰੁਕਿਆ ਸੀ। ਸਵੇਰੇ ਜਦ ਮਾਘਵ ਗਿਆ ਤਾਂ ਅੰਗਦ ਮੀਰਾ ’ਤੇ ਵਰ੍ਹ ਪਿਆ, ‘‘ਇਹ ਕੀ ਸ਼ੁਰੂ ਕੀਤਾ ਏ ਤੂੰ...?’’
‘‘ਕਿਉਂ ਕੀ ਹੋਇਆ...?’’
‘‘ਕੀ ਹੋਇਆ... ਜਿਵੇਂ ਕੁਝ ਹੋਇਆ ਹੀ ਨਾ ਹੋਵੇ...!’’
‘‘ਪਰ ਮੈਨੂੰ ਪਤਾ ਨਹੀਂ ਕਿ ਕੀ ਹੋਇਆ...! ਕੋਈ ਪ੍ਰਾਬਲਮ?’’
‘‘ਤੇਰੇ ਕਮਰੇ ’ਚ ਕੱਲ੍ਹ ਰਾਤ ਕੋਈ ਗ਼ੈਰ ਮਰਦ ਸੀ...।’’
‘‘ਮਾਘਵ ਕੋਈ ਗ਼ੈਰ ਮਰਦ ਥੋੜ੍ਹਾ ਈ ਏ, ਮੇਰਾ ਹੋਣ ਵਾਲਾ ਪਤੀ ਏ।’’
‘‘ਹੋਣ ਵਾਲਾ ਹੋਵੇਗਾ, ਪਰ ਹਾਲੇ ਹੋਇਆ ਤਾਂ ਨਹੀਂ।’’
‘‘ਸੌਰੀ ਅੰਗਦ, ਤੁਸੀਂ ਮੇਰੀਅਨ ਦੇ ਪਤੀ ਹੋ। ਮੇਰੀਅਨ ਹਰ ਰੋਜ਼ ਪੂਰੀ ਰਾਤ ਤੁਹਾਡੇ ਕਮਰੇ ’ਚ ਰਹਿੰਦੀ ਏ, ਪਰ ਮੈਂ ਤਾਂ ਕਦੇ ਕੁਝ ਨਹੀਂ ਕਿਹਾ।’’
‘‘ਮੈਂ ਮੇਰੀਅਨ ਦਾ ਪਤੀ ਨਹੀਂ ਹਾਂ, ਮੈਂ ਤਾਂ ਅਜੇ ਤੱਕ... ਮੇਰੀਅਨ ਨਾਲ ਵਿਆਹ ਵੀ ਨਹੀਂ ਕਰਵਾਇਆ।’’
‘‘ਓ, ਤਾਂ ਫਿਰ ਤੁਸੀਂ ਦੋਵੇਂ ਵਿਆਹ ਤੋਂ ਬਿਨਾਂ ਹੀ, ਉਫ ਮੈਂ ਭੁੱਲ ਗਈ ਸੀ ਇਹ ਅਮਰੀਕਾ ਏ...। ਬਾਈ ਦਿ ਵੇ ਤੁਸੀਂ ਵਿਆਹ ਕਦੋਂ ਕਰ ਰਹੇ ਹੋ...?’’
ਅੰਗਦ ਕੁਝ ਦੇਰ ਚੁੱਪ ਕਰ ਕੇ ਮੀਰਾ ਵੱਲ ਵੇਖਦਾ ਰਿਹਾ। ਫਿਰ ਬੋਲਿਆ, ‘‘ਮੀਰਾ, ਯਾਦ ਹੈ ਵਿਆਹ ਤੋਂ ਬਾਅਦ ਆਪਣੀ ਇੱਕ ਰਾਤ ਇੱਕਠਿਆਂ ਬੀਤੀ ਸੀ...’’ ਅੰਗਦ ਦੀ ਆਵਾਜ਼ ਵਿੱਚ ਨਾ ਜਾਣੇ ਕਿਵੇਂ ਭਾਵੁਕਤਾ ਆ ਗਈ ਸੀ।
‘‘ਹਾਂ ਯਾਦ ਹੈ, ਮੈਂ ਜੀਵਨ ’ਚ ਉਸ ਕਾਲੀ ਰਾਤ ਨੂੰ ਕਿਵੇਂ ਭੁੱਲ ਸਕਦੀ ਹਾਂ।’’
‘‘ਕਾਲੀ ਰਾਤ?’’
‘‘ਹਾਂ, ਹੋਰ ਕੀ ਕਹਿ ਸਕਦੀ ਹਾਂ!’’
‘‘ਮੀਰਾ, ਸੌਰੀ ਮੈਨੂੰ ਲੱਗਦਾ ਹੈ ਕਿ ਮੈਂ ਕਿਤੇ ਕੋਈ ਗ਼ਲਤੀ ਕੀਤੀ ਹੈ।’’
‘‘ਕਿਵੇਂ ਮੈਨੂੰ ਵੀ ਪਤਾ ਲੱਗੇ।’’
‘‘ਮੀਰਾ, ਮੈਨੂੰ ਅਹਿਸਾਸ ਹੋ ਗਿਆ ਹੈ ਕਿ ਮੇਰੀਅਨ ਮੇਰੀ ਜ਼ਿੰਦਗੀ ਦੀ ਮੰਜ਼ਿਲ ਨਹੀਂ ਹੈ। ਇਹ ਮੇਰੇ ਜੀਵਨ ਦੀ ਇੱਕ ਭੁੱਲ ਸੀ।’’
‘‘ਅੰਗਦ, ਜ਼ਿੰਦਗੀ ਦੀ ਹਰ ਭੁੱਲ ਸੁਧਾਰੀ ਨਹੀਂ ਜਾ ਸਕਦੀ। ਹੁਣ ਆਪਾਂ ਪੁਆਇੰਟ ਆਫ ਨੋ ਰਿਟਰਨ ’ਤੇ ਖੜ੍ਹੇ ਹਾਂ।’’
‘‘ਮੀਰਾ ਪਲੀਜ਼, ਮੈਨੂੰ ਇੱਕ ਮੌਕਾ ਚਾਹੀਦਾ ਹੈ।’’
‘‘ਸੌਰੀ, ਮੈਂ ਮਾਘਵ ਨੂੰ ਧੋਖਾ ਨਹੀਂ ਦੇ ਸਕਦੀ।’’
‘‘ਮੀਰਾ, ਤੂੰ ਜੋ ਵੀ ਕਹੇਂ, ਪਰ ਪਵਿੱਤਰ ਅਗਨੀ ਦੇ ਸੱਤ ਫੇਰੇ ਲੈ ਕੇ ਸਾਡੀ ਸ਼ਾਦੀ ਹੋਈ ਹੈ। ਆਪਾਂ ਜੀਵਨ ਭਰ ਸਾਥ ਨਿਭਾਉਣ ਦਾ ਪ੍ਰਣ ਲਿਆ ਹੈ।’’
‘‘ਇਹ ਸਭ ਕੁਝ ਅੱਜ ਯਾਦ ਆਇਆ?’’
‘‘ਮੈਂ ਕਿਹਾ ਨਾ ਕਿ ਮੇਰੀ ਗ਼ਲਤੀ ਸੀ ਅਤੇ ਮੈਂ ਨਹੀਂ ਮੰਨਦਾ ਕਿ ਕੋਈ ਗ਼ਲਤੀ ਸੁਧਾਰੀ ਨਹੀਂ ਜਾ ਸਕਦੀ...।’’
‘‘ਅੱਛਾ, ਕਿਵੇਂ ਸੁਧਾਰੇਂਗਾ ਇਹ ਗ਼ਲਤੀ...? ਆਪਣੇ ਕਮਰੇ ’ਚ ਬੈਠੀ ਮੇਰੀਅਨ ਨੂੰ ਕੀ ਜਵਾਬ ਦੇਵੇਂਗਾ ਤੂੰ?’’
‘‘ਮੇਰੀਅਨ ਕੋਲ ਮੈਂ ਇਕੱਲਾ ਨਹੀਂ ਹਾਂ। ਉਸ ਕੋਲ ਤਾਂ ਦੋਸਤਾਂ ਦੀ ਫ਼ੌਜ ਏ।’’
‘‘ਓ ਤਾਂ ਇਹ ਗੱਲ ਏ...! ਇਸੇ ਲਈ ਮੇਰੇ ਲਈ ਅੱਜ ਪਿਆਰ ਉਮੜ ਆਇਆ ਏ।’’
‘‘ਨਹੀਂ ਮੀਰਾ, ਇਹ ਗੱਲ ਨਹੀਂ ਏ, ਪਰ ਮੈਨੂੰ ਲੱਗਦਾ ਹੈ ਕਿ ਮੈਂ ਸੱਚਮੁੱਚ ਤੈਨੂੰ ਪਿਆਰ ਕਰਦਾ ਆਂ।’’
‘‘ਹੁਣ ਪਤਾ ਲੱਗਿਐ?’’
‘‘ਸ਼ਾਇਦ ਹਾਂ...। ਮਾਘਵ ਨਾਲ ਮੈਂ ਤੈਨੂੰ ਵੇਖ ਨਹੀਂ ਸਕਦਾ, ਮੇਰੀ ਪਤਨੀ ਕਿਸੇ ਹੋਰ ਨਾਲ ਹੋਵੇ ਇਹ ਭਾਵਨਾ...।’’
‘‘ਅੰਗਦ, ਇਹ ਪਿਆਰ ਨਹੀਂ ਹੈ। ਇਹ ਮਰਦ ਵਰਗ ਦੀ ਸਹਿਜ ਈਰਖਾ ਏ।’’
‘‘ਤੂੰ ਜੋ ਚਾਹੇ ਕਹਿ। ਪਰ ਅੱਜ ਤੋਂ ਬਾਅਦ ਮੇਰੀ ਜ਼ਿੰਦਗੀ ’ਚ ਤੇਰੇ ਤੋਂ ਬਗੈਰ ਹੋਰ ਕਿਸੇ ਔਰਤ ਦੀ ਕੋਈ ਜਗ੍ਹਾ ਨਹੀਂ ਹੋਵੇਗੀ।’’
‘‘ਪਰ ਮੇਰਾ ਪਿਆਰ, ਉਸ ਦਾ ਕੀ...’’
‘‘ਮੀਰਾ, ਸਾਡਾ ਵਿਆਹ ਹੋ ਚੁੱਕਿਆ ਹੈ ਨਾ ਤੇ ਜੇਕਰ ਮੇਰੀਅਨ ਨਾ ਹੁੰਦੀ ਤਾਂ ਤੂੰ ਇਹ ਰਿਸ਼ਤਾ ਨਿਭਾਉਣ ਹੀ ਵਾਲੀ ਸੀ ਨਾ।’’
‘‘ਪਰ...’’
‘‘ਮੀਰਾ, ਪਲੀਜ਼ ਫੌਰਗੈਟ ਇਟ, ਫੌਰਗੈਟ ਐਵਰੀ ਥਿੰਗ। ਆਪਾਂ ਦੋਵੇਂ ਹੀ ਸਭ ਕੁਝ ਭੁੱਲ ਕੇ ਨਵੇਂ ਸਿਰੇ ਤੋਂ ਜ਼ਿੰਦਗੀ ਦੀ ਸ਼ੁਰੂਆਤ ਕਰਦੇ ਹਾਂ।’’
‘‘ਮੈਂ ਵੇਖਾਂਗੀ, ਮੈਨੂੰ ਸੋਚਣ ਲਈ ਥੋੜ੍ਹਾ ਸਮਾਂ ਚਾਹੀਦਾ ਹੈ। ਵੈਸੇ ਵੀ ਜਦ ਤੱਕ ਮੇਰੀਅਨ ਇਸ ਘਰ ਵਿੱਚ ਹੈ, ਉਦੋਂ ਤੱਕ ਤਾਂ ਸੋਚਣ ਦਾ ਕੋਈ ਸੁਆਲ ਹੀ ਪੈਦਾ ਨਹੀਂ ਹੁੰਦਾ।’’
‘‘ਇਹ ਸਭ ਮੇਰੇ ’ਤੇ ਛੱਡ ਦੇ। ਮੈਨੂੰ ਮੇਰੀ ਗ਼ਲਤੀ ਦਾ ਅਹਿਸਾਸ ਹੋ ਗਿਆ ਏ।’’
ਅਗਲੇ ਦੋ ਦਿਨਾਂ ’ਚ ਮੇਰੀਅਨ ਅੰਗਦ ਦੀ ਜ਼ਿੰਦਗੀ ’ਚੋਂ ਸਦਾ ਲਈ ਚਲੀ ਗਈ।
‘‘ਮੀਰਾ, ਹੁਣ ਕੀ ਸੋਚਿਆ?’’
‘‘ਮੈਂ ਤੁਹਾਨੂੰ ਕੱਲ੍ਹ ਨੂੰ ਜਵਾਬ ਦਿਆਂਗੀ।’’
ਦੂਜੇ ਦਿਨ ਅੰਗਦ ਨੂੰ ਮੀਰਾ ਦਾ ਜਵਾਬ ਮਿਲ ਗਿਆ ਸੀ ਇੱਕ ਚਿੱਠੀ ਦੇ ਰੂਪ ’ਚ। ਲਿਖਿਆ ਸੀ: ‘‘ਅੰਗਦ, ਸੌਰੀ ਮੈਂ ਹਮੇਸ਼ਾਂ ਲਈ ਜਾ ਰਹੀ ਹਾਂ। ਕਿੱਥੇ, ਇਹ ਜਾਣਨ ਦਾ ਹੱਕ ਤੈਨੂੰ ਨਹੀਂ ਹੈ। ਹਾਂ, ਜਾਣ ਤੋਂ ਪਹਿਲਾਂ ਇੱਕ ਗੱਲ ਹੋਰ- ਮੇਰੀ ਜ਼ਿੰਦਗੀ ’ਚ ਕਦੇ ਕੋਈ ਮਾਘਵ ਹੈ ਹੀ ਨਹੀਂ ਸੀ। ਮੈਂ ਕਿੰਨੇ ਸੁਪਨੇ ਲੈ ਕੈ ਇੱਥੇ ਆਈ ਸੀ। ਮੇਰੇ ਦਿਲ ’ਚ ਦੂਰ-ਦੂਰ ਤੱਕ ਅੰਗਦ ਤੋਂ ਬਿਨਾਂ ਕਿਸੇ ਹੋਰ ਦੀ ਹੋਂਦ ਵੀ ਨਹੀਂ ਸੀ। ਪਰ ਤੁਸੀਂ ਜੋ ਜ਼ਖ਼ਮ ਦਿੱਤਾ ਸੀ, ਉਸੇ ਜ਼ਖ਼ਮ ਨੇ ਕਾਲਪਨਿਕ ਮਾਘਵ ਨੂੰ ਜਨਮ ਦਿੱਤਾ। ਤੁਸੀਂ ਜਿਹੜੇ ਮਾਘਵ ਨੂੰ ਦੇਖਿਆ ਸੀ, ਉਹ ਅਸਲ ’ਚ ਮੇਰਾ ਮਮੇਰਾ ਭਰਾ ਸੀ। ਉਹ ਇੱਥੇ ਅਮਰੀਕਾ ਵਿੱਚ ਹੀ ਸੀ। ਮੈਨੂੰ ਉਹਦੀ ਮਦਦ ਮਿਲ ਗਈ ਅਤੇ ਆਪਣੇ ਨਾਟਕ ਵਿੱਚ ਅਸੀਂ ਸਫ਼ਲ ਵੀ ਰਹੇ। ਅੰਗਦ, ਜ਼ਿੰਦਗੀ ’ਚ ਸਾਰੀਆਂ ਭੁੱਲਾਂ ਅਸੀਂ ਸੁਧਾਰ ਨਹੀਂ ਸਕਦੇ। ਕੀ ਤੁਸੀਂ ਮੇਰਾ ਕੁਆਰਾਪਣ ਵਾਪਸ ਮੋੜ ਸਕਦੇ ਹੋ? ਉਸ ਰਾਤ ਇੱਕ ਔਰਤ ਨੇ ਪੂਰੀ ਸ਼ਰਧਾ ਨਾਲ ਆਪਣੇ ਪਤੀ ਨੂੰ ਆਪਣਾ ਆਪ ਅਰਪਿਤ ਕਰ ਦਿੱਤਾ ਸੀ। ਸ਼ਰਧਾ ਦਾ ਟੁੱਟਣਾ ਕੀ ਹੁੰਦਾ ਹੈ ਇਹ ਸ਼ਾਇਦ ਤੁਸੀਂ ਕਦੇ ਨਹੀਂ ਸਮਝ ਸਕੋਗੇ। ਮੇਰੀ ਪੂਰੀ ਹੋਂਦ ’ਚੋਂ ਉੱਠੀਆਂ ਚੀਕਾਂ ਕੀ ਕਦੇ ਤੁਸੀਂ ਸੁਣੀਆਂ? ਅੱਜ ਦੀ ਔਰਤ ਬਦਲ ਚੁੱਕੀ ਹੈ। ਇਹ ਅਹਿਸਾਸ ਦਿਵਾਉਣ ਲਈ ਹੀ ਮੈਨੂੰ ਇਹ ਨਾਟਕ ਕਰਨਾ ਪਿਆ। ਅਤੇ ਦੂਸਰਾ ਸਵਾਲ... ਅਜਿਹੀ ਕੋਈ ਭੁੱਲ ਮੈਂ ਕੀਤੀ ਹੁੰਦੀ ਤਾਂ ਤੁਸੀਂ ਕੀ ਕਰਦੇ? ਸਿਰਫ਼ ਇੱਕ ਗ਼ਲਤੀ ਸਮਝ ਕੇ ਮੈਨੂੰ ਮੁਆਫ਼ ਕਰ ਦਿੰਦੇ? ਅਜਿਹੀਆਂ ਕਿੰਨੀਆਂ ਹੀ ਮੀਰਾ ਸਮਾਜ ’ਚ ਹੋਣਗੀਆਂ, ਹਰ ਮੀਰਾ ਨੂੰ ਕੋਈ ਮਾਘਵ ਨਹੀਂ ਮਿਲਦਾ। ਤੈਨੂੰ ਅਤੇ ਤੇਰੇ ਵਰਗੇ ਸਾਰੇ ਮਰਦਾਂ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਵੇ, ਇਸ ਇੱਛਾ ਨਾਲ ਅਲਵਿਦਾ।’’ ਅੰਗਦ ਹੱਕਾ-ਬੱਕਾ ਹੋਇਆ ਖ਼ਤ ਵੱਲ ਵੇਖਦਾ ਰਹਿ ਪਿਆ।
- ਪੰਜਾਬੀ ਰੂਪ: ਸੰਤੋਖ ਸਿੰਘ ਭਾਣਾ
ਸੰਪਰਕ: 98152-96475

Advertisement

Advertisement