ਸਾਬਕਾ ਸਰਪੰਚ ਸਣੇ ਕਈ ਪਰਿਵਾਰ ‘ਆਪ’ ਵਿੱਚ ਸ਼ਾਮਲ
ਗੁਰਨਾਮ ਸਿੰਘ ਚੌਹਾਨ
ਪਾਤੜਾਂ, 19 ਨਵੰਬਰ
ਹਲਕਾ ਸ਼ੁਤਰਾਣਾ ਵਿੱਚ ਪਿੰਡ ਹਰਿਆਊ ਖੁਰਦ ਦੇ ਸਾਬਕਾ ਸਰਪੰਚ ਮੰਗਤ ਸਿੰਘ ਹਰਿਆਊ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਕਈ ਪਰਿਵਾਰਾਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਇਨ੍ਹਾਂ ਦਾ ਨਿੱਘਾ ਸਵਾਗਤ ਕਰਦਿਆਂ ਪਾਰਟੀ ਵਿੱਚ ਮਾਣ-ਸਨਮਾਨ ਦੇਣ ਦਾ ਭਰੋਸਾ ਦਿੱਤਾ। ਬਲਾਕ ਸੰਮਤੀ ਪਾਤੜਾਂ ਦੇ ਸਾਬਕਾ ਮੈਂਬਰ ਅਮਰੀਕ ਸਿੰਘ, ਦਲੇਰ ਸਿੰਘ ਸਹੋਤਾ, ਸੁਰਿੰਦਰ ਸਿੰਘ, ਜਗਜੀਤ ਸਿੰਘ ਚੋਲੀਆਂ, ਗੁਰਨਾਮ ਸਿੰਘ ਔਲਖ, ਟਹਿਲ ਸਿੰਘ ਅਤੇ ਬਲਜਿੰਦਰ ਸਿੰਘ ਬੋਰੀਆ ‘ਆਪ’ ਵਿੱਚ ਸ਼ਾਮਲ ਹੋਏ। ਵਿਧਾਇਕ ਨੇ ਸ੍ਰੀ ਬਾਜ਼ੀਗਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਸਰਕਾਰ ਸੂਬੇ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਦੀਆਂ ਕੋਸ਼ਿਸ਼ਾਂ ਵਿੱਚ ਲੱਗੀ ਹੋਈ ਹੈ। ਸਿੱਖਿਆ ਸਿਹਤ ਅਤੇ ਖੇਡਾਂ ਦੇ ਖੇਤਰ ਵਿੱਚ ਸਰਕਾਰ ਵੱਲੋਂ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਸਰਕਾਰ ਵੱਲੋਂ ਘਰੇਲੂ ਬਿਜਲੀ ਦੇ 600 ਯੂਨਿਟ ਮੁਆਫ਼ ਕਰਨ ਅਤੇ ਇੱਕ ਵਿਧਾਇਕ ਇੱਕ ਪੈਨਸ਼ਨ ਵਰਗੇ ਵੱਡੇ ਫ਼ੈਸਲਿਆਂ ਨੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਮੁਹੱਲਾ ਕਲੀਨਿਕਾਂ ਦਾ ਗ਼ਰੀਬ ਅਤੇ ਮੱਧ ਵਰਗੀ ਲੋਕਾਂ ਨੂੰ ਵੱਡਾ ਲਾਭ ਹੋਇਆ ਹੈ ਜਿਸ ਕਰਕੇ ਲੋਕ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ 10 ਸਾਲ ਪਿੰਡ ਦੇ ਸਰਪੰਚ ਰਹੇ ਧੜੱਲੇਦਾਰ ਆਗੂ ਮੰਗਤ ਸਿੰਘ ਹਰਿਆਊ ਦੀ ਅਗਵਾਈ ਵਿੱਚ ਸ਼ਾਮਲ ਹੋਏ ਇਨ੍ਹਾਂ ਪਰਿਵਾਰਾਂ ਦੇ ਆਉਣ ਨਾਲ ਪਾਰਟੀ ਨੂੰ ਵੱਡਾ ਹੁਲਾਰਾ ਮਿਲੇਗਾ।
ਇਸ ਮੌਕੇ ਨਗਰ ਕੌਂਸਲ ਪਾਤੜਾਂ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਸੋਨੀ ਜਲੂਰ, ਸੀਨੀਅਰ ‘ਆਪ’ ਆਗੂ ਕੁਲਦੀਪ ਸਿੰਘ ਥਿੰਦ, ਸਾਬਕਾ ਚੇਅਰਮੈਨ ਤੇਜਿੰਦਰ ਸਿੰਘ ਤੇਜੀ ਬੂਰੜ, ਬਲਜਿੰਦਰ ਸਿੰਘ ਸ਼ੇਰਗੜ੍ਹ ਅਤੇ ਈਸ਼ਵਰ ਸਿੰਘ ਰਸੋਲੀ ਆਦਿ ਹਾਜ਼ਰ ਸਨ।