ਖੇਡ ਮੈਦਾਨ ਸਬੰਧੀ ਸਕੂਲ ਪ੍ਰਬੰਧਕ ਕਮੇਟੀ ਤੇ ਪ੍ਰਸ਼ਾਸਨ ਆਹਮੋ-ਸਾਹਮਣੇ
ਗੁਰਦੀਪ ਸਿੰਘ ਲਾਲੀ
ਸੰਗਰੂਰ, 13 ਜੂਨ
ਇੱਥੋਂ ਦੇ ਇਕ ਸਕੂਲ ਦੇ ਖੇਡ ਮੈਦਾਨ ਦੀ ਮਾਲਕੀ ਸਬੰਧੀ ਸਕੂਲ ਪ੍ਰਬੰਧਕਾਂ ਅਤੇ ਪ੍ਰਸਾਸ਼ਨ ਦਰਿਮਆਨ ਉਸ ਵੇਲੇ ਤਣਾਅ ਵਾਲਾ ਮਾਹੌਲ ਬਣ ਗਿਆ, ਜਦੋਂ ਸਕੂਲ ਦੇ ਕਬਜ਼ੇ ਵਾਲੇ ਖੇਡ ਦੇ ਮੈਦਾਨ ਦੇ ਦਰਵਾਜ਼ੇ ’ਤੇ ਪ੍ਰਸ਼ਾਸਨ ਨੇ ਆਪਣਾ ਤਾਲਾ ਲਾ ਦਿੱਤਾ। ਕਬਜ਼ਾਧਾਰਕ ਖਾਲਸਾ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਬੰਧਕ ਕਮੇਟੀ ਇਸ ਨੂੰ 99 ਸਾਲਾਂ ਲਈ ਲੀਜ਼ ’ਤੇ ਲਿਆ ਹੋਣ ਦਾ ਦਾਅਵਾ ਕਰ ਰਹੀ ਹੈ, ਜਦੋਂ ਕਿ ਪ੍ਰਸਾਂਸ਼ਨ ਇਸ ਨੂੰ ਸਰਕਾਰੀ ਥਾਂ ਦੱਸ ਰਿਹਾ ਹੈ।
ਸਕੂਲ ਪ੍ਰਿੰਸੀਪਲ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਬਿਜਲੀ ਵਿਭਾਗ ਦੇ ਕਰਮੀਆਂ ਵੱਲੋਂ ਸਕੂਲ ਦੇ ਖੇਡ ਮੈਦਾਨ ਵਿੱਚ ਟ੍ਰਾਂਸਫਾਰਮਰ ਲਗਾਉਣ ਲਈ ਗੇਟ ਖੋਲ੍ਹਣ ਲਈ ਕਿਹਾ ਸੀ। ਉਨ੍ਹਾਂ ਦੱਸਿਆ ਕਿ ਕਰੀਬ ਦੋ ਸਾਲ ਪਹਿਲਾਂ ਵੀ ਮੈਦਾਨ ਵਿੱਚ ਟ੍ਰਾਂਸਫਾਰਮਰ ਲਗਾਉਣ ਲਈ ਚਾਰਦੀਵਾਰੀ ਦਾ ਕੁਝ ਭਾਗ ਤੋੜ ਦਿੱਤਾ ਗਿਆ ਸੀ, ਜਿਸ ਦੀ ਮੁਰੰਮਤ ਨਾ ਤਾਂ ਬਿਜਲੀ ਵਿਭਾਗ ਨੇ ਕਰਵਾਈ ਨਾ ਹੀ ਪ੍ਰਸ਼ਾਸਨ ਨੇ। ਟੁੱਟੀ ਹੋਈ ਕੰਧ ਰਾਹੀਂ ਗੈਰ-ਸਮਾਜੀ ਅਨਸਰ ਦਾਖਲ ਹੋ ਕੇ ਨੁਕਸਾਨ ਕਰਨ ਲੱਗ ਪਏ ਸਨ। ਕੰਧ ਦੀ ਪੁਨਰ ਉਸਾਰੀ ਸਕੂਲ ਵੱਲੋਂ ਖੁਦ ਕਰਵਾਈ ਗਈ ਸੀ। ਉਨ੍ਹਾਂ ਦੱਸਿਆ ਕਿ ਐਤਕੀ ਜਦੋਂ ਟਰਾਂਰਫਾਰਮਰ ਲਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋਈਆਂ ਤਾਂ ਸਕੂਲ ਪ੍ਰਬੰਧਕਾਂ ਨੇ ਇਤਰਾਜ਼ ਜਤਾਇਆ। ਇਸੇ ਕਿੜ ਵਿਚ ਪ੍ਰਸ਼ਾਸਨ ਨੇ ਖੇਡ ਦੇ ਮੈਦਾਨ ’ਤੇ ਲੱਗਿਆ ਤਾਲਾ ਤੋੜ ਕੇ ਆਪਣਾ ਤਾਲਾ ਲਾ ਦਿੱਤਾ। ਉਸ ਦੱਸਿਆ ਕਿ ਇਸ ਸਬੰਧੀ ਐੱਸਡੀਐੱਮ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਸੀ ਕਿ ਟਰਾਂਸਫਾਰਮਰ ਨਾ ਲਾਇਆ ਜਾਵੇ ਅਤੇ ਜੇ ਲਾਉਣਾ ਹੀ ਹੈ ਤਾਂ ਕਿਸੇ ਵੀ ਭੰਨ-ਤੋੜ ਦੀ ਮੁਰੰਮਤ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਗਰਮੀਆਂ ਦੀਆਂ ਛੁੱਟੀਆਂ ਕਾਰਨ ਸਕੂਲ ਬੰਦ ਹੋਣ ਦਾ ਫਾਇਦਾ ਚੁੱਕਦਿਆਂ ਪ੍ਰਸ਼ਾਸਨ ਨੇ ਸਕੂਲ ਦੇ ਖੇਡ ਮੈਦਾਨ ਦੇ ਦਰਵਾਜ਼ੇ ਨੂੰ ਧੱਕੇ ਨਾਲ ਤਾਲਾ ਲਾ ਦਿੱਤਾ ਗਿਆ ਹੈ।
ਸਕੂਲ ਦੇ ਕਲਰਕ ਸੰਤੋਖ ਸਿੰਘ ਨੇ ਕਿਹਾ ਕਿ ਸਾਲ 1979 ਖੇਡ ਮੈਦਾਨ ਵਾਲੀ ਥਾਂ 99 ਸਾਲਾਂ ਲਈ ਸਕੂਲ ਕੋਲ ਲੀਜ਼ ’ਤੇ ਹੈ। ਇਸ ਬਦਲੇ ਪ੍ਰਸ਼ਾਸਨ ਨੂੰ ਨਿਰਧਾਰਿਤ ਸ਼ਰਤਾਂ ਅਨੁਸਾਰ ਕਿਰਾਇਆ ਵੀ ਦਿੱਤਾ ਜਾ ਰਿਹਾ ਹੈ। ਸਕੂਲ ਪ੍ਰਬੰਧਕ ਕਮੇਟੀ ਦੇ ਸਕੱਤਰ ਐਡਵੋਕੇਟ ਮਹਿੰਦਰ ਸਿੰਘ ਗਿੱਲ ਨੇ ਕਿਹਾ ਕਿ ਪ੍ਰਸ਼ਾਸਨ ਦੀ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਹ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ।
ਰਿਕਾਰਡ ਪੇਸ਼ ਕਰੇ ਸਕੂਲ: ਐੱਸਡੀਐੱਮ
ਐੱਸਡੀਐੱਮ ਚਰਨਜੋਤ ਸਿੰਘ ਵਾਲੀਆ ਨੇ ਕਿਹਾ ਕਿ ਇਹ ਜਗ੍ਹਾ ਸਰਕਾਰੀ ਜ਼ਮੀਨ ਹੈ। ਇਸ ਲਈ ਪ੍ਰਸ਼ਾਸਨ ਨੇ ਇਸ ’ਤੇ ਆਪਣਾ ਤਾਲਾ ਲਗਾ ਦਿੱਤਾ ਹੈ। ਜੇਕਰ ਸਕੂਲ ਕੋਲ ਜ਼ਮੀਨ ਸਬੰਧੀ ਕੋਈ ਰਿਕਾਰਡ ਹੈ ਤਾਂ ਪੇਸ਼ ਕੀਤਾ ਜਾ ਸਕਦਾ ਹੈ ਜਿਸ ਨੂੰ ਵਾਚਣ ਉਪਰੰਤ ਤਾਲਾ ਖੋਲ੍ਹ ਦਿੱਤਾ ਜਾਵੇਗਾ।