Man lynched in UP: ਕਤਲ ਦਾ ਬਦਲਾ ਲੈਣ ਲਈ ਇੱਕ ਵਿਅਕਤੀ ਦੀ ਕੁੱਟ-ਕੁੱਟ ਕੇ ਹੱਤਿਆ, 18 ਗ੍ਰਿਫਤਾਰ
ਹਰਦੋਈ, 9 ਅਪਰੈਲ
Man lynched in UP: ਸਾਲ 2009 ਵਿਚ ਵਾਪਰੀ ਕਤਲ ਦੀ ਘਟਨਾ ਦਾ ਬਦਲਾ ਲੈਣ ਲਈ ਯੂਪੀ ਦੇ ਹਰਦੋਈ ਜ਼ਿਲ੍ਹੇ ਵਿਚ ਔਰਤਾਂ ਸਮੇਤ ਲੋਕਾਂ ਦੇ ਇੱਕ ਹਜੂਮ ਵੱਲੋਂ ਇੱਥੇ ਇੱਕ 48 ਸਾਲਾ ਵਿਅਕਤੀ ਦੀ ਕਥਿਤ ਤੌਰ 'ਤੇ ਦਿਨ ਦਿਹਾੜੇ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ।
ਸਰਪੰਚ ਮਹਾਵਤ ਨਾਮੀ ਵਿਅਕਤੀ 'ਤੇ ਸੋਮਵਾਰ ਨੂੰ ਬੇਨੀਗੰਜ ਪੁਲੀਸ ਸਟੇਸ਼ਨ ਦੀ ਹਦੂਦ ਵਿਚ ਪੈਂਦੇ ਪਿੰਡ ਭੀਨਗਾਂਵ 'ਚ ਲਾਠੀਆਂ ਨਾਲ ਲੈਸ ਤਿੰਨ ਦਰਜਨ ਤੋਂ ਵੱਧ ਪੁਰਸ਼ਾਂ ਅਤੇ ਔਰਤਾਂ ਨੇ ਬੇਰਹਿਮੀ ਨਾਲ ਹਮਲਾ ਕੀਤਾ। ਸਰਪੰਚ ਨੂੰ 2009 ਵਿੱਚ ਰਾਮਪਾਲ ਦੀ ਹੱਤਿਆ ਦਾ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਉਸ ਨੂੰ 13 ਸਾਲ ਦੀ ਸਜ਼ਾ ਹੋਈ ਸੀ। ਰਿਹਾਈ ਤੋਂ ਬਾਅਦ ਉਹ ਰੇਹੜੀ-ਫੜ੍ਹੀ ਦਾ ਕੰਮ ਕਰ ਕੇ ਰੋਜ਼ੀ-ਰੋਟੀ ਕਮਾਉਂਦਾ ਸੀ।
ਹਰਦੋਈ ਦੇ ਐਸਪੀ ਨੀਰਜ ਕੁਮਾਰ ਜਾਦੌਨ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਅਤੇ ਚਸ਼ਮਦੀਦਾਂ ਦੇ ਬਿਆਨਾਂ ਦੇ ਆਧਾਰ 'ਤੇ 18 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧ ਵਿੱਚ ਬੇਨੀਗੰਜ ਪੁਲੀਸ ਸਟੇਸ਼ਨ ਵਿੱਚ 12 ਪਛਾਤੇ ਅਤੇ 25 ਤੋਂ 30 ਅਣਪਛਾਤੇ ਵਿਅਕਤੀਆਂ ਦੇ ਖਿਲਾਫ ਬੀਐਨਐਸ ਦੀਆਂ 190 (ਗੈਰਕਾਨੂੰਨੀ ਇਕੱਠ), 191 (ਦੰਗੇ) ਅਤੇ 103 (ਕਤਲ) ਸਮੇਤ ਹੋਰ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਜਾਂਚ ਦੌਰਾਨ ਛੇ ਹੋਰ ਵਿਅਕਤੀਆਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪਿੰਡ ਵਿੱਚ ਭਾਰੀ ਪੁਲੀਸ ਤਾਇਨਾਤ ਕੀਤੀ ਗਈ ਹੈ।
ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਹਮਲਾਵਰਾਂ ਨੇ ਪੁਲੀਸ ਮੁਲਾਜ਼ਮਾਂ ਦੀ ਮੌਜੂਦਗੀ ਵਿੱਚ ਵੀ ਬਿਨਾਂ ਕਿਸੇ ਡਰ ਦੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਮ੍ਰਿਤਕ ਦੀ ਪੋਸਟਮਾਰਟਮ ਰਿਪੋਰਟ 'ਚ ਗੁੱਝੀਆਂ ਸੱਟਾਂ ਦਾ ਖੁਲਾਸਾ ਹੋਇਆ ਹੈ। ਪੁਲਸ ਘਟਨਾ 'ਚ ਸ਼ਾਮਲ ਹੋਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ