ਜੰਮੂ-ਕਸ਼ਮੀਰ ਦੇ ਭਾਜਪਾ ਆਗੂ ਦੀ ਸੁਰੱਖਿਆ ਜਵਾਨਾਂ ਨਾਲ ‘ਅਸੰਵੇਦਨਸ਼ੀਲ’ ਰੀਲ ਵਿਰੋਧੀਆਂ ਦੇ ਨਿਸ਼ਾਨੇ ’ਤੇ ਆਈ
ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 5 ਮਈ
ਭਾਜਪਾ ਦੇ ਸੀਨੀਅਰ ਨੇਤਾ ਅਤੇ ਜੰਮੂ-ਕਸ਼ਮੀਰ ਦੇ ਸਾਬਕਾ ਸੂਬਾ ਪ੍ਰਧਾਨ ਰਵਿੰਦਰ ਰੈਣਾ ਨੂੰ ਹਥਿਆਰਬੰਦ ਸੁਰੱਖਿਆ ਮੁਲਾਜ਼ਮਾਂ ਨਾਲ ਬਰਫ਼ ਵਿੱਚੋਂ ਭੱਜਦੇ ਹੋਏ ਆਪਣੀ ਇਕ ਵੀਡੀਓ ਪੋਸਟ ਕਰਨ ਕਾਰਨ ਵਿਰੋਧੀ ਪਾਰਟੀਆਂ ਤੇ ਲੋਕਾਂ ਵੱਲੋਂ ਤਿੱਖੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਰੀਲ ਫਿਲਮ ‘ਗੁਲਾਲ’ ਦੇ ਤਿੱਖੇ ਗੀਤ 'ਆਰੰਭ ਹੈ ਪ੍ਰਚੰਡ' ਨਾਲ ਸੈੱਟ ਕੀਤੀ ਗਈ ਹੈ ਤੇ ਇਸ ਨੂੰ ਸੋਸ਼ਲ ਮੀਡੀਆ 'ਤੇ "ਜੈ ਹਿੰਦ" ਕੈਪਸ਼ਨ ਨਾਲ ਸਾਂਝਾ ਕੀਤਾ ਗਿਆ ਸੀ।
ਵੀਡੀਓ ਵਿੱਚ ਰੈਣਾ ਨੂੰ ਆਪਣੇ ਪਿੱਛੇ ਘੱਟੋ-ਘੱਟ ਛੇ ਸੁਰੱਖਿਆ ਮੁਲਾਜ਼ਮਾਂ ਨਾਲ ਭੱਜਦਿਆਂ (jogging ਕਰਦਿਆਂ) ਅਤੇ ਮੁਸਕਰਾਉਂਦੇ ਦਿਖਾਇਆ ਗਿਆ ਹੈ। ਇਸ ਗੀਤ ਦਾ ਵਿਸ਼ਾ-ਵਸਤੂ ਭਾਵੇਂ ਦੇਸ਼ ਭਗਤੀ ਜਾਂ ਪ੍ਰੇਰਣਾਦਾਇਕ ਸੰਦੇਸ਼ ਦੇ ਤੌਰ 'ਤੇ ਲਿਖਿਆ ਗਿਆ ਹੋ ਸਕਦਾ ਹੈ, ਪੋਸਟ ਦੇ ਸਮੇਂ ਭਾਵ ਇਸ ਨੂੰ ਪਹਿਲਗਾਮ ਵਿੱਚ ਹੋਏ ਭਿਆਨਕ ਅੱਤਵਾਦੀ ਹਮਲੇ ਤੋਂ ਮਹਿਜ਼ ਦੋ ਹਫ਼ਤਿਆਂ ਤੋਂ ਵੀ ਘੱਟ ਸਮੇਂ ਦੌਰਾਨ ਸਾਂਝੀ ਕੀਤੇ ਜਾਣ ਦੀ ਕਾਰਵਾਈ ਨੇ ਗੁੱਸਾ ਭੜਕਾਇਆ ਹੈ।
ਗ਼ੌਰਤਲਬ ਹੈ ਕਿ ਬੀਤੀ 22 ਅਪਰੈਲ ਨੂੰ ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਸੈਲਾਨੀ ਕੇਂਦਰ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਵਿੱਚ 26 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਉਥੇ ਘੁੰਮਣ ਆਏ ਸੈਲਾਨੀ ਸਨ।
ਸੀਨੀਅਰ ਕਾਂਗਰਸ ਨੇਤਾ ਸੁਪ੍ਰੀਆ ਸ੍ਰੀਨੇਤ ਨੇ ਵੀਡੀਓ ਦੀ ਆਲੋਚਨਾ ਕੀਤੀ ਤੇ ਇਸਨੂੰ ਹਾਲ ਹੀ ਵਿੱਚ ਵਾਪਰੀ ਦੁਖਾਂਤ ਦੇ ਮੱਦੇਨਜ਼ਰ ‘ਅਸੰਵੇਦਨਸ਼ੀਲ’ ਕਰਾਰ ਦਿੱਤਾ। ਉਨ੍ਹਾਂ ਇਕ ਬਿਆਨ ਵਿਚ ਕਿਹਾ, "ਲੋਕਾਂ ਨੇ ਆਪਣੇ ਪੁੱਤਰ, ਪਿਤਾ ਅਤੇ ਪਤੀ ਗੁਆ ਲਏ ਹਨ। ਅਤੇ ਇਹ ਵਿਅਕਤੀ ਰੀਲਾਂ 'ਤੇ ਸ਼ੂਟਿੰਗ ਕਰ ਰਿਹਾ ਹੈ? ਸੁਰੱਖਿਆ ਕਰਮਚਾਰੀਆਂ ਦੀ ਦੁਰਵਰਤੋਂ ਕਰ ਰਿਹਾ ਹੈ? ਕੀ ਇਹ ਭਾਜਪਾ ਦਾ ਕਿਰਦਾਰ ਹੈ?"
ਉਨ੍ਹਾਂ ਆਪਣੇ ਬਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਜੇਪੀ ਨੱਡਾ ਦੀ ਇਸ ਮਾਮਲੇ 'ਤੇ ਖ਼ਾਮੋਸ਼ੀ 'ਤੇ ਵੀ ਸਵਾਲ ਉਠਾਏ ਹਨ।
ਸ਼ਿਵ ਸੈਨਾ (ਯੂਬੀਟੀ) ਦੀ ਸੰਸਦ ਮੈਂਬਰ ਪ੍ਰਿਯੰਕਾ ਚਤੁਰਵੇਦੀ ਨੇ ਵੀਡੀਓ 'ਤੇ ਤਨਜ਼ ਕਰਦਿਆਂ ਕਿਹਾ, "ਜੇ ਤੁਹਾਡੇ ਕੋਲ ਅਜਿਹੀ ਸੁਰੱਖਿਆ ਹੈ, ਤਾਂ ਤੁਸੀਂ ਜ਼ਰੂਰ ਰੀਲਾਂ ਬਣਾਓ। ਸੁਰੱਖਿਆ ਬਲ ਸਰਹੱਦਾਂ ਦੀ ਰਾਖੀ ਬਾਅਦ ਵਿੱਚ ਕਰ ਸਕਦੇ ਹਨ - ਪਹਿਲਾਂ ਭਾਜਪਾ ਨੇਤਾਵਾਂ ਨੂੰ ਸੁਰੱਖਿਆ ਮਿਲਣੀ ਚਾਹੀਦੀ ਹੈ।"
ਕਾਂਗਰਸ ਦੀ ਕੇਰਲ ਇਕਾਈ ਨੇ ਵੀ ਭਾਜਪਾ ਨੇਤਾਵਾਂ ਨੂੰ ਦਿੱਤੀ ਜਾਣ ਵਾਲੀ ਸੁਰੱਖਿਆ ਦੀ ਤੁਲਨਾ ਪਹਿਲਗਾਮ ਵਰਗੇ ਸੈਲਾਨੀ ਕੇਂਦਰਾਂ 'ਤੇ ਲੋੜੀਂਦੀ ਸੁਰੱਖਿਆ ਦੀ ਸਪੱਸ਼ਟ ਘਾਟ ਨਾਲ ਕੀਤੀ। ਪਾਰਟੀ ਦੇ ਸੋਸ਼ਲ ਮੀਡੀਆ ਹੈਂਡਲ ਨੇ ਕਿਹਾ, "ਜਿੱਥੇ 2,000 ਤੋਂ ਵੱਧ ਸੈਲਾਨੀ ਆਉਂਦੇ ਹਨ, ਉੱਥੇ ਇੱਕ ਵੀ ਪੁਲੀਸ ਜਾਂ ਫੌਜੀ ਜਵਾਨ ਤਾਇਨਾਤ ਨਹੀਂ ਸੀ। ਦਹਿਸ਼ਤਗਰਦਾਂ ਖ਼ਿਲਾਫ਼ ਇੱਕ ਵੀ ਗੋਲੀ ਨਹੀਂ ਚਲਾਈ ਗਈ।"
ਰੈਣਾ ਨੇ ਆਲੋਚਨਾ ਦਾ ਜਨਤਕ ਤੌਰ 'ਤੇ ਹਾਲੇ ਤੱਕ ਕੋਈ ਜਵਾਬ ਨਹੀਂ ਦਿੱਤਾ ਹੈ।