ਪਹਿਲਗਾਮ ਹਮਲਾ: ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਰਾਜਾਂ ਨੂੰ 7 ਮਈ ਨੂੰ ਗੈਰ-ਫੌਜੀ ਰੱਖਿਆ ਮੌਕ ਡਰਿੱਲ ਕਰਨ ਦੀ ਹਦਾਇਤ
ਅਦਿੱਤੀ ਟੰਡਨ
ਨਵੀਂ ਦਿੱਲੀ, 5 ਮਈ
ਪਹਿਲਗਾਮ ਦਹਿਸ਼ਤੀ ਹਮਲੇ ਦੀ ਜਵਾਬੀ ਕਾਰਵਾਈ ਦੀ ਤਿਆਰੀ ਵਜੋਂ ਸਰਕਾਰ ਨੇ ਸੋਮਵਾਰ ਨੂੰ ਕਈ ਰਾਜਾਂ ਨੂੰ ਗੈਰ-ਫੌਜੀ ਰੱਖਿਆ ਸਮਰੱਥਾਵਾਂ ਅਤੇ ਇਸ ਦੀ ਕਾਰਗਰਤਾ ਦੀ ਜਾਂਚ ਲਈ 7 ਮਈ ਨੂੰ ਮੌਕ ਡਰਿੱਲ ਕਰਨ ਵਾਸਤੇ ਕਿਹਾ ਹੈ। ਕੇਂਦਰ ਸਰਕਾਰ ਨੇ ਜਿਨ੍ਹਾਂ ਬਹੁਤੇ ਰਾਜਾਂ ਨੂੰ ਆਪਣੀ ਤਿਆਰੀ ਦੀ ਅਜ਼ਮਾਇਸ਼ ਲਈ ਕਿਹਾ ਹੈ, ਉਹ ਜਾਂ ਤਾਂ ਸਰਹੱਦ ’ਤੇ ਹਨ ਜਾਂ ਸਰਹੱਦ ਨੇੜੇ ਹਨ।
ਸਿਖਰਲੇ ਅਧਿਕਾਰਤ ਸੂਤਰਾਂ ਨੇ ਕਿਹਾ, ‘‘ਗ੍ਰਹਿ ਮੰਤਰਾਲੇ ਨੇ ਕਈ ਰਾਜਾਂ ਨੂੰ 7 ਮਈ ਨੂੰ ਪ੍ਰਭਾਵਸ਼ਾਲੀ ਸਿਵਲ ਰੱਖਿਆ ਲਈ ਅਭਿਆਸ ਕਰਨ ਵਾਸਤੇ ਕਿਹਾ ਹੈ।’’ ਇਸ ਮਸ਼ਕ ਦੇ ਹਿੱਸੇ ਵਜੋਂ ਹਵਾਈ ਹਮਲੇ ਦੀ ਚੇਤਾਵਨੀ ਦੇਣ ਵਾਲੇ ਸਾਇਰਨ ਵਜਾਉਣਾ; ਦੁਸ਼ਮਣ ਮੁਲਕ ਵੱਲੋਂ ਹਮਲੇ ਦੀ ਸੂਰਤ ਵਿੱਚ ਆਪਣੀ ਰੱਖਿਆ ਕਰਨ ਲਈ ਨਾਗਰਿਕਾਂ, ਵਿਦਿਆਰਥੀਆਂ ਨੂੰ ਸਿਵਲ ਰੱਖਿਆ ਪਹਿਲੂਆਂ ਬਾਰੇ ਸਿਖਲਾਈ ਦੇਣਾ; ਕਰੈਸ਼ ਬਲੈਕ-ਆਊਟ ਉਪਾਵਾਂ ਦੀ ਵਿਵਸਥਾ; ਮਹੱਤਵਪੂਰਨ ਪਲਾਂਟਾਂ ਅਤੇ ਸਥਾਪਨਾਵਾਂ ਦੇ ਜਲਦੀ ਨਿਕਾਸੀ ਅਤੇ ਨਿਕਾਸੀ ਯੋਜਨਾ ਨੂੰ ਅਪਡੇਟ ਕਰਨ ਅਤੇ ਰਿਹਰਸਲ ਦਾ ਪ੍ਰਬੰਧ ਜਿਹੇ ਉਪਾਅ ਸ਼ਾਮਲ ਹਨ।