ਨਵੇਂ ਸੀਬੀਆਈ ਡਾਇਰੈਕਟਰ ਦੀ ਨਿਯੁਕਤੀ ਲਈ ਕਵਾਇਦ ਸ਼ੁਰੂ
ਅਨਿਮੇਸ਼ ਸਿੰਘ
ਨਵੀਂ ਦਿੱਲੀ, 5 ਮਈ
ਨਵੇਂ ਸੀਬੀਆਈ ਡਾਇਰੈਕਟਰ ਦੀ ਨਿਯੁਕਤੀ ਲਈ ਕਵਾਇਦ ਸ਼ੁਰੂ ਹੋ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਸੀਬੀਆਈ ਡਾਇਰੈਕਟਰ ਦੀ ਨਿਯੁਕਤੀ ਲਈ ਗਠਿਤ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਬੈਠਕ ਵਿਚ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਤੇ ਭਾਰਤ ਦੇ ਚੀਫ਼ ਜਸਟਿਸ ਸੰਜੀਵ ਖੰਨਾ ਵੀ ਸ਼ਾਮਲ ਹੋਏ। ਮੀਟਿੰਗ ਸੋਮਵਾਰ ਸ਼ਾਮ ਨੂੰ ਇਥੇ ਪ੍ਰਧਾਨ ਮੰਤਰੀ ਦਫ਼ਤਰ ਵਿਚ ਹੋਈ।
ਚੇਤੇ ਰਹੇ ਕਿ ਮੌਜੂਦਾ ਸੀਬੀਆਈ ਡਾਇਰੈਕਟਰ ਪ੍ਰਵੀਨ ਸੂਦ ਦਾ ਦੋ ਸਾਲ ਦਾ ਕਾਰਜਕਾਲ 25 ਮਈ ਨੂੰ ਸਮਾਪਤ ਹੋ ਰਿਹਾ ਹੈ। ਕਰਨਾਟਕ ਕੇਡਰ ਦੇ 1986 ਬੈਚ ਦੇ ਆਈਪੀਐਸ ਅਧਿਕਾਰੀ ਸੂਦ ਆਪਣੀ ਨਿਯੁਕਤੀ ਤੋਂ ਪਹਿਲਾਂ ਰਾਜ ਦੇ ਪੁਲੀਸ ਮੁਖੀ (ਡੀਜੀਪੀ) ਸਨ। ਉਨ੍ਹਾਂ ਨੇ 25 ਮਈ, 2023 ਨੂੰ ਪ੍ਰਮੁੱਖ ਜਾਂਚ ਏਜੰਸੀ ਦੇ ਡਾਇਰੈਕਟਰ ਵਜੋਂ ਅਹੁਦਾ ਸੰਭਾਲਿਆ ਸੀ।
ਕਾਬਿਲੇਗੌਰ ਹੈ ਕਿ ਸੀਬੀਆਈ ਮੁਖੀ ਆਮ ਕਰਕੇ 62 ਸਾਲ ਦੀ ਉਮਰ ਵਿੱਚ ਸੇਵਾਮੁਕਤ ਹੁੰਦਾ ਹੈ ਤੇ ਉਸ ਦਾ ਕਾਰਜਕਾਲ ਦੋ ਸਾਲ ਹੁੰਦਾ ਹੈ। ਇਸ ਅਹੁਦੇ ਲਈ ਸੰਭਾਵੀ ਉਮੀਦਵਾਰਾਂ ਵਿੱਚ ਬੀਐੱਸਐੱਫ ਦੇ ਡੀਜੀ ਦਲਜੀਤ ਸਿੰਘ ਚੌਧਰੀ ਵੀ ਸ਼ਾਮਲ ਹਨ, ਜੋ ਕਿ ਉੱਤਰ ਪ੍ਰਦੇਸ਼ ਕੇਡਰ ਦੇ 1990 ਬੈਚ ਦੇ ਆਈਪੀਐੱਸ ਅਧਿਕਾਰੀ ਹਨ। ਉਨ੍ਹਾਂ ਨੇ ਪਿਛਲੇ ਸਾਲ ਅਗਸਤ ਵਿੱਚ ਬੀਐੱਸਐੱਫ ਮੁਖੀ ਦਾ ਅਹੁਦਾ ਸੰਭਾਲਿਆ ਸੀ। ਉਹ ਇਸ ਸਾਲ 23 ਨਵੰਬਰ ਨੂੰ ਸੇਵਾਮੁਕਤ ਹੋਣ ਵਾਲੇ ਹਨ।
ਆਰਐਸ ਭੱਟੀ ਵੀ ਬਿਹਾਰ ਕੇਡਰ ਦੇ 1990 ਬੈਚ ਦੇ ਆਈਪੀਐਸ ਅਧਿਕਾਰੀ ਹਨ। ਉਨ੍ਹਾਂ ਨੇ ਵੀ ਪਿਛਲੇ ਸਾਲ ਅਗਸਤ ਵਿੱਚ ਡੀਜੀ ਸੀਆਈਐੱਸਐੱਫ ਦਾ ਅਹੁਦਾ ਸੰਭਾਲਿਆ ਸੀ ਅਤੇ ਇਸ ਸਾਲ 27 ਸਤੰਬਰ ਨੂੰ ਸੇਵਾਮੁਕਤ ਹੋ ਜਾਣਗੇ।
ਦਿੱਲੀ ਪੁਲੀਸ ਦੇ ਕਮਿਸ਼ਨਰ ਸੰਜੇ ਅਰੋੜਾ 1988 ਬੈਚ ਦੇ ਤਾਮਿਲਨਾਡੂ ਕੇਡਰ ਦੇ ਆਈਪੀਐੱਸ ਅਧਿਕਾਰੀ ਹਨ ਅਤੇ ਉਨ੍ਹਾਂ ਨੇ 1 ਅਗਸਤ, 2022 ਨੂੰ ਅਹੁਦਾ ਸੰਭਾਲਿਆ ਸੀ। ਉਹ 31 ਜੁਲਾਈ, 2025 ਨੂੰ ਸੇਵਾਮੁਕਤ ਹੋਣ ਵਾਲੇ ਹਨ।